ਵਿਕਾਸ ਦੇ ਖੋਖਲੇ ਦਾਅਵਿਆਂ ਦੀ ਨਿਕਲ ਰਹੀ ਹੈ ਹਵਾ – ਗਿੱਲ, ਭੁੱਲਰ
ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਨਗਰ ਕੌਂਸਲ ਪੱਟੀ ਵੱਲੋਂ ਸ਼ਹਿਰ ਦੇ ਵਿਕਾਸ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਾਰੇ ਦਾਅਵੇ ਹਾਲ ਹੀ ਵਿੱਚ ਪਏ ਇੱਕ ਦੋ ਮੀਂਹਾਂ ਨੇ ਹੀ ਖੋਖਲੇ ਸਾਬਿਤ ਕਰ ਦਿੱਤੇ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰ ਮਹਾਵੀਰ ਸਿੰਘ ਗਿੱਲ ਅਤੇ ਵਰਕਰ ਸਵਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪਏ ਮੀਹਾਂ ਨੇ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਸੜਕਾਂ ‘ਤੇ ਪਏ ਟੋਇਆਂ ਵਿੱਚ ਪਾਣੀ ਭਰਨ ਕਾਰਨ ਸ਼ਹਿਰ ਦੇ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਮੋਸ਼ੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਟੋਇਆਂ ਤੋਂ ਪ੍ਰੇਸ਼ਾਨ ਦੁਕਾਨਦਾਰ ਹੁਣ ਮਲਬਾ ਸੁਟਵਾ ਕੇ ਇਨ੍ਹਾਂ ਟੋਇਆਂ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਹਾਵੀਰ ਸਿੰਘ ਗਿੱਲ ਨੇ ਕਿਹਾ ਕਿ ਸਥਾਨਕ ਬੱਸ ਅੱਡੇ ਦੇ ਨਜ਼ਦੀਕ ਸੜਕ ‘ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਅਤੇ ਇਨ੍ਹਾਂ ਦਾ ਹੱਲ ਖੁਦ ਲੱਭਦਿਆਂ ਹੁਣ ਦੁਕਾਨਦਾਰਾਂ ਨੇ ਅੱਜ ਮਲਬਾ ਸੁਟਵਾ ਕੇ ਟੋਏ ਪੂਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਗਾਂਧੀ ਸੱਥ, ਬੱਸ ਸਟੈਂਡ, ਜੈਨ ਸਕੂਲ, ਆਰੀਆ ਸਕੂਲ, ਗਾਂਧੀ ਸੱਥ ਤੋਂ ਕਾਲਜ ਰੋਡ, ਗਾਂਧੀ ਸੱਥ ਤੋਂ ਲਹੌਰ ਰੋਡ, ਸਰਹਾਲੀ ਰੋਡ, ਕਚਹਿਰੀ ਰੋਡ ਆਦਿ ਅਜਿਹੀਆਂ ਸੜਕਾਂ ਹਨ ਜਿੰਨ੍ਹਾਂ ਦਾ ਟੋਇਆਂ ਕਾਰਨ ਬੁਰਾ ਹਾਲ ਹੈ ਅਤੇ ਅਸੀਂ ਇਨ੍ਹਾਂ ਨੂੰ ਬਣਵਾਉਣ ਲਈ ਕਈ ਵਾਰ ਮੰਗ ਕਰ ਚੁੱਕੇ ਹਾਂ ਪਰ ਨਗਰ ਕੌਂਸਲ ਦੇ ਅਹੁਦੇਦਾਰਾਂ ਕੋਲ ਸਿਰਫ਼ ਅਖਬਾਰੀ ਬਿਆਨ ਲਗਵਾਉਣ ਅਤੇ ਵਿਕਾਸ ਦੀਆਂ ਫੋਕੀਆਂ ਫੜ੍ਹਾਂ ਮਾਰਨ ਤੋਂ ਇਲਾਵਾ ਹੋਰ ਕੰਮਾਂ ਲਈ ਸਮਾਂ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੁਹਾਂਦਰੇ ਭਾਵ ਬੱਸ ਸਟੈਂਡ ਦੇ ਅੱਗੇ ਵਾਲੀ ਸੜਕ ਦਾ ਇਹ ਹਾਲ ਹੈ ਕਿ ਥੋੜੇ ਜਿਹੇ ਮੀਂਹ ਤੋਂ ਬਾਅਦ ਸੜਕ ‘ਤੇ ਵੱਡੇ ਵੱਡੇ ਛੱਪੜ ਲੱਗ ਜਾਂਦੇ ਹਨ ਅਤੇ ਇਥੇ ਖੜ੍ਹਨਾ ਤਾਂ ਕੀ ਲੰਘਣਾ ਵੀ ਮੁਹਾਰ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੱਟੀ ਸ਼ਹਿਰ ਦਾ ਅਸਲ ਵਿੱਚ ਵੀ ਵਿਕਾਸ ਕੀਤਾ ਜਾਵੇ।
Punjab Post Daily Online Newspaper & Print Media
