ਕਾਰਵਾਈ ਨਾ ਹੋਣ ‘ਤੇ ਐਕਸ਼ਨ ਕਮੇਟੀ ਵੱਲੋਂ ਥਾਣਾ ਸੰਦੌੜ ਅੱਗੇ ਧਰਨਾ ਦੇਣ ਦਾ ਐਲਾਨ

ਸੰਦੌੜ, 30 ਅਗਸਤ (ਹਰਮਿੰਦਰ ਸਿੰਘ ਭੱਟ)- ਪਿੰਡ ਕਲਿਆਣ ਦੇ ਇਕ ਨੌਜਵਾਨ ਕਿਸਾਨ ਦੀ ਕੁੱਝ ਦਿਨਾਂ ਪਹਿਲਾਂ ਨਹਿਰ ਵਿਚ ਭੇਦਭਰੀ ਹਾਲਤ ਵਿਚ ਡੁੱਬ ਜਾਣ ਕਾਰਣ ਹੋਈ ਮੌਤ ਦਾ ਮਾਮਲਾ ਹੁਣ ਤੂਲ਼ ਫੜਦਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਕਲਿਆਣ ਦੇ ਪੁੱਲ ਤੇ ਕੁੱਝ ਲੋਕਾਂ ਨਾਲ ਹੋਈ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਲਾਸ਼ ਤੀਜੇ ਦਿਨ ਨਹਿਰ ਵਿਚੋਂ ਬਰਾਮਦ ਹੋਈ ਸੀ।ਇਸ ਮਾਮਲੇ ਨੂੰ ਲੈ ਕੇ ਥਾਣਾ ਸੰਦੌੜ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਭਾਵੇਂ 306 ਧਾਰਾ ਤਹਿਤ ਮੁਕੱਦਮਾ ਦਾ ਦਰਜ ਕਰ ਲਿਆ ਸੀ, ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਾ ਹੋਣ ਕਾਰਣ ਹਲਕੇ ਦੇ ਸਿਰਕੱਢ ਅਕਾਲੀ ਆਗੂਆਂ ਅਤੇ ਸਰਪੰਚਾਂ ਨੇ ਐਕਸ਼ਨ ਕਮੇਟੀ ਬਣਾ ਕੇ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ।ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਪੁਲਿਸ ਦੀ ਕਾਰਵਾਈ ਨਾ ਹੋਣ ਕਾਰਣ ਇਲਾਕੇ ਦੇ ਅਕਾਲੀ ਆਗੂਆਂ ਅਤੇ ਅਕਾਲੀ ਦਲ ਨਾਲ ਸਬੰਧਿਤ ਸਰਪੰਚਾਂ ਅਤੇ ਪੰਚਾਂ ਨੇ ਧੜੇਬੰਦੀ ਤੋਂ ਉਪਰ ਉਠ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਪੁਲਿਸ ਤਕ ਪਹੁੰਚ ਕੀਤੀ ਸੀ, ਪਰ ਜਦੋਂ ਪਰਿਵਾਰ ਨੂੰ ਇਨਸਾਫ ਨਾ ਮਿਲਦਾ ਦਿਖਿਆ ਤਾਂ ਪੰਚਾਂ ਅਤੇ ਸਰਪੰਚਾਂ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂ ਐਕਸ਼ਨ ਕਮੇਟੀ ਬਣਾਉਣ ਲਈ ਮਜਬੂਰ ਹੋਏ ਹਨ।
ਐਕਸ਼ਨ ਕਮੇਟੀ ਦੀ ਇਥੇ ਹੋਈ ਮੀਟਿੰਗ ਵਿਚ ਅਕਾਲੀ ਦਲ ਦੇ ਸਰਕਲ ਸੰਦੌੜ ਦੇ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਅਕਾਲੀ ਆਗੂ ਅਜੈਬ ਸਿੰਘ ਕਲਿਆਣ, ਸਰਪੰਚ ਹਰੀਪਾਲ ਸਿੰਘ ਜਲਵਾਣਾ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਬਾਰਾ ਸਿੰਘ ਖੁਰਦ, ਪੰਚ ਦਰਸਨ ਸਿੰਘ ਝਨੇਰ, ਸਾਬਕਾ ਸਰਪੰਚ ਰਘਵੀਰ ਸਿੰਘ ਮਹੋਲੀ, ਪੰਚ ਭੁਪਿੰਦਰ ਸਿੰਘ ਸੋਹੀ, ਸਾਬਕਾ ਸਰਪੰਚ ਸੇਵਕ ਸਿੰਘ ਮਾਣਕੀ, ਨਿਰਭੈ ਸਿੰਘ ਫਰਵਾਲੀ, ਵਿਸਾਖਾ ਸਿੰਘ ਮਹੋਲੀ ਕਲਾਂ, ਫੌਜੇਵਾਲ ਦੀ ਸਰਪੰਚ ਬੀਬੀ ਅਜੀਤ ਕੌਰ ਦੇ ਪਤੀ ਕਰਨੈਲ ਸਿੰਘ ਫੌਜੇਵਾਲ, ਹਰਮੇਲ ਸਿੰਘ ਜਲਵਾਣਾ, ਆਪ ਪਾਰਟੀ ਦੇ ਆਗੂ ਹਰਜੀਤ ਸਿੰਘ ਕਲਿਆਣ ਨੂੰ ਕਮੇਟੀ ਵਿਚ ਸ਼ਾਮਲ ਕੀਤਾ ਗਿਆ।ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਅਗਲੇ ਦੋ ਦਿਨਾਂ ਵਿਚ ਮ੍ਰਿਤਕ ਹਰਜੀਤ ਸਿੰਘ ਨਾਲ ਲੜਾਈ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ 1 ਸਤੰਬਰ ਨੂੰ ਸੰਦੌੜ ਥਾਣੇ ਅੱਗੇ ਵੱਡਾ ਰੋਸ ਧਰਨਾ ਦਿੱਤਾ ਜਾਵੇਗਾ।ਉਧਰ ਥਾਣਾ ਸੰਦੌੜ ਦੇ ਐਸ.ਐਚ.ਓ ਰਾਜੇਸ਼ ਸਨੇਹੀ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਨਾਮਜ਼ੱਦ ਕੀਤੇ ਵਿਅਕਤੀਆਂ ਬੀਰਾ ਸਿੰਘ ਅਤੇ ਬਾਘੂ ਸਿੰਘ ਸਮੇਤ ਇਕ ਹੋਰ ਵਿਅਕਤੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjab Post Daily Online Newspaper & Print Media