
ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਸਿੱਖਿਆ ਸੰਸਥਾਵਾਂ ਦੇ ਨਾਲ-ਨਾਲ ਨਿੱਜੀ ਸੰਸਥਵਾਂ ਦਾ ਵੀ ਸਿੱਖਿਆ ਦੇ ਪਸਾਰ ਵਿੱਚ ਵੱਡਾ ਯੋਗਦਾਨ ਹੈ।ਇਹ ਸ਼ਬਦ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਬਟਾਲਾ ਦੇ ਖਜੂਰੀ ਗੇਟ ਵਿਖੇ ‘ਦੀ ਆਈਲਟਸ ਇੰਸਟੀਚਿਊਟ’ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਸ. ਸੇਖਵਾਂ ਨੇ ਕਿਹਾ ਕਿ ਕਿਸੇ ਵੀ ਸਮਾਜ ਤੇ ਦੇਸ਼ ਦੀ ਤਰੱਕੀ ‘ਚ ਸਿੱਖਿਆ ਦਾ ਸਭ ਤੋਂ ਵੱਡਾ ਰੋਲ ਹੈ ਅਤੇ ਸਿੱਖਿਅਤ ਸਮਾਜ ਹੀ ਤਰੱਕੀ ਦੀਆਂ ਮੰਜ਼ਿਲਾਂ ਨੂੰ ਹਾਸਲ ਕਰ ਸਕਦਾ ਹੈ।
ਚੇਅਰਮੈਨ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਆਈਲਟਸ ਦੇ ਕੋਰਸ ਦੀ ਬਟਾਲਾ ‘ਚ ਖੁਲੀ ਇਹ ਨਵੀਂ ਸਿੱਖਿਆ ਸੰਸਥਾ ਇਲਾਕੇ ਦੇ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਲੜਕੇ-ਲੜਕੀਆਂ ਆਈਲਟਸ ਸਮੇਤ ਕੈਰੀਅਰ ਗਾਈਡੈਂਸ ਲੈ ਕੇ ਬਾਹਰਲੇ ਦੇਸ਼ਾਂ ‘ਚ ਕਾਮਯਾਬੀ ਨਾਲ ਆਪਣਾ ਭਵਿੱਖ ਬਣਾ ਸਕਣਗੇ। ਉਨ੍ਹਾਂ ਕਿਹਾ ਜਿਥੇ ਇਸ ਸੰਸਥਾ ਵੱਲੋਂ ਨੌਜਵਾਨਾਂ ਨੂੰ ਸਿੱਖਿਅਤ ਕੀਤਾ ਜਾਵੇਗਾ ਉਥੇ ਵਿਦੇਸ਼ ਜਾਣ ਲਈ ਸਹੀ ਰਸਤੇ ਦੀ ਚੋਣ ਕਰਨ ਦੇ ਨਾਲ ਉਨ੍ਹਾਂ ਦੀ ਰਹਿਨੁਮਾਈ ਵੀ ਕਰੇਗੀ।
ਸ. ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸੂਚਨਾ ਤਕਨੌਲਜੀ ਦੇ ਇਸ ਯੁੱਗ ਵਿੱਚ ਪੂਰਾ ਵਿਸ਼ਵ ਇੱਕ ਪਿੰਡ ਦੀ ਨਿਆਈ ਹੈ ਅਤੇ ਲੋਕਾਂ ਦੀ ਸੋਚ ਅਤੇ ਕੰਮ-ਕਾਰ ਦੇ ਖੇਤਰ ਵਿੱਚ ਵਿਸ਼ਾਲਤਾ ਆਈ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਚਣੌਤੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਮਿਆਰੀ ਸਿੱਖਿਆ ਦੇ ਪਸਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਅੱਜ ਦੀ ਤਰੀਕ ਵਿੱਚ ਸੂਬਾ ਪੰਜਾਬ ਸਿੱਖਿਆ ਦੇ ਖੇਤਰ ‘ਚ ਮੋਹਰੀ ਕਤਾਰ ‘ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉੱਚ ਸਿੱਖਿਆ ਲਈ ਨਵੇਂ ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹਣ ਦੇ ਨਾਲ ਤਕਨੀਕੀ ਸਿੱਖਿਆ ਦੇ ਪਸਾਰ ਲਈ ਵਿਸ਼ੇਸ਼ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਕਦਾ ਅੱਜ ਪੰਜਾਬ ‘ਚ ਪੜ੍ਹੇ ਨੌਜਵਾਨ ਪੂਰੀ ਦੁਨੀਆਂ ‘ਚ ਸਫਲਤਾ ਦੀ ਪੌੜ੍ਹੀਆਂ ਚੜ੍ਹ ਰਹੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਰੇਸ਼ ਭਾਟੀਆ, ਐਸ.ਪੀ. ਪ੍ਰਦੀਪ ਮਲਿਕ, ਕਸਤੂਰੀ ਲਾਲ ਸੇਠ, ਸ਼ਸ਼ੀ ਸੇਠ, ਪੰਕਜ ਸੇਠ, ਕੋਛੜ ਚੱਢਾ, ਗੌਰਵ ਸੇਠ, ਅਸ਼ੋਕ ਚੱਢਾ, ਮੰਨੂੰ ਚੱਢਾ, ਲੱਵ ਚੱਢਾ, ਹੈਪੀ, ਮਨਿੰਦਰ ਸਿੰਘ, ਸ਼ਸ਼ੀ ਭੂਸ਼ਨ ਵਰਮਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਨਿਵਾਸੀ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media