
ਤਲਵੰਡੀ ਘੁਮਾਣ, 30 ਅਗਸਤ (ਪ.ਪ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪਿੰਡ ਤਲਵੰਡੀ ਘੁਮਾਣ ਵਿੱਖੇ ਸ਼੍ਰੋਮਣੀ ਭਗਤ ਨਾਮਦੇਵ ਜੀ, ਬਾਬਾ ਬੀਰ ਸਿੰਘ ਨੌਰੰਗਾਬਾਦ, ਬਾਬਾ ਜੋਗਿੰਦਰ ਸਿੰਘ ਭੰਗਾਲੀ ਕਲ੍ਹਾ ਅਤੇ ਬਾਬਾ ਮੋਹਨ ਸਿੰਘ ਦੀ ਯਾਦ ਵਿਚ ਬਨਣ ਵਾਲੇ ਯਾਦਗਾਰੀ ਗੇਟ ਦੀ ਉਸਾਰੀ ਲਈ ਖੁਦ ਟੱਕ ਲਾ ਕੇ ਸ਼ੁਰੂਆਤ ਕੀਤੀ ।
25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਇਸ ਯਾਦਗਾਰੀ ਸਵਾਗਤੀ ਗੇਟ ਦੇ ਕੰਮ ਦੀ ਸ਼ੁਰੂਆਤ ਮੌਕੇ ਬਾਬਾ ਅਜੈਬ ਸਿੰਘ ਗੁਰੂ ਕੇ ਬਾਗ, ਸੰਤ ਬਾਬਾ ਮਨਮੋਹਨ ਸਿੰਘ ਜਲੰਧਰੀ ਭੰਗਾਲੀ ਕਲ੍ਹਾ, ਬਾਬਾ ਬੀਰ ਸਿੰਘ ਭੰਗਾਲੀ ਕਲ੍ਹਾਂ, ਬਾਬਾ ਪ੍ਰਭਜੀਤ ਸਿੰਘ ਕੰਟੋਵਾਲ ਆਦਿ ਪ੍ਰਮੁੱਖ ਧਾਰਮਿਕ ਸਖਸੀਅਤਾਂ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।
ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਨੌਜਵਾਨ ਪੀੜੀ ਨੂੰ ਅਮੀਰ ਵਿਰਸੇ ਨਾਲ ਜੋੜਣ ਲਈ ਕਰੋੜਾਂ ਦੀਆਂ ਲਾਗਤਾਂ ਨਾਲ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਅਜ ਸ਼ੁਰੂ ਕੀਤੇ ਜਾ ਰਿਹਾ ਇਹ ਸਵਾਗਤੀ ਗੇਟ ਬਹੁਤ ਹੀ ਖੂਬਸੂਰਤ ਅਤੇ ਪਿੰਡ ਦੇ ਮੁਹਾਂਦਰੇ ਨੂੰ ਨਵੀ ਦਿੱਖ ਦੇਵੇਗਾ।ਉਹਨਾਂ ਕਿਹਾ ਕਿ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਇੱਕ ਨੁਕਾਤੀ ਪ੍ਰੋਗਰਾਮ ਹਲਕੇ ਅਤੇ ਅੰਮਿਤ੍ਰਸਰ ਜ਼ਿਲ੍ਹੇ ਵਿੱਚ ਲਾਮਿਸਾਲ ਵਿਕਾਸ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾ ਦੀ ਖੜੌਤ ਨਹੀ ਆਉਣ ਦਿੱਤੀ ਜਾਵੇਗੀ। ਕਿਉਕਿ ਪੰਜਾਬ ਸਰਕਾਰ ਨੇ ਇਸ ਮਕਸਦ ਲਈ 6000 ਕਰੋੜ ਤੋਂ ਵੱਧ ਦਾ ਬਜਟ ਰੱਖਿਆ ਹੋਇਆ ਹੈ। ਬੈਕਾਂ ਰਾਹੀ ਮਿਲ ਰਹੀਆਂ ਪੈਨਸਨਾਂ ਬਾਬਤ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸਰਪੰਚਾਂ ਰਾਹੀ ਪੈਨਸ਼ਨਾਂ ਵੰਡਵਾਉਣ ਦਾ ਮਾਮਲਾ ਮੁੱਖ ਮੰਤਰੀ ਸ੍ਰੀ ਪ੍ਰਕਾਸ ਸਿੰਘ ਬਾਦਲ ਦੇ ਵਿਚਾਰਅਧੀਨ ਹੈ।ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨਾਂ ਨਾਲ ਸੰਬੰਧਤ ਇਸ ਮਾਮਲੇ ਦਾ ਹੱਲ ਬਹੁਤ ਹੀ ਜਲਦ ਕੱਢ ਲਿਆ ਜਾਵੇਗਾ।
ਇਸ ਮੌਕੇ ਪ੍ਰਮੁੱਖ ਸਖਸ਼ੀਅਤਾਂ ਵਿੱਚ,ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਗੁਰਦੇਵ ਸਿੰਘ ਅਲਕੜੇ, ਪੱਪੂ ਜੇਤੀਪੁਰ, ਮੁਕੇਸ਼ ਨੰਦਾ, ਅਮਰੀਕ ਭੰਗਾਲੀ, ਕਸ਼ਮੀਰ ਤਲਵੰਡੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media