
ਹੁਸ਼ਿਆਰਪੁਰ, 8 ਅਗਸਤ (ਸਤਵਿੰਦਰ ਸਿੰਘ) – ਜ਼ਿਲ੍ਹਾ ਜੇਲ੍ਹ ਨੂੰ ਜਲਦ ਸੈਂਟਰਲ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਕੈਦੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਜਿਆਣ ਵਿਖੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੀਬ ਸਾਢੇ 7 ਲੱਖ ਰੁਪਏ ਦੇ ਚੈਕ ਵੰਡਣ ਦੌਰਾਨ ਉਕਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਕੈਦੀਆਂ ਦੇ ਲਈ ਮੁਹੱਈਆ ਕਰਵਾਈ ਗਈ ਹੈ। ਇਸ ਸੁਵਿਧਾ ਦੇ ਮੁਹੱਈਆ ਹੋਣ ਨਾਲ ਕੈਦੀ ਵੀਡੀਓ ਕਾਨਫਰੰਸਿੰਗ ਦੁਆਰਾ ਆਪਣੇ ਪ੍ਰੀਵਾਰਕ ਮੈਂਬਰਾਂ ਨਾਲ ਰੂ-ਬ-ਰੂ ਹੋ ਸਕਦੇ ਹਨ। ਇਸ ਦੌਰਾਨ ਸz: ਠੰਡਲ ਨੇ ਪਿੰਡ ਜਿਆਣ ਵਿਖੇ ਵੱਖ-ਵੱਖ ਪਿੰਡਾਂ ਨੂੰ ਸਾਢੇ 7 ਲੱਖ ਰੁਪਏ ਦੇ ਚੈਕ ਵੰਡੇ ਜਿਨ੍ਹਾਂ ਵਿੱਚ ਮਾਹਿਲਪੁਰ ਕਾਲਜ ਨੂੰ 3 ਲੱਖ ਰੁਪਏ, ਸਪੋਰਟਸ ਕਲੱਬ ਮਾਹਿਲਪੁਰ ਨੂੂੰ 2 ਲੱਖ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੂੰ 1 ਲੱਖ, ਮੈਲੀ ਕਲੱਬ, ਚੱਬੇਵਾਲ ਅਤੇ ਪਿੰਡ ਮਰੂਲਾਂ ਦੇ ਕਲੱਬ ਨੂੰ 50-50 ਹਜ਼ਾਰ ਰੁਪਏ ਦੇ ਚੈਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੁਆਰਾ ਪਿੰਡਾਂ ਵਿੱਚ ਲੋਕਾਂ ਨੂੰ ਹਰ ਸੁਵਿਧਾ ਉਪਲਬੱਧ ਕਰਾਉਣ ਲਈ ਵਿਕਾਸ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਪੀਣ ਵਾਲੇ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਗਲੀਆਂ ਨੂੰ ਪੱਕਾ ਕਰਨ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਮ ਪਾਲ, ਡੀ ਐਸ ਪੀ ਚੱਬੇਵਾਲ ਹਰਦੀਪ ਕੁਮਾਰ, ਐਸ ਐਚ ਓ ਚੱਬੇਵਾਲ ਸੁਲੱਖਣ ਸਿੰਘ, ਜ਼ਿਲ੍ਹਾ ਪ੍ਰਧਾਨ ਐਸ.ਸੀ.ਵਿੰਗ ਪਰਮਜੀਤ ਸਿੰਘ ਪੰਜੌੜ, ਸਰਕਲ ਪ੍ਰਧਾਨ ਚੱਬੇਵਾਲ, ਨਿਰਮਲ ਸਿੰਘ ਭੀਲੋਵਾਲ, ਪ੍ਰਧਾਨ ਬੀ ਸੀ ਵਿੰਗ ਚੱਬੇਵਾਲ ਸਤਨਾਮ ਸਿੰਘ ਬੰਟੀ, ਹਰਜਾਪ ਸਿੰਘ ਮੱਖਣ, ਮਲਕੀਤ ਸਿੰਘ, ਮਾਸਟਰ ਰਛਪਾਲ ਸਿੰਘ, ਹਰਮੇਲ ਸਿੰਘ ਕੋਟ ਫਤੂਹੀ, ਵਾਸਦੇਵ ਮਰੂਲਾ, ਪੰਚ-ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।
Punjab Post Daily Online Newspaper & Print Media