Saturday, April 11, 2026

ਲਾਹੌਰ ਵਿਚ ਹਿੰਦੂ ਮੰਦਰਾਂ ਦੀਆਂ ਖੰਡਿਤ ਮੂਰਤੀਆਂ ਕੂਕੂਜ਼ ਰੇਸਟੋਰੇਂਟ ਵਿਚ ਸੁਰੱਖਿਅਤ-ਕੋਛੜ

ਇਕ ਮੁਸਲਿਮ ਵੇਸਵਾ ਪੁੱਤਰ ਦੇ ਰਿਹਾ ਹੈ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਸੁਰੱਖਿਆ

Coco's Restaurant Lahore1
ਅੰਮ੍ਰਿਤਸਰ, 10 ਜੁਲਾਈ (ਪ.ਪ) – ਲਾਹੌਰ ਦੀ ਸ਼ਾਹੀ ਮਸਜਿਦ ਦੇ ਪਿਛਲੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਹੋਟਲ ਫ਼ੋਰਟ ਵਿਉ ਦੇ ਨਾਲ ਲਗਦੇ ਕੂਕੂਜ਼ ਰੇਸਟੋਰੇਂਟ ਦੀ  ਛੱਤ ‘ਤੇ ਲਟਕਦਾ ਪਿੱਤਲ ਦਾ ਵੱਡਾ ਜਿਹਾ ਟੱਲ ਅਤੇ ਅੰਦਰ ਵੜਦਿਆਂ ਹੀ ਸਾਹਮਣੇ ਸਥਿਤ ਹਨੂਮਾਨ ਜੀ, ਗਣੇਸ਼, ਸ਼ਿਵ, ਰਾਮ ਦਰਬਾਰ, ਰਾਧਾ-ਕ੍ਰਿਸ਼ਨ ਅਤੇ ਮਹਾਤਮਾ ਬੁੱਧ ਦੀਆਂ ਪੱਥਰ ਅਤੇ ਹੋਰਨਾਂ ਧਾਤੂਆਂ ਦੀਆਂ ਵੱਡੀ ਗਿਣਤੀ ਵਿਚ ਪਈਆਂ ਮੂਰਤੀਆਂ ਨੂੰ ਵੇਖ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ।ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਜਿਹੇ ਕੱਟੜ ਇਸਲਾਮਿਕ ਸਮਝੇ ਜਾਨ ਵਾਲੇ ਦੇਸ਼ ਵਿਚ ਜਿੱਥੇ ਬੁੱਤਪ੍ਰਸਤਾਂ ਨੂੰ ਗੁਨਹਗਾਰ ਮੰਨਦੇ ਹੋਏ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਦੇ ਪ੍ਰਤੀ ਸਿਰਫ਼ ਨਫ਼ਰਤ ਹੀ ਨਫ਼ਰਤ ਹੋਵੇ, ਉਥੇ ਇਕ ਸਾਥ, ਇਕ ਹੀ ਸਥਾਨ ‘ਤੇ ਐਨੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਵੇਖਣਾ ਕਿਸੇ ਅਚੰਭੇ ਤੋਂ ਘੱਟ ਨਹੀਂ ਹੋ ਸਕਦਾ।
ਸ਼੍ਰੀ ਕੋਛੜ ਦੇ ਅਨੁਸਾਰ ਰੇੱਡ-ਲਾਈਟ ਘੋਸ਼ਿਤ ਕੀਤੇ ਇਲਾਕੇ ਹੀਰਾ ਮੰਡੀ ਵਿਚ ਮੌਜੂਦ ਚਾਰ ਮੰਜ਼ਲਾਂ ਕੂਕੂਜ਼ ਰੇਸਟੋਰੇਂਟ ਦੇ ਮਾਲਕ ਚਿੱਤਰਕਾਰ ਪ੍ਰੋ. ਇਕਬਾਲ ਹੁਸੈਨ ਰੇਸਟੋਰੇਂਟ ਵਿਚ ਪਈਆਂ ਤਮਾਮ ਮੂਰਤੀਆਂ ਨੂੰ ਆਪਣੀ ਵਿਰਾਸਤ ਦਾ ਹਿੱਸਾ ਮੰਨਦੇ ਹਨ ਅਤੇ ਇਸ ਵਿਰਾਸਤ ਨੂੰ ਸਮੇਟਣ ਲਈ ਉਹਨਾਂ ਨੂੰ ਕਈ ਵਾਰ ਆਪਣੀ ਜਾਨ ਵੀ ਖ਼ਤਰੇ ਵਿਚ ਪਾਉਣੀ ਪਈ ਹੈ।ਸ਼੍ਰੀ ਕੋਛੜ ਦੱਸਦੇ ਹਨ ਕਿ ਕੂਕੂਜ਼ ਰੈਸਟੋਰੇਂਟ ਵਿਚ ਰੱਖੀਆਂ ਗਈਆਂ ਇਹ ਸਾਰੀਆਂ ਮੂਰਤੀਆਂ ਲਾਹੌਰ ਵਿਚ ਨਫ਼ਰਤ ਦੀ ਭੇਟ ਚੜ੍ਹ ਚੁਕੇ ਮੰਦਰਾਂ-ਸ਼ਿਵਾਲਿਆਂ ਦੀਆਂ ਹਨ।ਦੇਸ਼ ਦੀ ਵੰਡ ਸਮੇਂ ਅਤੇ ਭਾਰਤ ਵਿਚ ਉੱਠੇ ਬਾਬਰੀ ਮਸਜਿਦ ਵਿਵਾਦ ਦੇ ਚਲਦਿਆਂ ਇਨ੍ਹਾਂ ਮੂਰਤੀਆਂ ਨੂੰ ਮੰਦਰਾਂ ਵਿਚੋਂ ਚੁੱਕ ਕੇ ਸੜਕਾਂ ‘ਤੇ ਸੁੱਟ ਦਿੱਤਾ ਗਿਆ ਸੀ।ਇਸ ਲਈ ਇਥੇ ਪਈਆਂ ਜ਼ਿਆਦਾਤਰ ਮੂਰਤੀਆਂ ਦੇ ਸਿਰ ਧੜਾਂ ਤੋਂ ਅਲਗ ਹਨ, ਕਈਆਂ ਦੀਆਂ ਬਾਹਵਾਂ ਗਾਇਬ ਹਨ ਅਤੇ ਕਈਆਂ ਦੀ ਹਾਲਤ ਐਨੀ ਖ਼ਸਤਾ ਹੋ ਚੁਕੀ ਹੈ ਕਿ ਇਹ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਮੂਰਤੀ ਕਿਸ ਦੇਵੀ ਜਾਂ ਦੇਵਤੇ ਦੀ ਹੈ।ਸ਼੍ਰੀ ਕੋਛੜ ਦੇ ਅਨੁਸਾਰ ਰੇਸਟੋਰੇਂਟ ਵਿਚ ਮੌਜੂਦ ਮੂਰਤੀਆਂ ਵਿਚੋਂ ਕੁਝ ਨੂੰ ਇਕਬਾਲ  ਨੇ ਸੜਕਾਂ ‘ਤੇ ਲੱਗੇ ਕੂੜੇ ਦੇ ਢੇਰਾਂ ‘ਚੋਂ ਇਕਠਾ ਕੀਤਾ ਹੈ ਅਤੇ ਕੁਝ ਨੂੰ ਉਸ ਨੇ ਮੰਦਰਾਂ ਨੂੰ ਢਾਹੁਣ ਸਮੇਂ ਇਨ੍ਹਾਂ ਮੂਰਤੀਆਂ ਨੂੰ ਤੋੜਨ ਵਾਲਿਆਂ ਤੋਂ ਖਰੀਦ ਲਿਆ, ਜਦੋਂਕਿ ਕੁੱਝ ਮੂਰਤੀਆਂ ਕੁੱਝ ਲੋਕ ਖ਼ੁਦ ਹੀ ਰਾਤ ਦੇ ਹਨੇਰੇ ਵਿਚ ਉਸ ਦੇ ਰੇਸਟੋਰੇਂਟ ਦੇ ਅੱਗੇ ਰੱਖ ਗਏ।
ਸ਼੍ਰੀ ਕੋਛੜ ਦੇ ਅਨੁਸਾਰ ਪਰਿਵਾਰ ਬਾਰੇ ਪੁੱਛਣ ‘ਤੇ ਇਕਬਾਲ ਬੇ-ਝਿਜਕ ਹੋ ਕੇ ਦੱਸਦਾ ਹੈ ਕਿ ਉਸ ਦੀ ਮਾਂ ਨਵਾਬ ਬੇਗਮ ਅਤੇ ਭੈਣ ਹੀਰਾ ਮੰਡੀ ਵਿਚ ਤਵਾਇਫ਼ਾਂ ਹਨ ਅਤੇ ਉਹਨਾਂ ਪਾਸੋਂ ਹੀ ਮਿਲੀ ਆਰਥਿਕ ਮਦਦ ਨਾਲ ਇਹ ਰੈਸਟੋਰੇਂਟ ਸ਼ੁਰੂ ਕੀਤਾ ਗਿਆ ਹੈ।ਸ਼੍ਰੀ ਕੋਛੜ ਦੱਸਦੇ ਹਨ ਕਿ ਚਿੱਤਰਕਾਰ ਪ੍ਰੋ. ਇਕਬਾਲ  ਹੁਸੈਨ ਦੀ ਹੀਰਾ ਮੰਡੀ ਦੀਆਂ ਤਵਾਇਫ਼ਾਂ ਪ੍ਰਤੀ ਹਮਦਰਦੀ ਉਸ ਦੀ ਚਿਤਰਕਾਰੀ ਵਿਚੋਂ ਵੀ ਸਾਫ਼ ਝਲਕਦੀ ਵਿਖਾਈ ਦੇ ਜਾਂਦੀ ਹੈ।ਇਹਨਾਂ ਤਵਾਇਫ਼ਾਂ ਦੇ ੫੦੦ ਤੋਂ ਵਧੇਰੇ ਚਿੱਤਰ ਬਣਾ ਚੁੱਕੇ ਇਸ ਚਿੱਤਰਕਾਰ ਨੇ ਆਪਣੀਆਂ ਪੇਂਟਿੰਗਜ਼ ਵਿਚ ਹੀਰਾ ਮੰਡੀ ਦੀਆਂ ਤਵਾਇਫ਼ਾਂ ਦੀ ਮਾਨਸਿਕ ਸੋਚ ਅਤੇ ਉਨਾਂ ਨੂੰ ਉਹਨਾਂ ਦੀ ਸਵੈ-ਇੱਛਾ ਵਿਰੁੱਧ ਕੀਤੇ ਜਾ ਰਹੇ ਬੇਆਬਰੂ ਹੋਣ ਦਾ ਦਰਦ ਬਖ਼ੂਬੀ ਢੰਗ ਨਾਲ ਪੇਸ਼ ਕੀਤਾ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply