
ਸੰਦੌੜ, 5 ਅਗਸਤ (ਹਰਮਿੰਦਰ ਭੱਟ) -ਨਜ਼ਦੀਕੀ ਪਿੰਡ ਮਾਹਮਦਪੁਰ ਵਿਖੇ ਇੱਕ ਬਜ਼ੁਰਗ ਆਪਣੀ ਮੰਗ ਮੰਨਵਾਉਣ ਖ਼ਾਤਰ ਪਿੰਡ ਦੀ ਪਾਣੀ ਵਾਲ਼ੀ ਟੈਂਕੀ ‘ਤੇ ਚੜ੍ਹ ਗਿਆ। ਉਕਤ ਬਜ਼ੁਰਗ ਗੁਰਦਿਆਲ ਸਿੰਘ ਪੁੱਤਰ ਮੱਲ ਸਿੰਘ ਵੱਲੋਂ ਐਸ.ਐਸ.ਪੀ. ਸੰਗਰੂਰ ਨੂੰ ਲਿਖੀ ਅਰਜੀ ਅਨੁਸਾਰ ਉਸਨੇ ਆਪਣੇ ਚਾਰ ਪੁੱਤਰਾਂ ਨੂੰ ਜਿਉਂਦੇ ਜੀਅ ਆਪਣੀ ਜ਼ਮੀਨ ਵੰਡ ਕੇ ਪੱਕੀਆਂ ਰਜਿਸਟਰੀਆਂ ਕਰਵਾ ਦਿੱਤੀਆਂ ਸਨ। ਆਪਣੇ ਹਿੱਸੇ ਲਈ ਤਿੰਨ ਵਿੱਘੇ ਸਤਾਰਾਂ ਵਿੱਸਵੇ ਜ਼ਮੀਨ ਉਸਨੇ ਰੱਖ ਲਈ ਸੀ। ਇਸ ਜ਼ਮੀਨ ਉੱਪਰ ਉਸਦੇ ਲੜਕੇ ਮਹਿੰਦਰ ਸਿੰਘ ਦਾ ਕਬਜ਼ਾ ਸੀ। ਬਜ਼ੁਰਗ ਨੇ ਉਸਨੂੰ ਸੱਤ ਲੱਖ ਰੁਪਏ ਵੀ ਦਿੱਤੇ ਹੋਏ ਸਨ। ਕੁੱਝ ਸਮਾਂ ਪਹਿਲਾਂ ਪੰਚਾਇਤ ਵਿੱਚ ਤਿੰਨ ਲੱਖ ਬੀਹ ਹਜਾਰ ਰੁਪਏ ਵਿੱਚ ਸਮਝੌਤਾ ਹੋ ਗਿਆ ਸੀ। ਹੁਣ ਉਹ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ ਪਰ ਲੜਕਾ ਮਹਿੰਦਰ ਸਿੰਘ ਇਸ ਗੱਲ ਤੋਂ ਮੁਨਕਰ ਹੋ ਰਿਹਾ ਸੀ। ਬਜ਼ੁਰਗ ਨੇ 11 ਮਹੀਨੇ ਪਹਿਲਾਂ ਥਾਣਾ ਸ਼ੇਰਪੁਰ ਵਿਖੇ ਅਰਜੀ ਵੀ ਦਿੱਤੀ ਸੀ ਪਰ ਉਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਕਰਕੇ ਉਹ ਟੈਂਕੀ ‘ਤੇ ਚੜ੍ਹ ਗਿਆ। ਆਸ-ਪਾਸ ਦੇ ਲੋਕਾਂ ਨੇ ਉਸਨੂੰ ਹੇਠਾਂ ਉੱਤਰਨ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਸੇ ਦੇ ਨੇੜੇ ਜਾਣ ‘ਤੇ ਛਾਲ਼ ਮਾਰਨ ਦੀ ਧਮਕੀ ਦਿੱਤੀ।ਦੇਖਦੇ ਦੇਖਦੇ ਪਿੰਡ ਮਾਹਮਦਪੁਰ ਸਮੇਤ ਗੁਆਂਢੀ ਪਿੰਡ ਅਲੀਪੁਰ ਖਾਲਸਾ ਦੇ ਲੋਕ ਵੀ ਭਾਰੀ ਗਿਣਤੀ ਵਿੱਚ ਇਕੱਠੇ ਹੋ ਗਏ। ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਪੁਲਿਸ ਨੂੰ ਫੋਨ ‘ਤੇ ਇਸ ਦੀ ਜਾਣਕਾਰੀ ਦਿੱਤੀ ਤਾਂ ਥਾਣਾ ਮੁਖੀ ਇੰਦਰਪਾਲ ਸਿੰਘ ਬਡੂੰਗਰ ਆਪਣੀ ਟੀਮ ਸਮੇਤ ਪਹੁੰਚੇ।ਉਹ ਖੁਦ ਟੈਂਕੀ ‘ਤੇ ਚੜ੍ਹੇ ਅਤੇ ਬਜੁਰਗ ਨੂੰ ਇਨਸਾਫ ਦਿਵਾਉਣ ਦਾ ਵਿਸ਼ਵਾਸ ਦਿਵਾਇਆ ਤਾਂ ਉਹ ਹੇਠਾਂ ਉੱਤਰ ਆਇਆ। ਇਸ ਤਰ੍ਹਾਂ ਇੱਕ ਘੰਟੇ ਦੇ ਕਰੀਬ ਹੰਗਾਮਾ ਹੁੰਦਾ ਰਿਹਾ। ਪੁਲਿਸ ਦੀ ਸਮਝਦਾਰੀ ਕਾਰਨ ਇਸ ਦਾ ਚੰਗਾ ਨਤੀਜਾ ਨਿੱਕਲ਼ਿਆ।
Punjab Post Daily Online Newspaper & Print Media