Thursday, March 19, 2026

ਬਾਲਾ ਸਾਹਿਬ ਹਸਪਤਾਲ ਦਾ ਕਾਨੂੰਨੀ ਰੇੜਕਾ ਮੁੱਕਿਆ

PPN0409201512

ਨਵੀਂ ਦਿੱਲੀ, 4 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਦੀ ਸਿੱਖ ਸਿਆਸ਼ਤ ਵਿੱਚ ਅਹਿਮ ਮੁੱਦਾ ਰਹੇ ਬਾਲਾ ਸਾਹਿਬ ਹਸਪਤਾਲ ਦਾ ਕਬਜਾ ਅੱਜ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਤੇ ਪ੍ਰਾਪਤ ਹੋ ਗਿਆ ਹੈ। ਜੇਕਰ ਇਸਦੇ ਪਿੱਛੋਕੜ ਦੀ ਗਲ ਕਰਇਏ ਤਾਂ 1989 ਵਿੱਚ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵੱਲੋਂ ਹਸਪਤਾਲ ਬਣਾਉਣ ਲਈ ਗੁਰਦੁਆਰਾ ਬਾਲਾ ਸਾਹਿਬ ਦੇ ਨਾਲ ਦੀ 13 ਏਕੜ ਜਮੀਨ ਲਈ ਗਈ ਸੀ।ਜਿਸ ਦੀ ਕੀਮਤ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਦੀ ਪ੍ਰਧਾਨਗੀ ਦੌਰਾਨ ਡੀਡੀਏ ਨੂੰ 31 ਲੱਖ 92 ਹਜਾਰ ਰੁਪਏ ਦਿੱਤੀ ਗਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 2001 ਵਿਖੇ 400 ਬੈਡ ਦੇ ਹਸਪਤਾਲ ਅਤੇ ਮੈਡੀਕਲ ਕਾੱਲਜ ਦੀ ਉਸਾਰੀ ਦਾ ਨੀਂਹ ਪੱਥਰ ਰਖਣ ਉਪਰੰਤ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਾਨਦਾਰ ਬਿਲਡਿੰਗ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ।
ਪਰ ਹਿਤ ਦੇ ਪ੍ਰਧਾਨਗੀ ਤੋਂ ਹਟਣ ਉਪਰੰਤ ਸੇਵਾ ਵਿੱਚ ਆਏ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਵੱਲੋਂ ਉਕਤ ਹਸਪਤਾਲ ਨੂੰ ਚਲਾਉਣ ਤੋਂ ਨਾ ਕਰਦੇ ਹੋਏ ਮਨੀਪਾਲ ਹੈਲਥ ਕੇਅਰ ਨੂੰ ਹਸਪਤਾਲ ਚਲਾਉਣ ਦੇ ਅਧਿਕਾਰ ਦੇ ਦਿੱਤੇ ਸਨ। ਕਾਫੀ ਵਾਦ ਵਿਵਾਦ ਤੋਂ ਬਾਅਦ ਮਨੀਪਾਲ ਤੋਂ ਕਰਾਰ ਰੱਦ ਕਰਕੇ ਸਰਨਾ ਨੇ ਨਵਾਂ ਕਰਾਰ ਬੀ.ਐਲ. ਕਪੂਰ ਦੀ ਰੇਡੀਐਂਟ ਹੈਲਥ ਕੇਅਰ ਦੇ ਨਾਲ ਕਰ ਦਿੱਤਾ ਸੀ। ਜਿਸ ਕਰਕੇ 2013 ਦੀਆਂ ਦਿੱਲੀ ਕਮੇਟੀ ਚੋਣਾਂ ਵਿੱਚ ਇਸ ਮੁੱਦੇ ਤੇ ਸੰਗਤਾਂ ਨੇ ਖੁਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਾਲਾ ਸਾਹਿਬ ਹਸਪਤਾਲ ਖੁਦ ਕਮੇਟੀ ਵੱਲੋਂ ਚਲਾਉਣ ਦੇ ਚੋਣ ਮਨੌਰਥ ਪੱਤਰ ਵਿੱਚ ਕੀਤੇ ਗਏ ਵਾਇਦੇ ਤੇ ਭਰੋਸਾ ਕਰਦੇ ਹੋਏ 46 ਵਿਚੋਂ 37 ਸੀਟਾਂ ਤੇ ਇੱਕ ਪਾਸੜ ਜਿਤਾਇਆ ਸੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਾਈਕੋਰਟ ਦੇ ਆਦੇਸ਼ ਬਾਅਦ ਰਸ਼ਮੀ ਤੌਰ ਤੇ ਬਾਲਾ ਸਾਹਿਬ ਹਸਪਤਾਲ ਵਿਖੇ ਪੁੱਜ ਕੇ ਕਬਜਾ ਲੈਣ ਉਪਰੰਤ ਅਕਾਲ ਪੁਰਖ ਦੇ ਸ਼ੁਕਰਾਨੇ ਵੱਜੋਂ ਉਕਤ ਅਸਥਾਨ ਤੇ ਕਮੇਟੀ ਵੱਲੋਂ ਛੇਤੀ ਹੀ ਕੀਰਤਨ ਸਮਾਗਮ ਕਰਾਉਣ ਦਾ ਵੀ ਐਲਾਨ ਕੀਤਾ। ਖੁਸ਼ੀ ਵਿਚ ਭਿੱਜੇ ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਨ ਦੌਰਾਨ ਅਦਾਲਤ ਦੇ ਇਸ ਫੈਸਲੇ ਨੂੰ ਪੰਥ ਦੀ ਜਿੱਤ ਦਸਦੇ ਹੋਏ ਸਰਨਾ ਭਰਾਵਾਂ ਤੇ ਭ੍ਰਿਸ਼ਟਾਚਾਰ ਕਰਨ ਦੇ ਗੰਭੀਰ ਦੋਸ਼ ਲਗਾਏ। ਜੀ.ਕੇ ਨੇ ਫੈਸਲੇ ਦਾ ਖੁਲਾਸਾ ਕਰਦੇ ਹੋਏ ਦਸਿਆ ਕਿ ਅਦਾਲਤ ਵੱਲੋਂ ਲਗਾਏ ਗਏ ਫੈਸਲਾਕਾਰ ਰਿਟਾਇਰਡ ਜੱਜ ਆਰ.ਸੀ ਜੈਨ ਦੀ ਮੌਜੂਦਗੀ ਵਿੱਚ ਕਮੇਟੀ ਅਤੇ ਬੀ.ਐਲ.ਕਪੂਰ ਵਿੱਚਕਾਰ ਹੋਇਆ ਮੀਟਿਗਾਂ ਵਿੱਚ 13.25 ਕਰੋੜ ਰੁਪਏ ਦੇਣ ਦੀ ਸਹਿਮਤੀ ਬਣੀ ਸੀ ਹਾਲਾਂਕਿ ਪੁਰਾਣੇ ਪ੍ਰਬੰਧਕਾਂ ਵੱਲੋਂ ਕਰਾਰ ਅਨੁਸਾਰ 12.75 ਕਰੋੜ ਰੁਪਏ ਟ੍ਰੱਸ਼ਟ ਨੂੰ ਬੀ.ਐਲ.ਕਪੂਰ ਪਾਸੋਂ ਪ੍ਰਾਪਤ ਹੋਏ ਸਨ ਪਰ ਜਿਸ ਵਿੱਚੋਂ ਸਰਨਾ ਭਰਾਵਾਂ ਨੇ ਕਮੇਟੀ ਨੂੰ ਬਿਨਾਂ ਕੋਈ ਹਿਸਾਬ ਦਿੱਤੇ 5.50 ਕਰੋੜ ਰੁਪਏ ਦੀ ਰਕਮ ਹੀ ਟ੍ਰਸਟ ਵਿੱਚ ਛੱਡੀ ਸੀ।
ਜੀ.ਕੇ ਨੇ ਕੌਮ ਨੂੰ ਨਮੋਸ਼ੀ ਤੋਂ ਬਚਾਉਣ ਅਤੇ ਬਾਬਾ ਹਰਬੰਸ ਸਿੰਘ ਜੀ ਦੇ ਸੁਪਨੀਆਂ ਦੇ ਹਸਪਤਾਲ ਨੂੰ ਚਲਾਉਣ ਵਾਸਤੇ ਕਮੇਟੀ ਵੱਲੋਂ ਬੀ.ਐਲ ਕਪੂਰ ਨੂੰ 13.25 ਕਰੋੜ ਰੁਪਏ ਦੇਣ ਵਾਸਤੇ ਲਗਭਗ 7.10 ਕਰੋੜ ਰੁਪਏ ਕਮੇਟੀ ਖਜਾਨੇ ਤੋਂ ਭੁਗਤਾਨ ਕਰਨ ਦੀ ਜਾਣਕਾਰੀ ਦਿੱਤੀ। ਜੀ.ਕੇ ਨੇ ਬਿਲਡਿੰਗ ਦੀ ਬੇਸਮੈਂਟ ਵਿੱਚ ਭਰੇ ਪਾਣੀ ਨੂੰ ਕਢਣ ਉਪਰੰਤ ਡੀ.ਡੀ.ਏ ਨਾਲ ਕਮੇਟੀ ਦੇ ਹੋਏ ਕਰਾਰ ਅਨੁਸਾਰ ਹਸਪਤਾਲ ਚਲਾਉਣ ਦੀ ਵੀ ਹਾਮੀ ਭਰੀ।
ਸਿਰਸਾ ਨੇ ਸਰਨਾ ਭਰਾਵਾਂ ਤੇੇ ਹਸਪਤਾਲ ਦੀ ਆੜ ਵਿੱਚ ਗੰਭੀਰ ਭ੍ਰਿਸਟਾਚਾਰ ਕਰਨ ਦੇ ਦੋਸ਼ ਲਗਾਉਂਦੇ ਹੋਏ ਕਈ ਅਹਿਮ ਖੁਲਾਸੇ ਕੀਤੇ। ਸਰਨਾ ਭਰਾਵਾਂ ਵੱਲੋਂ ਟ੍ਰਸ਼ਟ ਦੇ 6.75 ਕਰੋੜ ਰੁਪਏ ਦੀ ਰਕਮ ਦਾ ਹਿਸਾਬ ਕਿਤਾਬ ਨਾ ਦੇਣ ਤੇ ਹਾਈ ਕੋਰਟ ਵੱਲੋਂ ਅੱਜ ਆਪਣੇ ਫੈਸਲੇ ਵਿੱਚ ਦਿੱਲੀ ਕਮੇਟੀ ਨੂੰ ਪੁਲੀਸ ਦੇ ਨਾਲ ਰਲ ਕੇ ਜਾਂਚ ਕਰਵਾਉਣ ਅਤੇ ਮੁਕੱਦਮਾ ਅਦਾਲਤ ਵਿੱਚ ਸਰਨਾ ਖਿਲਾਫ ਦਾਖਿਲ ਕਰਨ ਦੇ ਅਧਿਕਾਰ ਦੇੇਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਸਰਨਾ ਕੋਲੋਂ ਟ੍ਰਸ਼ਟ ਦੇ 6.75 ਕਰੋੜ ਰੁਪਏ ਦੇ ਨਾਲ ਹੀ ਗਲਤ ਟ੍ਰਸ਼ਟ ਬਣਾਉਣ ਕਰਕੇ ਕਮੇਟੀ ਵੱਲੋਂ ਡੀ.ਡੀ.ਏ ਨੂੰ 1 ਕਰੋੜ 47 ਲੱਖ ਦੇ ਭਰੇੇ ਹਰਜਾਨੇ ਦੇ ਕੀਤੇ ਗਏ ਭੁਗਤਾਨ ਦੀ ਵਸੂਲੀ ਵੀ ਸਰਨਾ ਭਰਾਵਾਂ ਤੋਂ ਕਰਨ ਦੀ ਗਲ ਕਹੀ।ਬੀਤੇ ਢਾਈ ਸਾਲਾਂ ਤੋਂ ਕਮੇਟੀ ਦੀ ਇਸ ਮਾਮਲੇ ਤੇ ਚੁੱਪੀ ਨੂੰ ਸਿਰਸਾ ਨੇ ਚਲਦੀ ਅਦਾਲਤੀ ਕਾਰਵਾਈ ਨਾਲ ਵੀ ਜੋੜਿਆ।
ਬੀ.ਐਲ. ਕਪੂਰ ਦੇ ਨਾਲ ਕਰਾਰ ਦੌਰਾਨ ਸਰਨਾ ਭਰਾਵਾਂ ਤੇ ਗੈਰ ਕਾਨੂੰਨੀ ਤਰੀਕੇ ਨਾਲ ਵਸੂਲੀ ਕਰਨ ਦੇ ਅਕਾਲੀ ਦਲ ਵੱਲੋਂ ਚੋਣਾਂ ਦੌਰਾਨ ਲਗਾਏ ਜਾਂਦੇ ਦੋਸ਼ਾਂ ਨੂੰ ਹੁਣ ਸਾਬਿਤ ਕਰਨ ਦੇ ਪੱਤਰਕਾਰਾਂ ਵੱਲੋਂ ਪੁਛੇ ਗਏ ਸਵਾਲ ਦੇ ਜਵਾਬ ਵਿੱਚ ਸਿਰਸਾ ਨੇ 15 ਦਿਨ ਪਹਿਲੇ ਸਰਨਾ ਭਰਾਵਾਂ ਵੱਲੋਂ ਬੀ.ਐਲ. ਕਪੂਰ ਨੂੰ ਮੋਟੀ ਰਕਮ ਦੇ ਭੁਗਤਾਨ ਦੇ ਨਾਲ ਹੀ ਆਪਣੀ ਇੱਕ ਜਾਇਦਾਦ ਦੇ ਮਾਲਿਕਾਨਾ ਹੱਕ ਦੇ ਦਸਤਾਵੇਜ਼ ਕਪੂਰ ਕੋਲ ਗਿਰਵੀ ਰੱਖਣ ਦਾ ਵੀ ਖੁਲਾਸਾ ਕੀਤਾ। ਸਿਰਸਾ ਨੇ ਸਰਨਾ ਭਰਾਵਾਂ ਤੇ ਸੰਗਤ ਦਾ ਪੈਸਾ ਆਪਣੇ ਵਪਾਰ ਵਿੱਚ ਇਸਤੇਮਾਲ ਕਰਨ ਦਾ ਵੀ ਦੋਸ਼ ਲਗਾਇਆ।
ਹਿੱਤ ਨੇ ਕਮੇਟੀ ਪ੍ਰਬੰਧਕਾਂ ਨੂੰ ਲੱਡੂ ਵੰਡ ਕੇ ਵਧਾਈ ਦਿੰਦੇ ਹੋਏ ਇਸ ਪੂਰੇ ਕਾਰਜ ਵਿੱਚ ਸਰਨਾ ਭਰਾਵਾਂ ਦੇ ਕਥਿਤ ਤੌਰ ਤੇ ਚੋਰ ਸਾਬਤ ਹੋਣ ਦਾ ਵੀ ਦਾਅਵਾ ਕੀਤਾ। ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਗੁਰਵਿੰਦਰ ਪਾਲ ਸਿੰਘ ਅਤੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply