Thursday, March 26, 2026

’ਸਿੱਖ ਹਿਉਮਨ ਰਾਈਟਸ ਗਰੁੱਪ’ ਨੂੰ ਮਿਲਿਆ ਸੰਯੁਕਤ ਰਾਸ਼ਟਰ ਦੀ ‘ਕੰਸਲਟੇਟਿਵ ਬਾਡੀ’ ਦਾ ਦਰਜਾ

ਜਥੇਬੰਦੀ ਦੇ ਆਸ਼ੇ ਅਤੇ ਉਦੇਸ਼ਾਂ ਬਾਰੇ ‘ਨਿਸ਼ਾਨ-ਏ-ਸਿੱਖੀ’ ਵਿਖੇ ਉੱਚ-ਪੱਧਰੀ ਸੈਮੀਨਾਰ

PPN3008201516

ਖਡੂਰ ਸਾਹਿਬ, 30 ਅਗਸਤ (ਸੁਖਬੀਰ ਖੁਰਮਨੀਆ) – ਮਨੁੱਖੀ ਅਧਿਕਾਰਾਂ ਦੀ ਸਲਾਮਤੀ ਨੂੰ ਸਮਰਪਿਤ ਕੌਮਾਂਤਰੀ ਸਵੈ-ਸੇਵੀ ਜਥੇਬੰਦੀ ‘ਸਿੱਖ ਹਿਉਮਨ ਰਾਈਟਸ ਗਰੁੱਪ’ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਵਲੋਂ ਆਪਣੀ ‘ਕੰਸਲਟੇਟਿਵ ਬਾਡੀ’ (ਸਲਾਹਕਾਰ ਜਥੇਬੰਦੀ) ਦਾ ਦਰਜਾ ਮਿਲ ਗਿਆ ਹੈ। ਇਸ ਦਾ ਖੁਲਾਸਾ ਅੱਜ ਜਥੇਬੰਦੀ ਦੇ ਚੇਅਰਮੈਨ ਡਾ. ਜਸਦੇਵ ਸਿੰਘ ਰਾਏ (ਯੂਕੇ) ਨੇ ਸੰਸਥਾ ‘ਨਿਸ਼ਾਨ-ਏ-ਸਿੱਖੀ’ ਵਿਖੇ ਹੋਏ ਉੱਚ-ਪੱਧਰੀ ਸੈਮੀਨਾਰ ਦੌਰਾਨ ਕੀਤਾ।ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ ਤੇ ਡਾ. ਸੁਰਜੀਤ ਕੌਰ (ਪੂਣੇ ਯੂਨੀਵਰਸਿਟੀ) ਵੀ ਇਸ ਕੌਮਾਂਤਰੀ ਸੰਗਠਨ ਦੇ ਮੈਂਬਰ ਹਨ।
ਡਾ. ਰਾਏ ਨੇ ਇਸ ਸੈਮੀਨਾਰ ਵਿਚ ਜਥੇਬੰਦੀ ਦੇ ਆਸ਼ੇ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਥੇਬੰਦੀ ਸੰਸਾਰ ਪੱਧਰ ‘ਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ 1985 ਤੋਂ ਲੈ ਕੇ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਸਿੱਖਾਂ ਤੇ ਦੁਨੀਆ ਭਰ ਦੇ ਇਨਸਾਫ ਪਸੰਦ ਲੋਕਾਂ ਲਈ ਇਹ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਵੱਕਾਰੀ ਦਰਜਾ ਮਿਲਣ ਨਾਲ ਸਾਡੀ ਕੌਮਾਂਤਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਵਰਗੀ ਸਿਖਰਲੀ ਸੰਸਥਾ ਤੱਕ ਪਹੁੰਚ ਕਰਨੀ ਬੇਹੱਦ ਆਸਾਨ ਹੋ ਗਈ ਹੈ। ਉਹਨਾਂ ਕਿਹਾ ਕਿ ਇਸ ਜਰੀਏ ਘੱਟ-ਗਿਣਤੀਆਂ ਸਬੰਧੀ ਮੁੱਦਿਆਂ ਨੂੰ ਅਸੀਂ ਵਿਸ਼ਵ-ਪੱਧਰ ‘ਤੇ ਅਸਰਦਾਰ ਢੰਗ ਨਾਲ ਉਠਾ ਸਕਾਂਗੇ। ਡਾ. ਰਘਬੀਰ ਸਿੰਘ ਬੈਂਸ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੰਗਠਨ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਇਹ ਸੰਗਠਨ ਨਾ ਸਿਰਫ ਗੁਰਮਤਿ ਦੇ ਸੰਦਰਭ ਵਿੱਚ ਵਾਤਾਵਰਨ ਦੀ ਸ਼ੁਧਤਾ ਲਈ ਯਤਨ ਕਰੇਗਾ, ਸਗੋਂ ਸਿੱਖ ਧਰਮ ਦੇ ਸਰਬੱਤ ਦੇ ਭਲੇ ਵਾਲੇ ਫਲਸਫੇ ਦਾ ਵੀ ਪ੍ਰਚਾਰ ਕਰੇਗਾ। PPN3008201517
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਮਨੁੱਖੀ ਹੱਕਾਂ ਲਈ ਕੁਰਬਾਨੀ ਦੇਣ ਦੀ ਪ੍ਰੇਰਨਾ ਸਿੱਖਾਂ ਨੂੰ ਨੌਂਵੇਂ ਪਾਤਸ਼ਾਹਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਰੂਪ ਵਿਚ ਆਪਣੇ ਵਿਰਸੇ ਵਿੱਚੋਂ ਮਿਲੀ ਹੈ। ਮੇਜਰ ਜਨਰਲ ਆਰ.ਐੱਸ. ਛਤਵਾਲ ਨੇ ਕਿਹਾ ਕਿ ਸੰਯਕਤ ਰਾਸ਼ਟਰ ਵਲੋਂ ਇਹ ਦਰਜਾ ਮਿਲਣ ਨਾਲ ਇਨਸਾਫ ਪਸੰਦ ਕਾਰਕੁੰਨਾਂ ਤੇ ਖਾਸ ਕਰਕੇ ਸਿੱਖਾਂ ਦੇ ਪੱਖ ਨੂੰ ਸੰਸਾਰ ਪੱਧਰ ‘ਤੇ ਹੋਰ ਮਜਬੂਤੀ ਮਿਲੀ ਹੈ। ਅਖੀਰ ਵਿਚ ਬਾਬਾ ਸੇਵਾ ਸਿੰਘ ਨੇ ਡਾ. ਰਾਏ ਤੇ ਹੋਰ ਸਮੂਹ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ (ਧਰਮ ਪ੍ਰਚਾਰ) ਸ. ਵਰਿਆਮ ਸਿੰਘ ਨੇ ਮੰਚ ਸਕੱਤਰ ਦੀ ਭੂਮਿਕਾ ਬਾਖੂਬੀ ਅਦਾ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਸ. ਗੁਰਬਚਨ ਸਿੰਘ ਕਰਮੂੰਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਵਿੰਦਰ ਸਿੰਘ ਵੇਂਈਂਪੁਈਂ, ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ, ਨਿਸ਼ਾਨ-ਏ-ਸਿੱਖੀ ਟਰੱਸਟ ਦੇ ਸਕੱਤਰ ਸ. ਅਵਤਾਰ ਸਿੰਘ ਬਾਜਵਾ, ਐੱਚ.ਐੱਸ. ਢਿਲੋਂ, ਮੁੰਬਈ ਤੋਂ ਸ. ਦਲਜੀਤ ਸਿੰਘ ਬੱਲ, ਆਈ. ਜੀ. ਭੁੱਲਰ (ਸੇਵਾ ਮੁਕਤ), ਕਰਨਲ ਪ੍ਰਦੁਮਣ ਸਿੰਘ, ਸ. ਲਖਵਿੰਦਰ ਸਿੰਘ ਬਾਜਵਾ ਯੂ.ਕੇ, ਸਰੂਪ ਸਿੰਘ ਆਈ.ਪੀ.ਐੱਸ. (ਰਿਟਾ), ਬਲਦੇਵ ਸਿੰਘ ਸੰਧੂ, ਗੁਰਸ਼ਰਨਜੀਤ ਸਿੰਘ ਮਾਨ, ਪਿਆਰਾ ਸਿੰਘ, ਸ੍ਰ. ਪੰਨੂੰ, ਜਸਬੀਰ ਸਿੰਘ ਮਹਿਤੀਆ, ਸ. ਲਖਵਿੰਦਰ ਸਿੰਘ ਠੇਕੇਦਾਰ, ਅਜੀਤ ਸਿੰਘ ਮੁਗਲਾਣੀ, ਨਿੰਦਰ ਸਿੰਘ ਸ਼ਾਹ, ਮੈਡਮ ਸਿਮਰਜੀਤ ਕੌਰ, ਸ. ਮਹਿੰਦਰ ਸਿੰਘ ਡਾ. ਕਾਲਾ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply