ਸਰਹੱਦ ‘ਤੇ ਦੋਵਾਂ ਮੁਲਕਾਂ ਦੇ ਬੁੱਧੀਜੀਵੀ ਜਗਾਉਣਗੇ ਅਮਨ ਸ਼ਾਂਤੀ ਲਈ ਮੋਮਬੱਤੀਆਂ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਹਿੰਦ ਪਾਕਿ ਦੋਸਤੀ ਮੰਚ ਵੱਲੋਂ ਫੋਕਲੋਰ ਰੀਸਰਚ ਅਕਾਦਮੀਂ, ਪੰਜਾਬ ਜਾਗ੍ਰਿਤੀ ਮੰਚ, ਸਾਫ਼ਮਾ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ 20 ਵਾਂ ਹਿੰਦ ਪਾਕਿ ਦੋਸਤੀ ਮੇਲਾ 14 ਅਗਸਤ ਨੂੰ ਪੰਜਾਬ ਨਾਟਸ਼ਾਲਾ, (ਸਾਮਣੇ ਖ਼ਾਲਸਾ ਕਾਲਜ) ਵਿਖੇ ਮਨਾਇਆ ਜਾ ਰਿਹਾ ਹੈ। ਹਿੰਦ ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਸਿੰਘ ਮਾਣਕ ਅਤੇ ਫੋਕਲੋਰ ਰੀਸਰਚ ਅਕਾਦਮੀਂ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਸਵੇਰੇ 10.30 ਵਜੇ ਪੰਜਾਬ ਨਾਟਸ਼ਾਲਾ ਵਿਖੇ ‘ਕੌਮਾਂਤਰੀ ਦਹਿਸ਼ਤਵਾਦ ਦੀ ਚੁਣੌਤੀ ਤੇ ਦੱਖਣੀ ਏਸ਼ੀਆ ਦਾ ਰੋਲ’ ਵਿਸ਼ੇ ਤੇ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਮੰਬਈ ਤੋਂ ਉੱਘੇ ਪੱਤਰਕਾਰ ਜਤਿਨ ਦੇਸਾਈ, ਦਿੱਲੀ ਤੋਂ ਪੱਤਰਕਾਰ ਹਰੀਸ਼ ਕਿਦਵਾਈ, ਪੁਸ਼ਪਿੰਦਰ ਕੁਲਸ਼ੇਸ਼ਠਾ, ਪ੍ਰੋ: ਬਾਵਾ ਸਿੰਘ, ਪ੍ਰੋ: ਕੁਲਦੀਪ ਅਤੇ ਜਨਾਬ ਕਮਰ ਆਗਾ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਸੈਮੀਨਾਰ ਦੀ ਪ੍ਰਧਾਨਗੀ ਪੱਛਮੀਂ ਬੰਗਾਲ ਤੋਂ ਸੰਸਦ ਮੁਹੰਮਦ ਸਲੀਮ ਕਰਨਗੇ। ਸ਼ਾਮ ਨੂੰ 7.30 ਵਜੇ ਇਸੇ ਸਥਾਨ ਤੇ ਸੂਫ਼ੀ ਗਾਇਕੀ ਦਾ ਪ੍ਰੋਗਰਾਮ ਹੋਵੇਗਾ ਜਿਸ ਮੌਕੇ ਗਾਇਕ ਦਿਲਜਾਨ ਅਤੇ ਸੰਨੀ ਸਲੀਮ ਸੂਫ਼ੀ ਗਾਇਣ ਪੇਸ਼ ਕਰਨਗੇ। ਸ੍ਰੀ ਯਾਦਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੁਪਹਿਰ 2 ਵਜੇ ਜੱਲਿਆਂਵਾਲਾ ਬਾਗ ਤੋਂ ਜੋਤੀ ਲੈ ਕੇ ਅਮਨ ਕਾਫ਼ਲਾ ਜਨਾਬ ਮੁਹੰਮਦ ਸਲੀਮ ਦੀ ਅਗਵਾਈ ਵਿੱਚ ਅਟਾਰੀ ਸਰਹੱਦ ਵਿਖੇ ਪੁੱਜੇਗਾ ਅਤੇ ਦੇਸ਼ ਵੰਡ ਵੇਲੇ ਦੋਵੇਂ ਪਾਸੇੇ ਮਾਰੇ ਗਏ ਦਸ ਲੱਖ ਨਿਰਦੋਸ਼ ਪੰਜਾਬੀਆਂ ਨੂੰ ਸ਼ਰਧਾਂਜਲੀ ਭੇਟ ਕਰੇਗਾ। ਦੇਰ ਰਾਤ ਨੂੰ ਅਟਾਰੀ ਸਰਹੱਦ ਵਿਖੇ ਚੋਣਵੇਂ ਬੁੱਧੀਜੀਆਂ ਵੱਲੋਂ ਅਮਨ ਸ਼ਾਂਤੀ ਦੇ ਦੋਸਤੀ ਦਾ ਸੰਦੇਸ਼ ਦਿੰਦਿਆਂ ਮੋਮਬੱਤੀਆਂ ਬਾਲੀਆਂ ਜਾਣਗੀਆਂ ਤੇ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਉਸੇ ਵਕਤ ਰਾਤ 12 ਵਜ਼ੇ ਇਮਤਿਆਜ਼ ਆਲਮ ਅਤੇ ਮੈਡਮ ਸਾਇਦਾ ਦੀਪ ਦੀ ਅਗਵਾਈ ਹੇਠ ਪਾਕਿਸਤਾਨੀ ਬੁੱਧੀਜੀਵੀ ਪੱਤਕਾਰ ਅਤੇ ਭਾਰਤ ਨਾਲ ਹਮ ਖ਼ਿਆਲੀ ਲੋਂਕ ਮੋਮਬੱਤੀਆਂ ਸਰਹੱਦ ਦੇ ਜਗਾਉਣ ਲਈ 14-15 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਵਾਹਗਾ ਸਰਹੱਦ ਵਿਖੇ ਪੁੱਜਣਗੇ।
Punjab Post Daily Online Newspaper & Print Media