
ਹੁਸ਼ਿਆਰਪੁਰ, 15 ਜੁਲਾਈ (ਸਤਵਿੰਦਰ ਸਿੰਘ) – ਬਹੁਜਨ ਸਮਾਜ ਪਾਰਟੀ ਦਾ ਇਕ ਪ੍ਰਤਿਨਿਧੀ ਮੰਡਲ ਦਿਨੇਸ਼ ਕੁਮਾਰ ਪੱਪੂ ਜ਼ਿਲਾ ਸਕੱਤਰ ਬਸਪਾ ਅਤੇ ਸ਼ਹਿਰੀ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅੰਨਦਿਤਾ ਮਿਤਰਾ ਨੂੰ ਮਿਲਿਆ ਜਿਸ ਵਿਚ ਸ਼੍ਰੀ ਮੋਹਨ ਲਾਲ ਸਾਬਕਾ ਪ੍ਰਧਾਨ ਜ਼ਿਲਾ ਬਾਮਸੇਫ ਹੁਸ਼ਿਆਰਪੁਰ, ਸ. ਪਿਆਰਾ ਸਿੰਘ ਰਿਟਾ. ਡਿਪਟੀ ਡਾਈਰੈਕਟਰ ਸਿਵਲ ਸਪਲਾਈ, ਮਨਜੀਤ ਸਿੰਘ ਸੈਕਟਰੀ ਸਿਟੀ ਹੁਸ਼ਿਆਰਪੁਰ, ਰਾਜ ਪਾਲ ਸਿੰਘ ਲੋਹੀਆ ਸਕੱਤਰ ਬਸਪਾ ਹੁਸ਼ਿਆਰਪੁਰ, ਸ਼ਮੀ ਕੁਮਾਰ, ਜੋਨੀ ਵੋਹਰਾ ਸ਼ਾਮਿਲ ਸਨ। ਇਸ ਮੌਕੇ ਬਸਪਾ ਆਗੂਆਂ ਨੇ ਮੰਗ ਕੀਤੀ ਕਿ ਜਿਲਾ ਹੁਸ਼ਿਆਰਪੁਰ ਅੰਦਰ ਸਕੈਨ ਸੈਂਟਰਾਂ ਅਤੇ ਲੈਬੋਰਟਰੀਆਂ ਵਿਚ ਡਾਕਟਰਾਂ ਦੀ ਮਿਲੀ ਭੁਗਤ ਨਾਲ ਵੱਡੇ ਪੱਧਰ ਤੇ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਬਹੁਤੀ ਵਾਰ ਲੋੜ ਤੋਂ ਬਿਨਾ ਹੀ ਕਈ ਕਈ ਟੈਸਟ ਤੇ ਸਕੈਨ ਕਰਵਾ ਰਹੇ ਹਨ। ਹਰ ਸਕੈਨ ਸੈਂਟਰ ਅਤੇ ਲੈਬੋਰਟਰੀਆਂ ਵਿਚ ਸਕੈਨ ਅਤੇ ਟੈਸਟਾਂ ਦੇ ਵੱਖਰੇ-2 ਰੇਟ ਲਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਕੈਨ ਸੈਟਰਾਂ ਅਤੇ ਲੈਬੋਰਟਰੀਆਂ ਵਿਚ ਸਕੈਨ ਅਤੇ ਟੈਸਟਾਂ ਦੇ ਰੇਟ ਨਿਰਧਾਰਤ ਕੀਤੇ ਜਾਣ ਅਤੇ ਸਕੈਨ ਸੈਂਟਰਾਂ ਅਤੇ ਲੈਬੋਰਟਰੀਆਂ ਦੇ ਬਾਹਰ ਰੇਟ ਲਿਸਟ ਲਗਾਈ ਜਾਵੇ। ਜੇਕਰ ਜ਼ਿਲਾ ਪ੍ਰਸ਼ਾਸਨ ਨੇ ਇਕ ਹਫਤੇ ਅੰਦਰ ਇਨ੍ਹਾਂ ਮੰਗਾਂ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਬਸਪਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
Punjab Post Daily Online Newspaper & Print Media