ਸੰਦੌੜ, 25 ਜੁਲਾਈ (ਹਰਮਿੰਦਰ ਸਿੰਘ) – ਅਜੋਕੇ ਤਕਨੀਕੀ ਯੁੱਗ ਕੰਪਿਊਟਰ, ਮੋਬਾਇਲ, ਟੈਬ ਆਦਿ ਹੋਰ ਉਪਕਰਨਾਂ ਰਾਹੀ ਜਿੱਥੇ ਸੰਚਾਰ ਸਾਧਨਾਂ ਵਿਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਕਾਫ਼ੀ ਹੱਦ ਤੱਕ ਸਾਰਥਿਕ ਵੀ ਹਨ ਪਰ ਉੱਥੇ ਹੀ ਸੋਸ਼ਲ ਮੀਡੀਆ ਦੇ ਬੇਹੱਦ ਨੁਕਸਾਨ ਵੀ ਹਨ।ਅੱਜ ਲਗਭਗ ਹਰੇਕ ਇਨਸਾਨ ਸੋਸ਼ਲ ਮੀਡੀਆ ਭਾਵ ਫੇਸਬੁਕ ਜਾਂ ਵਟਸਐਪ ਨਾਲ ਜੁੜਿਆ ਹੋਇਆ ਹੈ।ਪਰ ਬੁੱਧੀਜੀਵੀ, ਸਮਾਜਸੇਵੀ, ਰਾਜਨੀਤਕ, ਧਾਰਮਿਕ ਸੰਸਥਾਵਾਂ ਅਤੇ ਆਮ ਵਰਗ ਦੇ ਲੋਕਾਂ ਤੋ ਇਲਾਵਾ ਬਹੁਤ ਹੀ ਘੱਟ ਉਮਰ ਦੇ ਬੱਚਿਆਂ ਵੱਲੋਂ ਵੀ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਦੇ ਸਿੱਟੇ ਵਜੋਂ ਬਚਿਆਂ ਵਿੱਚ ਉਮਰ ਸੀਮਾਵਾਂ ਤੇ ਨਿਰਭਰ ਕਰਦੀਆਂ ਗੱਲਾਂ ਨੂੰ ਜਾਣਨ ਦੀ ਇੱਛਾ ਉਨ੍ਹਾਂ ਦੀ ਮੁੱਢਲੀ ਵਿੱਦਿਆ ਵਿਚ ਅੜਿੱਕੇ ਲਗਾ ਕੇ ਅਸੱਭਿਅਕ ਅਤੇ ਮੁਜਰਮ ਬਣਾਉਣ ਵਿਚ ਅਹਿਮ ਕਾਰਨ ਬਣਦੀ ਜਾ ਰਹੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਲੇਖਕ ਲੱਖਾ ਸਿੰਘ ਚੁਹੜਚਕ ਨੇ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਕੀਤਾ। ਉਹਨਾਂ ਕਿਹਾ ਕਿ ਮਾਪਿਆਂ ਦੇ ਪੂਰਨ ਸਹਿਯੋਗ ਨਾਲ ਇਹਨਾਂ ਦੀ ਬੇਹੱਦ ਬੇਲੋੜੀ ਵਰਤੋ ਕਰ ਕੇ ਹੀ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਸੰਤੁਲਨ ਉੱਪਰ ਮਾੜਾ ਪ੍ਰਭਾਵ ਪੈਣਾ ਵੀ ਸੁਭਾਵਿਕ ਹੋ ਰਿਹਾ ਹੈ ।ਉਹਨਾਂ ਕਿਹਾ ਕਿ ਪੰਜਾਬ ਅੰਦਰ ਜਿਸ ਉਮਰ ਦੇ ਬੱਚੇ ਕਿਸੇ ਸਮੇਂ ਕਬੱਡੀ, ਗੁੱਲੀ-ਡੰਡਾ, ਪਿੱਠੂ ਗਰਮ, ਬਾਂਟੇ ਆਦਿ ਖੇਡਾਂ ਖੇਡਦੇ ਅਤੇ ਪਤੰਗ ਚੜ੍ਹਾਉਂਦੇ ਹਨ ਸਨ, ਪਰ ਉਹ ਆਪਣੇ ਅਮੀਰ ਵਿਰਸੇ ਤੋਂ ਵੀ ਅਣਜਾਣ ਹੁੰਦੇ ਜਾ ਰਹੇ ਹਨ। ਅੱਜ ਉਸੇ ਉਮਰ ਦੇ ਬੱਚੇ ਫੇਸਬੁਕ ਉੱਪਰ ਸ਼ੁਕੀਨੀ ਨਾਲ ਆਪਣੀ ਪ੍ਰੋਫਾਈਲ ਪਿਕਚਰਾਂ ਬਦਲਦੇ ਦਿਖਾਈ ਦੇ ਰਹੇ ਹਨ। ਜਿਸ ਕਾਰਨ ਅੱਜ ਕੱਲ੍ਹ ਦੇ ਬੱਚਿਆਂ ਦਾ ਪੁਰਾਤਨ ਖੇਡਾਂ ਵੱਲੋਂ ਧਿਆਨ ਹਟਣ ਕਾਰਨ ਉਨ੍ਹਾਂ ਦਾ ਸਰੀਰਕ ਵਿਕਾਸ ਨਹੀਂ ਹੋ ਰਿਹਾ ਤੇ ਉਨ੍ਹਾਂ ਦਾ ਦਿਨ ਪਰ ਦਿਨ ਸੁਸਤ ਸੁਭਾਅ ਚਿੜਚਿੜੇਪਣ ਵਾਲਾ ਅਤੇ ਛੋਟੀ ਉਮਰੇ ਹੀ ਅੱਖਾਂ ਦਾ ਕਮਜ਼ੋਰ ਹੋਣ ਤੋ ਇਲਾਵਾ ਤਰਾਂ-ਤਰਾਂ ਦੀਆਂ ਬਿਮਾਰੀਆਂ ਵਿਚ ਜਕੜੇ ਜਾ ਰਹੇ ਹਨ। ਅੱਜ-ਕੱਲ੍ਹ ਦੇ 12-12 ਸਾਲਾਂ ਦੇ ਬੱਚਿਆਂ ਵੱਲੋਂ ਫੇਸਬੁਕ ਚਲਾਉਣਾ ਇੱਕ ਫ਼ੈਸ਼ਨ ਬਣਦਾ ਜਾ ਰਿਹਾ ਹੈ ਅਤੇ ਦੇਖੋ-ਦੇਖੀ ਹੋਰ ਬੱਚੇ ਵੀ ਘਰਦਿਆਂ ਕੋਲੋਂ ਮਹਿੰਗੇ ਮੋਬਾਈਲ ਲੈ ਕੇ ਫੇਸਬੁਕ ਚਲਾ ਰਹੇ ਹਨ।
ਉਪਰੋਕਤ ਫੇਸਬੁਕ ਅਤੇ ਹੋਰ ਇਹੋ ਜਿਹੀਆਂ ਟਾਈਮ ਪਾਸ ਵਾਲੀਆਂ ਆਈ ਡੀ ਬਣਾਉਣ ਤੋ ਪਹਿਲਾਂ ਉਮਰ ਦੀ ਸੀਮਾ ਨਿਰਧਾਰਤ ਕੀਤੀ ਹੋਈ ਹੈ, ਜੋ ਕਿ ਪੁੱਛੀ ਜਾਂਦੀ ਹੈ। ਪਰ ਗ਼ਲਤ ਉਮਰ ਭਰ ਕੇ ਆਈ ਡੀ ਬਣਾ ਲਈ ਜਾਂਦੀ ਹੈ। ਉਹਨਾਂ ਕਿਹਾ ਕਿ ਸੋਸ਼ਲ ਸਾਈਟਾਂ ਦੀ ਨਜਾਇਜ਼ ਵਰਤੋ ਨਾਲ ਬੱਚਿਆਂ ਦੇ ਭਵਿਖ ਦੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰਾਂ ਵੀ ਕੋਈ ਠੋਸ ਕਦਮ ਚੁੱਕਣ ਅਤੇ ਸਮਾਜ ਸੇਵੀ ਸੰਸਥਾਵਾਂ, ਸਕੂਲ਼, ਕਾਲਜ ਅਤੇ ਖ਼ਾਸਕਰ ਬੱਚਿਆਂ ਦੇ ਮਾਪੇ ਸਖ਼ਤ ਕਾਰਵਾਈ ਕਰ ਕੇ ਬਚਿਆਂ ਨੂੰ ਇਹਨਾਂ ਦੀ ਵਰਤੋ ਤੋ ਵਰਜਣ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media