ਦਿੱਲੀ ਕਮੇਟੀ ਨੇ ਮ੍ਰਿਤਕ ਬੱਚੀ ਤੇ ਗੁਰਦੁਆਰਾ ਸਾਹਿਬ ਲਈ ਸਰਕਾਰ ਤੋਂ ਕੀਤੀ ਮੁਆਵਜੇ ਦੀ ਮੰਗ

ਨਵੀਂ ਦਿੱਲੀ, 26 ਅਗਸਤ (ਅੰਮ੍ਰਿਤ ਲਾਲ ਮੰਨਣ) – ਗੀਤਾ ਕਾੱਲੋਨੀ 10 ਬਲਾੱਕ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਡਿੱਗਣ ਦੇ ਹਾਦਸੇ ਵਿੱਚ 5 ਸਾਲਾਂ ਬੱਚੀ ਦੀ ਮੌਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਮੌਕੇ ਤੇ ਹਾਲਾਤਾਂ ਦਾ ਜਾਇਜਾ ਲੈਣ ਪੁੱਜੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਹਾਦਸੇ ਲਈ ਦਿੱਲੀ ਸਰਕਾਰ ਦੇ ਪੀ.ਡਬਲਿਯੂ.ਡੀ ਮਹਿਕਮੇ ਨੂੰ ਦੋਸ਼ੀ ਗਰਦਾਨਦੇ ਹੋਏ ਪੀੜਿਤ ਪਰਿਵਾਰ ਤੇ ਗੁਰਦੁਆਰਾ ਸਾਹਿਬ ਲਈ ਮੁਆਵਜੇ ਦੀ ਮੰਗ ਕੀਤੀ ਹੈ।
ਇਥੇ ਇਹ ਜਿਕਰਯੋਗ ਹੈ ਕਿ ਬੀਤੀ ਰਾਤ ਨੂੰ ਲਗਭਗ ਢਾਈ ਵਜੇ ਗੁਰਦੁਆਰੇ ਸਾਹਿਬ ਦੇ ਬਾਹਰ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਪੀ.ਡਬਲਿਯੂ.ਡੀ. ਵੱਲੋਂ 6 ਫੁੱਟ ਡੂੰਘੀ ਮਿੱਟੀ ਪੁਟਣ ਕਾਰਨ ਗੁਰਦੁਆਰੇ ਸਾਹਿਬ ਦੀ ਦੀਵਾਰ ਡਿੱਗ ਗਈ ਸੀ ਜਿਸਦੇ ਮਲਬੇ ਵਿੱਚ ਦੱਬਣ ਨਾਲ ਇਕ ਬੱਚੀ ਦੀ ਮੌਤ ਅਤੇ ਪੰਜ ਹੋਰ ਗੁਰਦੁਆਰੇ ਦੇ ਮੁਲਾਜ਼ਿਮ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ, ਜਿਨ੍ਹਾਂ ਨੂੰ ਸਥਾਨਿਕ ਲੋਕਾਂ ਅਤੇ ਦਿੱਲੀ ਡਿਜਾਸਟਰ ਮੈਨੇਜਮੈਂਟ ਵੱਲੋਂ ਐਲ.ਐਨ.ਜੇ.ਪੀ. ਹਸਪਤਾਲ ਵਿੱਖੇ ਦਾਖਲ ਕਰਵਾਇਆ ਗਿਆ ਹੈ।
ਜੀ.ਕੇ ਨੇ ਦਿੱਲੀ ਸਰਕਾਰ ਨੂੰ ਗੁਰਦੁਆਰਾ ਸਾਹਿਬ ਵੱਲ ਉਂਗਲ ਨਾ ਰੱਖਣ ਦੀ ਦਿੱਤੀ ਧਮਕੀ
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੇ ਸਵੇਰੇ ਮੌਕੇ ਤੇ ਪੁੱਜ ਕੇ ਮਲਬੇ ਵਿੱਚ ਦੱਬੀ ਪਾਲਕੀ ਸਾਹਿਬ ਅਤੇ ਸੁਖਾਸਨ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਵੀ ਦਾਅਵਾ ਕੀਤਾ ਹੈ। ਜੀ.ਕੇ. ਨੇ ਦਿੱਲੀ ਸਰਕਾਰ ਤੇ ਗੁਰਦੁਆਰੇ ਦੇ ਜਮੀਨ ਨੂੰ ਨਾਲ ਬਣਦੇ ਬ੍ਰਿਧ ਆਸ਼ਰਮ ਨਾਲ ਮਿਲਾਉਣ ਵਾਸਤੇ ਗਿਣੀ ਮਿੱਥੀ ਸ਼ਾਜਿਸ ਤਹਿਤ ਇਹ ਕਾਰਜ ਠੇਕੇਦਾਰ ਤੋਂ ਜਬਰਨ ਕਰਾਉਣ ਦਾ ਵੀ ਦਾਅਵਾ ਕੀਤਾ।
ਇਸ ਹਾਦਸੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਮੁੱਦਾ ਬਣਾਉਂਦੇ ਹੋਏ ਜੀ.ਕੇ ਨੇ ਗੁਰਦੁਆਰਾ ਸਾਹਿਬ ਦੀ ਜਮੀਨ ਤੇ ਕਿਸੇ ਸਰਕਾਰੀ ਮਹਿਕਮੇ ਨੂੰ ਉਂਗਲ ਨਾ ਰੱਖਣ ਦੇਣ ਦੀ ਵੀ ਧਮਕੀ ਦਿੱਤੀ ਹੈ। ਮ੍ਰਿਤਕ ਬੱਚੀ ਅਤੇ ਗੁਰਦੁਆਰਾ ਸਾਹਿਬ ਦੇ ਮਾਲੀ ਨੁਕਸਾਨ ਦੀ ਵੀ ਭਰਪਾਈ ਕਰਨ ਦੀ ਵੀ ਜੀ.ਕੇ. ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਹੈ। ਮੌਕੇ ਤੇ ਮੌਜ਼ੂਦ ਸਥਾਨਿਕ ਸਿੱਖਾਂ ਨੂੰ ਹੌਸ਼ਲਾ ਦਿੰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਗੁਰਦੁਆਰਾ ਸਾਹਿਬ ਦੀ ਮੁੜ੍ਹ ਉਸਾਰੀ ਵਾਸਤੇ ਪੂਰਣ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ ਅਤੇ ਮਨਮੋਹਨ ਸਿੰਘ ਵੀ ਮੌਂਜ਼ੂਦ ਸਨ।
Punjab Post Daily Online Newspaper & Print Media