Saturday, March 21, 2026

ਡਿਪਟੀ ਕਮਿਸ਼ਨਰ ਨੇ ਅਜ਼ਾਦੀ ਦਿਵਸ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ

ਮਿਆਰੀ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ‘ਤੇ ਦਿੱਤਾ ਜ਼ੋਰ

PPN3007201515

ਅੰਮ੍ਰਿਤਸਰ, 30 ਜੁਲਾਈ (ਗੁਰਚਰਨ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਅਜ਼ਾਦੀ ਦਿਵਸ ਮੌਕੇ ਹੋਣ ਵਾਲੇ ਜਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮਾਗਮ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਇਸ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਦਿਹਾੜੇ ਨੂੰ ਪੂਰੇ ਜ਼ੋਸ਼ ਤੇ ਉਤਸ਼ਾਹ ਨਾਲ ਮਨਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਦੀ ਇਤਹਾਸਕ ਧਰਤੀ ‘ਤੇ ਹੋਣ ਵਾਲੇ ਅਜ਼ਾਦੀ ਦਿਹਾੜੇ ਦੇ ਇਸ ਸਮਾਗਮ ਵਿਚੋਂ ਵੀ ਦਰਸ਼ਕਾਂ ਨੂੰ ਚੰਗਾ ਸੰਦੇਸ਼ ਮਿਲਣਾ ਚਾਹੀਦਾ ਹੈ, ਸੋ ਇਸ ਲਈ ਇਸ ਮੌਕੇ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਨੂੰ ਉਸਾਰੂ ਤੇ ਮਿਆਰੀ ਗੀਤਾਂ ਨਾਲ ਸ਼ਿੰਗਾਰਿਆ ਜਾਵੇ।ਉਨਾਂ ਕਿਹਾ ਕਿ ਇਸ ਲਈ ਸਰਕਾਰੀ ਤੇ ਨਿੱਜੀ ਸਕੂਲਾਂ ਤੇ ਕਾਲਜਾਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।ਉਨਾਂ ਸਮਾਗਮ ਦੀਆਂ ਤਿਆਰੀਆਂ ਲਈ ਵੱਖ-ਵੱਖ ਕਮੇਟੀਆਂ ਗਠਿਤ ਕੀਤੀਆਂ ਅਤੇ ਉਨਾਂ ਨੂੰ ਅੱਜ ਤੋਂ ਹੀ ਆਪਣੇ-ਆਪਣੇ ਕੰਮ ‘ਤੇ ਡਟ ਜਾਣ ਦਾ ਆਦੇਸ਼ ਦਿੱਤਾ। ਸ੍ਰੀ ਭਗਤ ਨੇ ਸਾਰੇ ਵਿਭਾਗਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਜੇਕਰ ਚਾਹੁਣ ਤਾਂ ਆਪਣੇ ਨੌਜਵਾਨ ਕਰਮਚਾਰੀਆਂ ਦੀ ਟੀਮ ਤਿਆਰ ਕਰਕੇ ਇਸ ਮੌਕੇ ਪ੍ਰੋਗਰਾਮ ਵਿਚ ਭਾਗ ਲੈ ਸਕਦੇ ਹਨ।
ਸ੍ਰੀ ਭਗਤ ਨੇ ਰੈਡ ਕਰਾਸ ਦੇ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਕਿ ਉਹ ਇਸ ਪਵਿੱਤਰ ਦਿਹਾੜੇ ਮੌਕੇ ਜ਼ਿਲ੍ਹੇ ਵਿਚੋਂ ਪ੍ਰਾਪਤ ਹੋਈਆਂ ਸਾਰੀਆਂ ਦਰਖਾਸਤਾਂ ਨੂੰ ਵਿਚਾਰਨ ਅਤੇ ਸਾਰੇ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਮਸ਼ੀਨਾਂ ਦੇ ਦੇਣ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਵਿਭਾਗ ਵਿਚ ਕੰਮ ਕਰਦੇ ਮਿਹਨਤੀ ਤੇ ਇਮਾਨਦਾਰੀ ਕਰਮਚਾਰੀਆਂ ਦੇ ਕੇਸ ਤਰੁੰਤ ਭੇਜਣ, ਤਾਂ ਜੋ ਅਜਿਹੇ ਕਰਮਚਾਰੀਆਂ ਨੂੰ ਅਜ਼ਾਦੀ ਦਿਵਸ ਮੌਕੇ ਸਨਮਾਨਿਤ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਸਿੰਘ ਸੰਧੂ, ਐਸ ਡੀ ਐਮ ਰੋਹਿਤ ਗੁਪਤਾ, ਐਸ ਡੀ ਐਮ ਰਾਜੇਸ਼ ਸ਼ਰਮਾ, ਡੀ ਟੀ ਓ ਲਵਜੀਤ ਕਲਸੀ, ਸਹਾਇਕ ਕਮਿਸ਼ਨਰ ਅਮਨਦੀਪ ਕੌਰ, ਐਸ ਪੀ ਬਲਬੀਰ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply