ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿਸ਼ੇਸ਼ ਵਿਚਾਰ ਵਟਾਂਦਰੇ ਵਿੱਚ ਬਦਲੀ

ਸਮਰਾਲਾ, 21 ਜੁਲਾਈ (ਪ. ਪ) ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਜਿਸ ਵਿੱਚ ਵੀਹ ਤੋਂ ਵਧੇਰੇ ਲੇਖਕਾਂ ਅਤੇ ਵਿਦਵਾਨਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਇੱਕ ਸ਼ੋਕ ਮਤਾ ਪਾਸ ਕਰਕੇ ਪੰਜਾਬੀ ਤੇ ਉਰਦੂ ਸ਼ਾਇਰ ਸਰਦਾਰ ਅੰਜੁਮ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਦੇ ਮਾਮਾ ਸਤਨਾਮ ਸਿੰਘ ਕਲੇਰ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਦੀ ਮੀਟਿੰਗ ਵਿੱਚ ਪਹਿਲੀ ਵਾਰ ਆਏ ਗਾਇਕ ਪਵਨਦੀਪ ਖੰਨਾ, ਦਰਸ਼ਨ ਸਿੰਘ ਧਾਲੀਵਾਲ, ਸਤਨਾਮ ਸਿੰਘ ਕੋਮਲ, ਗੀਤਕਾਰ ਗੀਤਾ ਕੰਮੇਵਾਲਾ ਦਾ ਸਵਾਗਤ ਕੀਤਾ ਗਿਆ। ਰਚਨਾਵਾਂ ਦੇ ਦੌਰ ਦਾ ਅਰੰਭ ਸਰਪ੍ਰਸਤ ਜੋਗਿੰਦਰ ਸਿੰਘ ਦੀ ਕਵਿਤਾ ‘ਲੋਹ ਪੁਰਸ਼ ਪਰਸ਼ੂਰਾਮ’ ਨਾਲ ਕੀਤਾ ਗਿਆ, ਜਿਸ ਉੱਤੇ ਭਗਵਾਨ ਪਰਸ਼ੂਰਾਮ ਦੀ ਸਖਸ਼ੀਅਤ ਦਾ ਮੌਜੂਦਾ ਸਮੇਂ ਦੀ ਵਿਚਾਰਧਾਰਾ ਨਾਲ ਟਕਰਾਓ ਦਾ ਵਰਨਣ ਕੀਤਾ ਗਿਆ।ਕਰਮ ਚੰਦ ਨੇ ‘ਜਾਤੀਵਾਦ’ ਕਵਿਤਾ ਪੇਸ਼ ਕੀਤੀ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਵਧਾਈ ਦਿੱਤੀ ਗਈ। ਜਸਵੀਰ ਸਮਰਾਲਾ ਵੱਲੋਂ ਗ਼ਜ਼ਲ ਪੇਸ਼ ਕੀਤੀ ਗਈ।ਸਭਾ ਦੇ ਖਜਾਨਚੀ ਸੰਦੀਪ ਤਿਵਾੜੀ ਨੇ ਕਹਾਣੀ ‘ਬੰਦਾ ਐਂ ਨੀ, ਐਂ ਮਰਦਾ’ ਪੇਸ਼ ਕੀਤੀ।ਕਹਾਣੀ ਵਿੱਚ ਕੁਝ ਤਕਨੀਕੀ ਸੋਧਾਂ ਕਰਨ ਦਾ ਸੁਝਾਅ ਦੇ ਕੇ ਕਹਾਣੀ ਦੀ ਪ੍ਰਸੰਸਾ ਕੀਤੀ ਗਈ ਅਤੇ ਕਹਾਣੀਕਾਰ ਸੁਖਜੀਤ ਨੇ ਸੰਦੀਪ ਤਿਵਾੜੀ ਨੂੰ ਕਹਾਣੀ ਵਿੱਚ ਨਵੀਂ ਪ੍ਰਾਪਤੀ ਦਾ ਨਾਂ ਦਿੱਤਾ। ਗੀਤਾ ਕੰਮੇਵਾਲਾ ਨੇ ਗੀਤ ਸੁਣਾਇਆ, ਜੋ ਕਿ ਇੱਕ ਪ੍ਰਸਿੱਧ ਗਾਇਕ ਦੀ ਅਵਾਜ਼ ਵਿੱਚ ਰਿਕਾਰਡ ਹੋ ਚੁੱਕਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਮਾਸਿਕ ਮੈਗਜ਼ੀਨ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸਿਮਰਜੀਤ ਸਿੰਘ ਕੰਗ ਨੇ ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀ ਤੇ 1904 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਗੁਰਪੁਰਬ ਨਿਰਣੇ’ ਦੀ ਦੋਬਾਰਾ ਪ੍ਰਕਾਸ਼ਨਾਂ ਬਾਰੇ ਦੱਸਦਿਆਂ, ਉਸ ਦੀ ਭੂਮਿਕਾ ਵਿੱਚ ਲਿਖੇ ਆਪਣੇ ਵਿਚਾਰ ‘ਕਲੰਡਰ’ ਬਾਰੇ ਸਾਂਝੇ ਕੀਤੇ। ਕਲੰਡਰ ਦੀ ਉਤਪਤੀ ਵਿਕਾਸ ਅਤੇ ਉਸ ਵਿੱਚ ਹੁੰਦੀਆਂ ਰਹੀਆਂ ਸੋਧਾਂ ਦੀ ਜਾਣਕਾਰੀ ਦਿੰਦਿਆਂ ਨਾਨਕਸ਼ਾਹੀ ਕਲੰਡਰ ਨਾਲ ਆਉਂਦੀਆਂ ਸਮੱਸਿਆਵਾਂ ਬਾਰੇ ਦੱਸਿਆ। ਕਲੰਡਰ ਵਿੱਚ ਆਉਂਦੀਆਂ ਘਾਟਾਂ ਦੇ ਕਾਰਨ ਦੱਸੇ ਅਤੇ ਰੌਚਕ ਢੰਗ ਨਾਲ ਲਿਖੀ ਇਸ ਭੂਮਿਕਾ ਦੇ ਚਾਲੀ ਸਫੇ ਬਹੁਤ ਹੀ ਇਕਾਗਰਤਾ ਨਾਲ ਸੁਣੇ ਗਏ। ਸਭਾ ਨੇ ਸ. ਕੰਗ ਦੀ ਸਖਸ਼ੀਅਤ ਵਿਚਲੇ ਇਤਿਹਾਸਕਾਰ ਉੱਤੇ ਮਾਣ ਪ੍ਰਗਟ ਕੀਤਾ। ਲੇਖਕ ਨੇਤਰ ਮੁੱਤੋਂ ਦੀ ਕਵਿਤਾ ਉੱਤੇ ਵੀ ਖੂਬ ਵਿਚਾਰ ਚਰਚਾ ਕੀਤੀ ਗਈ। ਪ੍ਰਦੇਸੀ ਗ਼ਜ਼ਲਗੋ ਸਤਨਾਮ ਸਿੰਘ ਕੋਮਲ ਦੀਆਂ ਦੋ ਗ਼ਜ਼ਲਾਂ ਨੂੰ ਭਰਪੂਰ ਦਾਦ ਮਿਲੀ। ਕਹਾਣੀਕਾਰ ਸੁਖਜੀਤ ਨੇ ਗ਼ਜ਼ਲ ਦੀ ਬਣਤਰ ਅਤੇ ਲੇਖਣੀ ਸਬੰਧੀ ਪੂਰੀ ਤਰ੍ਹਾਂ ਚਾਨਣਾ ਪਾਇਆ ਅਤੇ ਨਵੇਂ ਲੇਖਕਾਂ ਨੂੰ ਜੋ ਗ਼ਜ਼ਲ ਵੱਲ ਖਿੱਚ ਰੱਖਦੇ ਹਨ, ਉਨ੍ਹਾਂ ਨੂੰ ਵੱਧ ਤੋਂ ਵੱਧ ਪਿੰਗਲ ਅਤੇ ਅਰੂਜ਼ ਦੀ ਜਾਣਕਾਰੀ ਹਾਸਲ ਕਰਨ ਲਈ ਕਿਹਾ। ਕੇਵਲ ਸਿੰਘ ਮੰਜਾਲੀ ਦੇ ਰੁਮਾਂਟਿਕ ਗੀਤ ਨੇ ਸਭਨਾਂ ਦਾ ਧਿਆਨ ਖਿੱਚ ਲਿਆ।ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਦੇ ਲੇਖ ਅਤੇ ਕਹਾਣੀਕਾਰ ਮੁਖਤਿਆਰ ਸਿੰਘ ਦੀ ਕਹਾਣੀ ‘ਭੌਂਕਦੇ ਰਹੋ’ ਉੱਤੇ ਵੀ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ। ਗਾਇਕ ਪਵਨਦੀਪ ਖੰਨਾ ਨੇ ਗੀਤ ‘ਜੇ ਜੱਗ ‘ਤੇ ਔਰਤ ਨਾ ਹੁੰਦੀ’ ਅਤੇ ਅੰਤ ਵਿੱਚ ਦੀਪ ਦਿਲਬਰ ਵੱਲੋਂ ਰੁੱਖਾਂ ਬਾਰੇ ਲਿਖੀ ਜਾ ਰਹੀ ਪੁਸਤਕ ਵਿੱਚੋਂ ਇਮਲੀ ਦੇ ਰੁੱਖ ਬਾਰੇ ਲੇਖ ਪੜ੍ਹਿਆ ਗਿਆ।
ਇਸ ਮੀਟਿੰਗ ਵਿੱਚ ਹਾਜਰ ਲੇਖਕਾਂ ਤੋਂ ਇਲਾਵਾ ਸਭਾ ਦੇ ਸਰਪ੍ਰਸਤ ਪ੍ਰੋ. ਬਲਦੀਪ, ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਧਾਲੀਵਾਲ, ਕਹਾਣੀਕਾਰ ਸੁਖਜੀਤ, ਚਮਕੌਰ ਘਣਗਸ, ਲਖਵਿੰਦਰਪਾਲ ਸਿੰਘ ਖਾਲਸਾ ਵੀ ਸ਼ਾਮਲ ਹੋਏ। ਸਾਹਿਤ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਵੱਲੋਂ ਆਏ ਲੇਖਕਾਂ ਤੇ ਵਿਦਾਵਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਨੀਲੋਂ ਵੱਲੋਂ ਚਲਾਈ ਗਈ।
Punjab Post Daily Online Newspaper & Print Media