
ਨਵੀਂ ਦਿੱਲੀ, 10 ਅਗਸਤ (ਅੰਮ੍ਰਿਤ ਲਾਲ ਮੰਨਣ) – ਮਾਨਵਤਾ ਦੀ ਸਜੀਵ ਮੂਰਤ ਭਗਤ ਪੂਰਨ ਸਿੰਘ ਪੰਥ ਲਈ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਇੱਕ ਅਦੁੱਤੀ ਪ੍ਰੇਰਨਾਸ੍ਰੋਤ ਸਨ, ਜਿਨ੍ਹਾਂ ਆਪਣੇ ਆਪ ਨੂੰ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਕਰ, ਜੀਵਨ ਦੇ ਸਾਰੇ ਸੁਖਾਂ ਦਾ ਤਿਆਗ ਕਰ ਦਿੱਤਾ ਸੀ।ਇਹ ਵਿਚਾਰ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਭਗਤ ਪੂਰਨ ਸਿੰਘ ਦੀ ਸਾਲਾਨਾ ਯਾਦ ਮੰਨਾਉਣ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਵਿਸ਼ੇਸ਼ ਸਮਾਗਮ ਵਿੱਚ ਭਗਤ ਜੀ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਦਿਆਂ ਪ੍ਰਗਟ ਕੀਤੇ।ਸ. ਰਾਣਾ ਨੇ ਕਿਹਾ ਕਿ ਭਗਤ ਪੂਰਨ ਸਿੰਘ ਨੇ ਜਿਵੇਂ ਸਰੀਰਕ ਤੋਰ ਤੇ ਪੁਰੀ ਤਰ੍ਹਾਂ ਟੁੱਟ ਚੁਕੇ ਅਤੇ ਆਪਣਿਆਂ ਵਲੋਂ ਠੁਕਰਾ ਦਿੱਤੇ ਗਏ ਹੋਏ ਅਪਾਹਜਾਂ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਸੰਭਾਲੀ, ਉਸ ਦੀ ਮਿਸਾਲ ਸ਼ਾਇਦ ਹੀ ਕਿਧਰੇ ਹੋਰ ਮਿਲ ਸਕੇ। ਉਨ੍ਹਾਂ ਨੇ ਆਪਣੇ ਬੱਚਿਆਂ ਵਾਂਗ ਅਪਾਹਜਾਂ ਨੂੰ ਗਲ ਨਾਲ ਲਾਇਆ, ਉਨ੍ਹਾਂ ਦੀਆਂ ਸਰੀਰਕ ਕਮਜ਼ੋਰੀਆਂ ਦੇ ਪੂਰਕ ਬਣੇ।ਸ. ਰਾਣਾ ਨੇ ਕਿਹਾ ਕਿ ਇਹ ਗਲ ਸੰਤੁਸ਼ਟਤਾ ਦੇਣ ਵਾਲੀ ਹੈ ਕਿ ਭਗਤ ਜੀ ਨੂੰ ਆਪਣੇ ਜੀਵਨ ਕਾਲ ਵਿੱਚ ਹੀ ਇੱਕ ਅਜਿਹੀ ਸਮਰਪਿਤ ਟੀਮ ਮਿਲ ਗਈ, ਜੋ ਅਜਿਹੇ ਸ਼ਕਤੀਹੀਨ ਲੋਕਾਂ ਨੂੰ ਸਥਾਈ ਸਹਾਰਾ ਦੇਣ ਲਈ ਉਨ੍ਹਾਂ ਵਲੋਂ ਸਥਾਪਤ ਪਿੰਗਲਵਾੜੇ ਦੀ ਸੰਭਾਲ ਦੀ ਜ਼ਿਮੇਂਦਾਰੀ ਪੂਰੀ ਨਿਸ਼ਠਾ ਨਾਲ ਨਿਭਾ ਰਹੀ ਹੈ।ਇਸ ਤੋਂ ਪਹਿਲਾਂ ਭਗਤ ਜੀ ਦੀ ਯਾਦ ਵਿੱਚ ਰਖੇ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ।ਅਖੰਡ ਪਾਠ ਦੀ ਸਮਾਪਤੀ ਉਪਰੰਤ ਹੋਈ ਅਰਦਾਸ ਵਿੱਚ ਰਾਣਾ ਪਰਮਜੀਤ ਸਿੰਘ ਅਤੇ ਹੋਰਾਂ ਤੋਂ ਇਲਾਵਾ ਸੇਵਾ ਪੰਥੀ ਬਾਬਾ ਬਚਨ ਸਿੰਘ, ਪਿੰਗਵਾੜਾ ਦੇ ਦਿੱਲੀ ਦੇ ਇੰਚਾਰਜ ਸ. ਗਿਆਨ ਸਿੰਘ, ਸ. ਮਨਜੀਤ ਸਿੰਘ, ਸ਼੍ਰੀ ਸੁਨੀਲ ਕੁਮਾਰ, ਸ. ਹਰਪ੍ਰੀਤ ਸਿੰਘ. ਸ਼. ਦਲਵਿੰਦਰ ਸਿੰਘ ਅਦਿ ਮੁੱਖੀਆਂ ਆਦਿ ਨੇ ਵੀ ਹਾਜ਼ਰੀ ਭਰੀ।
Punjab Post Daily Online Newspaper & Print Media