ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚਣ ‘ਤੇ ਹੋਇਆ ਭਰਵਾਂ ਸਵਾਗਤ
ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੇਡਾਂ, ਸੱਭਿਆਚਾਰ ਅਤੇ ਅਕਾਦਮਿਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਆਪਣੇ ਵਿਦਿਆਰਥੀਆਂ ਦਾ ਮਾਣ ਸਨਮਾਨ ਕਰਨਾ ਕਦੇ ਨਹੀਂ ਭੁੱਲਦਾ। ਇਸੇ ਲਈ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ 10+1 ਆਰਟਸ ਦੇ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਵੁਸ਼ੂ ਖਿਡਾਰੀ ਦਵਿੰਦਰ ਸਿੰਘ ਦਾ ਜਾਰਜੀਆ ਵਿਖੇ ਹੋਈ 8ਵੀਂ ਅੰਤਰਰਾਸ਼ਟਰੀ ਵੁਸ਼ੂ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚਣ ‘ਤੇ ਅੱਜ ਭਰਵਾਂ ਸਵਾਗਤ ਕੀਤਾ ਗਿਆ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰਜ਼, ਸੰਸਥਾ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਦਵਿੰਦਰ ਸਿੰਘ, ਉਸਦੇ ਮਾਪਿਆਂ ਅਤੇ ਕੋਚ ਦਾ ਨਿੱਘਾ ਸਵਾਗਤ ਕੀਤਾ । ਢੋਲ ਦੀ ਤਾਲ ‘ਤੇ ਖਿਡਾਰੀ ਦਵਿੰਦਰ ਸਿੰਘ ਨੂੰ ਖੁੱਲੀ ਜੀਪ ਵਿੱਚ ਸੰਸਥਾ ਦੇ ਮੁੱਖ ਸੈਮੀਨਾਰ ਹਾਲ ਤੱਕ ਲਿਜਾਇਆ ਗਿਆ ਅਤੇੇ ਰਸਤੇ ਵਿੱਚ ਸਕੂਲ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਫੁੱਲ ਵਰਸਾਏ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਜੇਤੂ ਖਿਡਾਰੀ, ਉਸਦੇ ਕੋਚ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਇਸ ਹੋਣਹਾਰ ਖਿਡਾਰੀ ਨੇ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਜਾਰਜੀਆ ਵਿਖੇ ਹੋਈ 8ਵੀਂ ਅੰਤਰਰਾਸ਼ਟਰੀ ਵੁਸ਼ੂ ਚੈਂਪੀਅਨਸ਼ਿਪ ਵਿੱਚ ਤੀਜੀ ਪੁਜੀਸ਼ਨ ਹਾਸਲ ਕਰਕੇ ਦੀ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਅਤੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ। ਉਹਨਾਂ ਨੇ ਇਸ ਅਹਿਮ ਪ੍ਰਾਪਤੀ ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਦਵਿੰਦਰ ਸਿੰਘ ਲਈ ਇਸ ਸੰਸਥਾ ਵਿੱਚ ਅਗਲੇਰੀ ਪੜ੍ਹਾਈ ਬਿਲਕੁਲ ਮੁਫ਼ਤ ਕਰਨ ਦਾ ਐਲਾਨ ਵੀ ਕੀਤਾ ਅਤੇ ਸੰਸਥਾ ਵੱਲੋਂ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਕਹੀ। ਉਹਨਾਂ ਨੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਸ਼ੇਸ਼ ਤੌਰ ‘ਤੇ ਸਕੂਲ ਦੇ ਸਪੋਰਟਸ ਇੰਚਾਰਜ ਜਤਿੰਦਰ ਕੁਮਾਰ ਨੂੰ ਖਿਡਾਰੀ ਦਵਿੰਦਰ ਸਿੰਘ ਦੀ ਇਸ ਅਹਿਮ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਹੋਣਹਾਰ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਸੰਸਥਾ, ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇਗਾ।
ਇਸ ਮੌਕੇ ‘ਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਉਸ਼ਨਜ਼ ਵੱਲੋਂ ਅੰਤਰਰਾਸ਼ਟਰੀ ਵੁਸ਼ੂ ਖਿਡਾਰੀ ਦਵਿੰਦਰ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਵਿਚਾਰ ਸਾਂਝੇ ਕਰਦਿਆਂ ਦਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪਿੰਡ ਬੁੱਟਰ ਬਖੂਹਾ ਹੈ ਅਤੇ ਉਹ ਕੇਸਰੀ ਹਿੰਦ ਸ. ਕਰਤਾਰ ਸਿੰਘ ਪਹਿਲਵਾਨ ਦੇ ਖਾਨਦਾਨ ਨਾਲ ਸੰਬੰਧ ਰੱਖਦਾ ਹੈ । ਉਸ ਨੇ ਅੱਗੇ ਦੱਸਿਆ ਕਿ ਉਹ ਜੂਨੀਅਰ ਵਿੰਗ ਦੇ ਵੁਸ਼ੂ ਖਿਡਾਰੀ ਵਜੋਂ ਜਾਰਜੀਆਂ ਵਿਖੇ ਗਿਆ ਪਰ ਉਥੇ 80 ਕਿਲੋ ਦੇ ਭਾਰ ਵਰਗ ਦੇ ਸੀਨੀਅਰ ਵਿੰਗ ਵਿੱਚ ਹਿੱਸਾ ਲੈ ਕੇ ਆਪਣੀ ਉਮਰ ਤੋਂ ਵੱਡੀ ਉਮਰ ਦੇ ਖਿਡਾਰੀਆਂ ਨੂੰ ਹਰਾਇਆ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ।ਉਸਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਦਿੱਤੇ ਉਮੀਦਾਂ ਤੋਂ ਵੱਡੇ ਮਾਣ ਸਨਮਾਨ ਲਈ ਸੰਸਥਾ ਦੀ ਸਮੁੱਚੀ ਮੈਨੇਜਮੇਂਟ, ਸਕੂਲ ਦੇ ਪ੍ਰਿੰਸੀਪਲ ਸ. ਬਲਜਿੰਦਰ ਸਿੰਘ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੋਚ ਪ੍ਰਦੀਪ ਕੁਮਾਰ ਸ਼ਰਮਾਂ ਨੇ ਵੁਸ਼ੂ ਖੇਡ ਬਾਰੇ ਜਾਣੂ ਕਰਵਾਇਆ ਅਤੇ ਹੋਣਹਾਰ ਖਿਡਾਰੀ ਦਵਿੰਦਰ ਸਿੰਘ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਬਾਰੇ ਚਾਨਣਾ ਪਾਇਆ।ਖਿਡਾਰੀ ਦਵਿੰਦਰ ਸਿੰਘ ਦੇ ਮਾਪਿਆਂ ਨੇ ਵੀ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਉਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਅੱਗੇ ਵੱਧਣ ਲਈ ਦਿੱਤੇ ਜਾਂਦੇ ਮੌਕਿਆਂ, ਸਹਿਯੋਗ ਅਤੇ ਪ੍ਰੇਰਣਾ ਦੀ ਭਰਪੂਰ ਸਲਾਘਾ ਕੀਤੀ।
Punjab Post Daily Online Newspaper & Print Media