Wednesday, November 4, 2026

ਰੈੱਡ ਕਰਾਸ ਵੱਲੋਂ ਸਿਵਲ ਹਸਪਤਾਲ ਵਿਚ ਖੋਲ੍ਹਿਆ ਜਾਵੇਗਾ ਜਨ ਔਸ਼ੁਧੀ ਕੇਂਦਰ ਡੀ.ਸੀ

PPN12007201507

ਫਾਜ਼ਿਲਕਾ, 20 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਮੰਤਵ ਸਮਾਜ ਦੇ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਅਤੇ ਮਾਲੀ ਮਦਦ ਦੇਣਾ ਹੈ ਤਾਂ ਕਿ ਸਮਾਜ ਦੇ ਅਤਿ ਗਰੀਬ ਅਤੇ ਲੋੜਵੰਦ ਲੋਕਾਂ ਲਈ ਚੰਗਾ ਕੰਮ ਕੀਤਾ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ. ਰਵਿੰਦਰ ਸਿੰਘ ਆਈ.ਏ.ਐਸ.ਨੇ ਸੁਸਾਇਟੀ ਦੀ ਮੀਟਿੰਗ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਮਾਜ ਭਲਾਈ ਦੇ ਕੰਮਾਂ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਸਾਲ 2014-15 ਦੌਰਾਨ 4 ਲੱਖ 99 ਹਜ਼ਾਰ ਦੀਆਂ ਦਵਾਈਆਂ , 4 ਲੱਖ 23 ਹਜ਼ਾਰ ਰੁਪਏ ਦੀ ਟਰਾਈ ਸਾਈਕਲ ਅਤੇ ਵਿਧਵਾਂ ਨੂੰ ਸਲਾਈ ਮਸ਼ੀਨਾਂ ਦੇਣ ਆਦਿ ਦੇ ਕੰਮਾਂ ਤੇ ਰਾਸ਼ੀ ਖਰਚ ਕੀਤੀ ਗਈ ਹੈ। ਮੀਟਿੰਗ ਦੌਰਾਨ ਸਾਲ 2014-15 ਦੌਰਾਨ ਰੈੱਡ ਕਰਾਸ ਸੁਸਾਇਟੀ ਦੇ ਹੋਰਨਾਂ ਖਰਚੇ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਸਾਇਟੀ ਵੱਲੋ ਬਣਾਈ ਜਾ ਰਹੀ ਸਰ੍ਹਾਂ ਨੂੰ ਮੁਕੰਮਲ ਕਰਨ ਬਾਰੇ , ਲੋੜਵੰਦ ਮਰੀਜਾਂ ਦੀ ਸਹੂਲਤ ਲਈ ਐਬੂਲੈਂਸ ਸੇਵਾਵਾਂ ਨੂੰ ਦਰੁਸਤ ਕਰਨ, ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਜਨ ਅਸੌਧੀ ਕੇਂਦਰ ਖੋਲ੍ਹਣ ਬਾਰੇ ਅਤੇ ਜ਼ਿਲ੍ਹੇ ਦੇ ਪਿੰਡ ਆਲਮਗੜ੍ਹ ਵਿਚ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਖੋਲ੍ਹੇ ਗਏ ਪ੍ਰਯਾਸ ਸਕੂਲ ਬਾਰੇ ਵਿਚਾਰ ਚਰਚਾ ਕੀਤੀ ਗਈ।
ਸੁਸਾਇਟੀ ਵੱਲੋਂ ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦੀ ਰੈਗੂਲਰ ਅਤੇ ਬੱਝਵੀਂ ਤਨਖਾਹ ਦੀ ਮੰਗ ਤੇ ਵਿਚਾਰ ਕੀਤਾ ਗਿਆ। ਜਿਸ ਵਿਚ ਤਿੰਨ ਸਾਲ ਤੋਂ ਸੁਸਾਇਟੀ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਪ੍ਰਸਤਾਵ ਪਾਸ ਕੀਤਾ ਗਿਆ। ਇਸ ਮੌਕੇ ਅਬੋਹਰ ਅਤੇ ਜਲਾਲਾਬਾਦ ਵਿਚ ਲੋਕਾਂ ਦੀ ਸਹਾਇਤਾ ਕਰ ਰਹੀਆਂ ਐਂਬੂਲੈਂਸ ਸੇਵਾਵਾਂ ਸਬੰਧੀ ਵੀ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਅਰਨੀਵਾਲਾ ਵਿਚ ਇਕ ਐਂਬੂਲੈਂਸ ਨੂੰ ਸਾਂਝੀ ਥਾਂ ਤੇ ਖੜ੍ਹਾ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ ਤਾਂ ਕਿ ਇਸ ਖੇਤਰ ਦੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ।
ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਐਸ.ਡੀ.ਐਮ. ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਅਵਿਕੇਸ਼ ਗੁਪਤਾ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ, ਸ਼੍ਰੀ ਸੁਭਾਸ਼ ਅਰੋੜਾ ਸਕੱਤਰ ਰੈਡ ਕਰਾਸ ਸੁਸਾਇਟੀ, ਡਾ. ਨਵਦੀਪ ਜਸੂਜਾ, ਡਾ. ਐਸ. ਕੇ ਪ੍ਰਣਾਮੀ, ਸ਼੍ਰੀ ਨਿਵਾਸ ਬਿਹਾਨੀ, ਡਾ. ਦਵਿੰਦਰ ਭੁੱਕਲ, ਡਾ. ਅਮਰ ਲਾਲ ਬਾਘਲਾ,ਸ. ਸਤਿੰਦਰ ਸਿੰਘ ਸਵੀ ਕਾਠਪਾਲ, ਸ. ਗੁਰਪ੍ਰੀਤ ਸਿੰਘ ਲਵਲੀ, ਸ਼੍ਰੀ ਸ਼ੁਸੀਲ ਜੈਨ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply