ਸਿੱਖਾਂ ਨੂੰ ਆਪਣੀ ਆਬਾਦੀ ਵਧਾਉਣ ਦੀ ਅਸਿੱਧੇ ਤਰੀਕੇ ਨਾਲ ਦਿੱਤੀ ਸਲਾਹ

ਨਵੀਂ ਦਿੱਲੀ, 26 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੱਖਾਂ ਨੂੰ ਆਪਣੀ ਆਬਾਦੀ ਵਧਾਉਣ ਦੀ ਅਸਿੱਧੇ ਤਰੀਕੇ ਨਾਲ ਸਲਾਹ ਦਿੱਤੀ ਹੈ। ਦੇਸ਼ ਦੀ ਆਬਾਦੀ ਵਿੱਚ ਸਿੱਖਾਂ ਦੀ 0.2 ਫੀਸਦੀ ਅਬਾਦੀ ਘਟਣ ਦਾ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਹਵਾਲਾਂ ਦਿੰਦੇ ਹੋਏ ਜੀ. ਕੇ. ਨੇ ਇਸ ਗਿਣਤੀ ਨੂੰ ਧਿਆਨ ਨਾਲ ਦੇਖਣ ਦੀ ਸਿੱਖਾਂ ਨੂੰ ਸਲਾਹ ਦਿੱਤੀ ਹੈ। ਜੀ. ਕੇ. ਨੇ ਸਿੱਖ ਕੌਮ ਦੀ ਘੱਟਦੀ ਆਬਾਦੀ ਦੇ ਰੂਝਾਨ ਨੂੰ ਭਵਿੱਖ ਵਿੱਚ ਸਿੱਖਾਂ ਦੀ ਹੋਂਦ ਅਤੇ ਮੌਜੂਦਾਂ ਸਮੇਂ ਵਿੱਚ ਸਿੱਖਾਂ ਦੇ ਘਟਗਿਣਤੀ ਢਾਂਚੇ ਦੇ ਢਾਹ ਲੱਗਣ ਦਾ ਵੀ ਖ਼ਦਸ਼ਾ ਜਤਾਇਆ ਹੈ।
ਸਿੱਖਾਂ ਨੂੰ ਬਹਾਦਰ ਕੌਮ ਦਸਦੇ ਹੋਏ ਜੀ.ਕੇ ਨੇ ਸੰਸਾਰ ਭਰ ਵਿੱਚ ਸਿੱਖਾਂ ਵੱਲੋਂ ਮਾਰਿਆਂ ਗਈਆਂ ਮੱਲਾਂ ਲਈ ਕਿਸੇ ਪ੍ਰਕਾਰ ਦੇ ਪ੍ਰਚਾਰ ਜਾਂ ਪਛਾਣ ਦੀ ਲੋੜ ਨਾ ਹੋਣ ਦੀ ਵੀ ਗਲ ਕਹੀ। ਸਿੱਖਾਂ ਵੱਲੋਂ ਕਿਰਸਾਨੀ, ਖੇਡਾਂ, ਫੌਜ, ਕਾਰਖਾਨੇ, ਸਨਅਤਕਾਰੀ, ਵਪਾਰ, ਆਈ.ਟੀ. ਸਣੇ ਹੋਰ ਖਿੱਤੀਆ ਵਿੱਚ ਮਜਬੂਤ ਤਕਨੀਕੀ ਅਤੇ ਮਹਿਨਤੀ ਤਾਕਤ ਦੇ ਭਰੋਸੇ ਘਟਗਿਣਤੀ ਹੋਣ ਦੇ ਬਾਵਜੂਦ ਵਿਖਾਏ ਗਏ ਜੌਹਰਾਂ ਨੂੰ ਵੀ ਜੀ.ਕੇ. ਨੇ ਯਾਦ ਕੀਤਾ।
ਸੰਸਾਰ ਭਰ ਵਿੱਚ ਸਿੱਖਾਂ ਵੱਲੋਂ ਖੁਸ਼ੀ ਅਤੇ ਕੁਦਰਤੀ ਕਰੋਪੀ ਦੌਰਾਨ ਵੱਧ ਚੜ ਕੇ ਹਿੱਸਾ ਪਾਉਣ ਦੇ ਚਲੇ ਆ ਰਹੇ ਰੁਝਾਨ ਤੇ ਵੀ ਜੀ.ਕੇ. ਨੇ ਸ਼ਤੋਸ ਜਤਾਇਆ। ਲੋਕਸ਼ਾਹੀ ਵਿੱਚ ਸਿਰਾਂ ਦੀ ਗਿਣਤੀ ਹੋਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਿੱਖਾਂ ਨੂੰ ਆਪਣੀ ਗਿਣਤੀ ਨੂੰ ਨਾ ਘਟਾਉਣ ਦੀ ਦਿਸ਼ਾ ਵਿੱਚ ਵੀ ਕੰਮ ਕਰਨ ਦੀ ਸਲਾਹ ਦਿੱਤੀ।ਜੀ. ਕੇ. ਨੇ ਗੁਣਾਤੰਤਰ ਦੇ ਨਾਲ ਗੁਣਤੰਤਰ ਨੂੰ ਵੀ ਸਿੱਖ ਕੌਮ ਦੇ ਏਜੰਡੇ ਵਿੱਚ ਅੱਗੇ ਰੱਖਣ ਦੀ ਸਿੱਖਾਂ ਨੂੰ ਬੇਨਤੀ ਕੀਤੀ।
ਆਪਣੀ ਗੱਲ ਨੂੰ ਹੋਰ ਸਾਫ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਉਨ੍ਹਾਂ ਦਾ ਮਤਲਬ ਬੇਤਰਤੀਬ ਤਰੀਕੇ ਨਾਲ ਪਰਿਵਾਰ ਦੀ ਗਿਣਤੀ ਨੂੰ ਵਧਾਉਣ ਦੇ ਵੱਲ ਨਹੀਂ ਹੈ ਸਗੋਂ ਹਰ ਪਰਿਵਾਰ ਨੂੰ ਆਪਣੇ ਮਾਲੀ ਹਾਲਾਤਾਂ ਨੂੰ ਵੇਖ ਕੇ ਪਰਿਵਾਰ ਦੀ ਗਿਣਤੀ ਤੈਅ ਕਰਨ ਦਾ ਅਧਿਕਾਰ ਆਪਣੇ ਕੋਲ ਸੁਰੱਖਿਅਤ ਰਖਣਾ ਚਾਹੀਦਾ ਹੈ। ਪਰ ਮਾਲੀ ਤੌਰ ਤੋਂ ਮਜਬੂਤ ਸਿੱਖਾਂ ਨੂੰ ਇੱਕ ਬੱਚੇ ਦੇ ਪਰਿਵਾਰ ਤਕ ਆਪਣੇ ਦਾਇਰੇ ਨੂੰ ਰੱਖਣ ਦੀ ਬਜਾਏ ਆਪਣੀ ਤਾਕਤ ਅਤੇ ਉਸਾਰੂ ਸੋਚ ਦੇ ਨਾਲ ਕਾਬਿਲ ਪਨੀਰੀ ਤਿਆਰ ਕਰਨ ਵਾਸਤੇ ਕਦਮ ਪੁੱਟਣੇ ਚਾਹੀਦੇ ਹਨ।
ਬੱਚਿਆਂ ਦੀ ਪੈਦਾਇਸ਼ ਦੇ ਨਾਲ ਹੀ ਚੰਗੀ ਸਿਖਿਆ ਦੇ ਕੇ ਚੰਗਾ ਸ਼ਹਿਰੀ ਬਣਾਉਂਦੇ ਹੋਏ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਵੱਡਮੁੱਲਾ ਹਿੱਸਾ ਪਾਉਣ ਦੀ ਵੀ ਜੀ.ਕੇ. ਨੇ ਵਕਾਲਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖਾਂ ਨੂੰ ਚਾਰ ਬੱਚੇ ਜਮਣ ਦੀ ਬੀਤੇ ਦਿੱਨੀ ਦਿੱਤੀ ਗਈ ਸਲਾਹ ਤੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਜੀ.ਕੇ. ਨੇ ਇਸ ਸੰਬੰਧ ਵਿੱਚ ਪਰਿਵਾਰ ਦੇ ਮੁੱਖੀ ਨੂੰ ਹੀ ਆਪਣੀ ਅਤੇ ਆਪਣੀ ਧਰਮ ਸੁਪਤਨੀ ਦੀ ਸਿਹਤ, ਪਰਿਵਾਰ ਵਾਸਤੇ ਸਮਾਂ ਅਤੇ ਚੰਗੇ ਸੰਸਕਾਰ ਤੇ ਸਿਖਿਆ ਦੇਣ ਲਈ ਸਰਮਾਏ ਦੀ ਮੌਜੂਦਗੀ ਨੂੰ ਵੀ ਮੁਖ ਕਾਰਨਾਂ ਦੇ ਤੌਰ ਤੇ ਆਪਣਾ ਨਜਰਿਆਂ ਤੈਅ ਕਰਨ ਵਾਸਤੇ ਸਾਹਮਣੇ ਰੱਖਣ ਦੀ ਵੀ ਗਲ ਕਹੀ। ਕੁੱਖ ਵਿਚ ਬੱਚੀਆਂ ਨੂੰ ਮਾਰਨ ਤੋਂ ਰੋਕਣ ਅਤੇ ਬਿਨਾਂ ਦਾਜ ਦੇ ਅਨੰਦ ਕਾਰਜ ਕਰਵਾਉਣ ਦੇ ਰੁਝਾਨ ਨੂੰ ਵਧਾਉਣ ਵਾਸਤੇ ਜੀ.ਕੇ. ਨੇ ਸਮਾਜਿਕ ਜਥੇਬੰਦੀਆਂ ਅਤੇ ਪਤਵੰਤੇ ਸਿੱਖਾਂ ਨੂੰ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਲਈ ਅੱਗੇ ਆਉਣ ਦਾ ਵੀ ਸੱਦਾ ਦਿੱਤਾ।
Punjab Post Daily Online Newspaper & Print Media