ਘਟੀਆ ਮਟੀਰੀਅਲ ਕਾਰਨ ਸੜਕਾਂ ਤੇ ਲਾਏ ਪੈਚਾਂ ਦੇ ਵੀ ਉੱਡੇ ਪਰਖੱਚੇ
ਅਹਿਮਦਗੜ੍ਹ (ਸੰਦੌੜ), 6 ਸਤੰਬਰ (ਹਰਮਿੰਦਰ ਸਿੰਘ ਭੱਟ) – ਮੰਡੀ ਅਹਿਮਦਗੜ੍ਹ ਦੀਆਂ ਮੁੱਢਲੀਆਂ ਸਹੂਲਤਾਂ ਤਾਂ ਕੀ ਪੂਰੀਆਂ ਹੋਣੀਆਂ ਨੇ ਸਗੋਂ ਸ਼ਹਿਰ ਦੀਆਂ ਕੁਝ ਸੜਕਾਂ ਦੀ ਵੀ ਹਾਲਤ ਬਹੁਤ ਹੀ ਮਾੜੀ ਅਤੇ ਤਰਸਯੋਗ ਹੋਈ ਪਈ ਹੈ ।ਜਿਨ੍ਹਾਂ ਵਿੱਚੋਂ ਕੁਝ ਦੀ ਮੁਰੰਮਤ ਨਗਰ ਕੋਂਸਲ ਵਲੋਂ ਕਰਵਾਈ ਵੀ ਗਈ ਅਤੇ ਕੁਝ ਉੱਤੇ ਸਿਰਫ ਬਜਰੀ ਪਾਕੇ ਹੀ ਸਾਰ ਦਿੱਤਾ ਗਿਆ ਅਤੇ ਕੁਝ ਸੜਕਾਂ ਦਾ ਕੰਮ ਹਾਲੇ ਤੱਕ ਸ਼ੁਰੂ ਹੀ ਨਹੀਂ ਕੀਤਾ ਗਿਆ । ਅਹਿਮਦਗੜ੍ਹ ਦੀਆਂ ਜਿਨ੍ਹਾਂ ਸੜਕਾਂ ਤੇ ਪਏ ਟੋਇਆਂ ਨੂੰ ਲੁੱਕ-ਬਜਰੀ ਦੇ ਪੱਚ ਲਾ ਕੇ ਭਰਿਆ ਗਿਆ ਸੀ, ਹੁਣ ਉਨ੍ਹਾਂ ਪੱਚਾ ਦੇ ਵੀ ਕੁੱਝ ਦਿਨਾਂ ਬਾਅਦ ਹੀ ਪਰਖੱਚੇ ਉੱਡ ਗਏ ਹਨ।ਇਨ੍ਹਾਂ ਸੜਕਾਂ ਵਿੱਚ ਸਭ ਤੋਂ ਮਾੜਾ ਹਾਲ ਹਿੰਦ ਹਸਪਤਾਲ ਤੋਂ ਜੰਡਾਲੀ ਵੱਲ ਜਾਂਦੀ ਸੜਕ ਦਾ ਹੈ, ਕਿਉਂਕਿ ਇਹ ਸੜਕ ਇੱਕ ਤਾਂ ਵੈਸੇ ਹੀ ਬਹੁਤ ਤੰਗ ਹੈ ਅਤੇ ਦੂਜਾ ਇਸ ਸੜਕ ਉਪਰੋਂ ਅਹਿਮਦਗੜ੍ਹ ਤੋਂ ਮਾਲੇਰਕੋਟਲਾਂ ਵੱਲ ਪਿੰਡਾਂ ਵਿੱਚੋਂ ਹੋ ਕੇ ਜਾਣ ਵਾਲੀਆਂ ਸਾਰੀਆਂ ਸਵਾਰੀਆਂ ਵਾਲੀਆਂ ਬੱਸਾਂ ਅਤੇ ਟੈਂਪੂ ਇਸ ਰਸਤੇ ਤੋਂ ਹੀ ਗੁਜਰਦੇ ਹਨ। ਜਿਸ ਕਾਰਨ ਇਸ ਸੜਕ ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਵਾਹਨ ਚਾਲਕ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਭਾਵੇਂ ਨਗਰ ਕੋਂਸਲ ਵਲੋਂ ਇਸ ਸੜਕ ਉਪਰ ਪਏ ਕੁਝ ਟੋਇਆਂ ਵਿੱਚ ਬਜਰੀ ਤਾਂ ਪਾਈ ਗਈ ਪਰ ਇੱਕ ਮਹੀਨਾਂ ਬੀਤਣ ਬਾਅਦ ਵੀ ਹਾਲੇ ਤੱਕ ਲੁੱਕ ਨਹੀਂ ਪਾਈ ਗਈ, ਜਿਸ ਕਾਰਨ ਇਸ ਸੜਕ ਤੇ ਪਈ ਬਜਰੀ ਕਰਕੇ ਕਈ ਮੋਟਰਸਾਈਕਲ ਅਤੇ ਸਾਈਕਲ ਚਾਲਕ ਕਈ ਵਾਰ ਆਪਣੇ ਵਾਹਨ ਦਾ ਟਾਇਰ ਸਲੀਪ ਹੋਣ ਕਾਰਨ ਡਿਗਦੇ ਡਿਗਦੇ ਬਚਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਜਦ ਇੱਕ ਪੱਤਰਕਾਰ ਵਲੋਂ ਨਗਰ ਕੋਂਸਲ ਜਾਕੇ ਇਸ ਸੜਕ ਦੀ ਮੁਰੰਮਤ ਦਾ ਕੰਮ ਵਿਚਾਲੇ ਹੀ ਰੋਕਣ ਦੇ ਕਾਰਨ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਰਸਾਤ ਦੇ ਕਾਰਨ ਸੜਕਾਂ ਦੀ ਮੁਰੰਮਤ ਦਾ ਕੰਮ ਰੋਕ ਦਿੱਤਾ ਗਿਆ ਹੈ, ਜਦਕਿ ਲਗਭਗ ਪਿਛਲੇ ਪੰਦਰਾਂ ਦਿਨਾਂ ਤੋਂ ਬਰਸਾਤ ਨਹੀਂ ਹੋਈ ਅਤੇ ਹੁਣ ਤੱਕ ਕਿਸੇ ਵੀ ਸੜਕ ਦੀ ਮੁਰੰਮਤ ਦਾ ਮੁੁੜ ਸ਼ੁਰੂ ਹੀ ਨਹੀਂ ਹੋਇਆ ੇ।
Punjab Post Daily Online Newspaper & Print Media