Wednesday, August 5, 2026

ਖਾਲਸਾ ਕਾਲਜ ਵਿੱਚ ਨਵੇਂ ਸੈਸ਼ਨ ਸਬੰਧੀ ‘ਆਰਭੰਕ ਅਰਦਾਸ ਦਿਵਸ’ ਅਯੋਜਿਤ

ਅਨਪੜ੍ਹਤਾ ਦੇ ਖਾਤਮੇ ਲਈ ਵਿੱਦਿਆ ਦਾ ਗਿਆਨ ਵੰਡਣਾ ਚਾਹੀਦਾ – ਸ: ਛੀਨਾ

PPN3107201507

ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਿਕ ਖਾਲਸਾ ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ ਸਾਲ 2015-16 ਦੀ ਸ਼ੁਰੂਆਤ ਸਬੰਧੀ ‘ਆਰਭਿੰਕ ਅਰਦਾਸ ਦਿਵਸ’ ਮਨਾਇਆ ਗਿਆ। ਜਿਸ ਲਈ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦਿਆਂ ਪਰਸੋਂ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪੈਣ ਉਪਰੰਤ ਅੱਜ ਸੁੰਦਰ ਸਿੰਘ ਮਜੀਠੀਆ ਹਾਲ ਵਿੱਚ ਭਾਰੀ ਦੀਵਾਨ ਸਜਿਆ। ਜਿਸ ਵਿੱਚ ਉਚੇਚੇ ਤੌਰ ‘ਤੇ ਹਾਜ਼ਰੀ ਲਗਾਉਣ ਪੁੱਜੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰੂ ਸਾਹਿਬਾਨਾਂ ਦੁਆਰਾ ਵਿੱਦਿਆ ਦੀ ਮਹਾਨਤਾ ‘ਤੇ ਕਥਾ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਧਾਰਮਿਕ ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਕੀਰਤਨੀਏ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਰਤਨ ਕਰਕੇ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਰੱਬੀ ਬਾਣੀ ਦਾ ਇਲਾਹੀ ਕੀਰਤਨ ਸੁਣਾਕੇ ਰੂਹਾਨੀ ਮਾਹੌਲ ਸਿਰਜਿਆ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਮੌਕੇ ਜੀਵਨ ਵਿੱਚ ਗਿਆਨ ਪ੍ਰਾਪਤੀ ਲਈ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਕਨੀਕ ਦੇ ਯੁੱਗ ਵਿੱਚ ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਣ ਲਈ ਵਿੱਦਿਆ ਦਾ ਗਿਆਨ ਹੋਣਾ ਅਤਿ ਜਰੂਰੀ ਹੋ ਗਿਆ ਹੈ, ਕਿਉਂਕਿ ਜਿਹੜਾ ਪੜ੍ਹਾਈ ਪੱਖੋਂ ਨਲਾਇਕ ਹੈ, ਉਸਤੋਂ ਹਰੇਕ ਟਾਲਾ ਵੱਟਣਾ ਸਮਝਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਵਿੱਦਿਆ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਨਪੜ੍ਹਤਾ ਦੇ ਖਾਤਮੇ ਲਈ ਵਿੱਦਿਆ ਦਾ ਗਿਆਨ ਵੰਡਣਾ ਜਰੂਰੀ ਹੈ ਤਾਂ ਜੋ ਸਾਡਾ ਦੇਸ਼ ਤਰੱਕੀ, ਉੱਨਤੀ ਤੇ ਖੁਸ਼ਹਾਲੀ ਵਜੋਂ ਦੁਨੀਆ ਦੇ ਨਕਸ਼ੇ ‘ਤੇ ਉੱਭਰੇ। ਉਨ੍ਹਾਂ ਇਸ ਮੌਕੇ ਸੰਸਾਰਿਕ ਵਿੱਦਿਆ ਤੋਂ ਇਲਾਵਾ ਧਾਰਮਿਕ ਤੇ ਅਧਿਆਤਿਮਕ ਵਿੱਦਿਆ ਗ੍ਰਹਿਣ ਕਰਨ ‘ਤੇ ਜ਼ੋਰ ਦਿੱਤਾ।  ਸ: ਛੀਨਾ ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਕੀਰਤਨੀਏ ਜਥੇ ਨੂੰ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਸਾਹਿਬ ਕੁਲਵਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ‘ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਕਰਕੇ ਗਿਆਨ ਪ੍ਰਾਪਤ ਕਰਨ ਉਪਰੰਤ ਸੰਤੋਖ ਤੇ ਵਿਚਾਰ ਦਾ ਜੀਵਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਇਸ ਮੌਕੇ ਸ: ਛੀਨਾ ਅਤੇ ਕਾਲਜ ਵਿੱਚ ਹਰੇਕ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸਮੇਂ ਕੀਤੀ ਅਰਦਾਸ ਪ੍ਰੰਪਰਾ ਨੂੰ ਸਰਾਹਇਆ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਸਟੇਜ ਦੀ ਭੂਮਿਕਾ ਸ: ਇੰਦਰਜੀਤ ਸਿੰਘ ਗੋਗੋਆਣੀ ਨੇ ਬਾਖੂਬੀ ਨਿਭਾਈ। ਕਾਲਜ ਦੇ ਵਿਦਿਆਰਥੀਆਂ ਨੇ ਵੀ ਸ਼ਬਦ ਗਾਇਨ ਕਰਕੇ ਆਈ ਹੋਈ ਸੰਗਤ ਨੂੰ ਗੁਰੂ ਲੜ ਲਾਇਆ।  ਇਸ ਮੌਕੇ ਜੁਆਇੰਟ ਸਕੱਤਰ ਸ: ਅਜਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਣ, ਮੈਂਬਰ ਸ: ਗੁਰਮਹਿੰਦਰ ਸਿੰਘ, ਸ: ਅਜੀਤ ਸਿੰਘ ਬਸਰਾ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਹਰਮਿੰਦਰ ਸਿੰਘ, ਸ: ਸੰਤੋਖ ਸਿੰਘ ਸੇਠੀ, ਸ: ਮੁਖਤਿਆਰ ਸਿੰਘ, ਜੀ. ਐੱਸ. ਭੱਟੀ, ਡਾ. ਐੱਸ. ਐੱਸ. ਛੀਨਾ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਪ੍ਰਿੰਸੀਪਲ, ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply