Monday, February 2, 2026

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਟਾ-ਦਾਲ ਤੇ ਅੰਨਤੋਦਿਆ ਦੇ 161520 ਕਾਰਡ ਧਾਰਕਾਂ ਨੂੰ ਹੋਵੇਗੀ ਅਨਾਜ ਦੀ ਵੰਡ – ਡਿਪਟੀ ਕਮਿਸ਼ਨਰ

ਜ਼ਿਲ੍ਹੇ ਵਿੱਚ 22 ਜੁਲਾਈ ਤੋੋਂ ਸ਼ੁਰੂ ਕੀਤੀ ਗਈ ਅਨਾਜ ਦੀ ਵੰਡ

ਹੁਸ਼ਿਆਰਪੁਰ, 23 ਜੁਲਾਈ (ਸਤਵਿੰਦਰ ਸਿੰਘ) – ਜ਼ਿਲ੍ਹਾ ਹੁਸ਼ਿਆਰਪੁਰ ਦੇ ਆਟਾ-ਦਾਲ ਅਤੇ ਅੰਨਤੋਦਿਆ ਸਕੀਮ ਦੇ ਕੁੱਲ 161520 ਕਾਰਡ ਧਾਰਕਾਂ ਨੂੰ ਮਹਿਜ਼ 2 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਰਿਆਇਤੀ ਦਰ ‘ਤੇ ਅਨਾਜ ਦੀ ਵੰਡ ਕਰਨ ਲਈ 15 ਦਿਨ ਦਾ ਸ਼ਡਿਊਲ ਬਣਾਇਆ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ 22 ਜੁਲਾਈ ਤੋੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਸ਼ਡਿਊਲ ਅਨੁਸਾਰ 15 ਦਿਨਾਂ ਵਿੱਚ ਹਰੇਕ ਲਾਭਪਾਤਰੀ ਨੂੰ ਕਣਕ ਦੀ ਵੰਡ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 8024 ਅੰਨਤੋਦਿਆ ਪਰਿਵਾਰਾਂ ਦੇ 29982 ਮੈਂਬਰਾਂ ਨੂੰ ਅਤੇ 153496 ਨੀਲੇ ਕਾਰਡ ਧਾਰਕ ਪਰਿਵਾਰਾਂ ਦੇ 605989 ਮੈਂਬਰਾਂ ਨੂੰ ਅਨਾਜ਼ ਦੀ ਵੰਡ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਵੰਡ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ ਜਿਸ ਲਈ ਸਬੰਧਤ ਐਸ.ਡੀ.ਐਮਜ਼ ਨੂੰ ਨਿਗਰਾਨੀ ਦੇ ਠੋਸ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਰਜਨੀਸ਼ ਕੌਰ ਅਨੁਸਾਰ ਨੀਲੇ ਕਾਰਡ ਧਾਰਕਾਂ ਨੂੰ ਪ੍ਰਤੀ ਜੀਅ 5 ਕਿੱਲੋਗਰਾਮ ਕਣਕ ਦੀ ਵੰਡ ਕੀਤੀ ਜਾਵੇਗੀ ਜਦਕਿ ਅੰਨਤੋਦਿਆ ਕਾਰਡ ਧਾਰਕਾਂ ਨੂੰ ਪ੍ਰਤੀ ਕਾਰਡ 35 ਕਿੱਲੋਗ੍ਰਾਮ ਕਣਕ ਦੀ ਵੰਡ ਕੀਤੀ ਜਾਵੇਗੀ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ਨੂੰ 10 ਮਹੀਨਿਆਂ ਦਾ ਅਨਾਜ ਵੰਡਿਆ ਜਾਣ ਕਾਰਨ, ਡਿਪਟੀ ਕਮਿਸ਼ਨਰ ਵੱਲੋਂ ਵੰਡ ਵਿੱਚ ਪੂਰੀ ਪਾਰਦਰਸ਼ਤਾ ਅਤੇ ਨਿਗਰਾਨੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੰਡ ਦਾ ਸ਼ਡਿਊਲ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਹਰੇਕ ਡਿੱਪੂ ਹੋਲਡਰ ਇਸ ਸਬੰਧੀ ਬਣੀ ਹੋਈ ਕਮੇਟੀ ਅਤੇ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਦੀ ਹਾਜ਼ਰੀ ਵਿੱਚ ਹੀ ਅਨਾਜ ਦੀ ਵੰਡ ਕਰ ਸਕੇਗਾ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply