ਅੰਮ੍ਰਿਤਸਰ, 7 ਸਤੰਬਰ (ਗੁਰਚਰਨ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਆਦਰਸ਼ ਅਧਿਆਪਕ ਵਜੋਂ ਜਾਣੇ ਜਾਂਦੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਨੂੰ ਸਮਰਪਿਤ ‘ਅਧਿਆਪਕ ਦਿਵਸ’ ਬੜੀ ਧੂਮੁਧਾਮ ਨਾਲ ਮਨਾਇਆ ਗਿਆ । ਇਸ ਸੰਬੰਧ ਵਿੱਚ ਸਕੂਲ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਜਾਇਬ ਸਿੰਘ ਬਰਾੜ ਨੇ ਮੁਖ ਮਹਿਮਾਨ ਵਜੋਂ ਸ਼ਿਕਰਤ ਕੀਤੀ । ਸਮਾਰੋਹ ਦਾ ਆਰੰਭ ਮੁੱਖ ਮਹਿਮਾਨ ਡਾ: ਅਜਾਇਬ ਸਿੰਘ ਬਰਾੜ, ਜਿਲ੍ਹਾ ਸਿਖਿਆ ਅਫਸਰ ਸz. ਸਤਿੰਦਰਬੀਰ ਸਿੰਘ, ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਸ. ਧਨਰਾਜ ਸਿੰਘ, ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ, ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ । ਸਕੂਲ ਦੇ +1 ਅਤੇ +2 ਜਮਾਤ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਰਾਹੀਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ । ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਆਏ ਹੋਏ ਪਤਵੰਤੇ ਸਜੱਣਾ ਨੂੰ ‘ਜੀ ਆਇਆਂ’ ਆਖਿਆ । ਉਹਨਾਂ ਨੇ ਹਾਜਰ ਸਾਰੇ ਪਿ੍ਰੰਸੀਪਲ ਅਤੇ ਅਧਿਆਪਕ ਸਾਹਿਬਾਨ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕ ਉਹ ਸ਼ਿਲਪਕਾਰ ਹਨ ਜਿਹਨਾਂ ਦੇ ਹੱਥਾਂ ਵਿੱਚ ਆ ਕੇ ਕੱਚੀ ਮਿੱਟੀ ਵਰਗੇ ਵਿਦਿਆਰਥੀ ਸੁੰਦਰ ਕਲਾਕ੍ਰਿਤੀਆਂ ਵਿੱਚ ਬਦਲ ਜਾਂਦੇ ਹਨ । ਉਨ੍ਹਾ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਹੁੰਦੀ ਹੈ ਇਸਲਈ ਸਾਨੂੰ ਸ਼ਭ ਨੂੰ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ । ਵਿਦਿਆਰਥੀਆਂ ਵੱਲੋਂ ਪੇਸ਼ ਸੂਫੀ ਗਾਇਨ ਨੇ ਚੰਗਾ ਰੰਗ ਬੰਨ੍ਹਿਆ । ਹਰਮੀਤ ਸਾਂਘੀ ਵੱਲੋਂ ਪੇਸ਼ ਨਾਟਕ ‘ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ’ ਸਭ ਨੂੰ ਕੀਲ ਗਿਆ । ਅਧਿਆਪਕ ਦਿਵਸ ਦੇ ਮੌਕੇ ਤੇ ਜੀ. ਟੀ. ਰੋਡ ਸਕੂਲ ਵਿੱਚ ੧੮ ਵਰ੍ਹੇ ਤੋਂ ਵੱਧ ਸੇਵਾ ਨਿਭਾਉਣ ਲਈ ਛੇ ਅਧਿਆਪਕਾਂ ਸ. ਗੁਰਿੰਦਰ ਸਿੰਘ ਚਾਵਲਾ, ਸ਼੍ਰੀਮਤੀ ਗੁਰਮੀਤ ਕੌਰ ਸਿੱਧੂ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀਮਤੀ ਗੁਲਸ਼ਨ ਕੌਰ, ਸ਼੍ਰੀਮਤੀ ਪਰਮਿੰਦਰ ਕੌਰ ਭੱਲਾ ਅਤੇ ਸ੍ਰੀ ਗਨੇਸ਼ ਚੰਦ ਨੂੰ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੌਰਾਨ ਸਹੋਦਯਾ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਦੇ ਸੀ.ਬੀ.ਐਸ.ਈ. ਸਕੂਲਾਂ ਦੇ ੯੦ ਅਧਿਆਪਕਾਂ ਅਤੇ ੦੫ ਪ੍ਰਿੰਸੀਪਲ ਸਾਹਿਬਾਨ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਲਈ ਮੁੱਖ ਮਹਿਮਾਨ ਡਾ: ਅਜਾਇਬ ਸਿੰਘ ਬਰਾੜ, ਜਿਲ੍ਹਾ ਸਿਖਿਆ ਅਫਸਰ ਸ. ਸਤਿੰਦਰਬੀਰ ਸਿੰਘ, ਸਹੋਦਯਾ ਸਕੂਲਜ਼ ਕੰਪਲੈਕਸ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਸੱਕਤਰ ਡਾ: ਅਨੀਤਾ ਭ’ਲਾ, ਵਿੱਤ ਸੱਕਤਰ ਸ਼੍ਰੀਮਤੀ ਅੰਜਨਾ ਗੁਪਤਾ, ਡਾ: ਸਰਵਜੀਤ ਕੌਰ ਬਰਾੜ, ਸ਼੍ਰੀ ਰਾਜੀਵ ਸ਼ਰਮਾ, ਸ਼੍ਰੀ ਵਿਜੈ ਮਹਿਰਾ ਅਤੇ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਾਲ ਸਨਮਾਨਿਤ ਕੀਤਾ ਗਿਆ । ਜੀ. ਟੀ. ਰੋਡ ਸਕੂਲ ਦਾ ਇਹ ਐਵਾਰਡ ਸ਼੍ਰੀਮਤੀ ਗੁਨਵੰਤ ਕੌਰ ਸੰਗੀਤ ਅਧਿਆਪਕਾ ਨੂੰ ਦਿੱਤਾ ਗਿਆ । ਮੁਖ ਮਹਿਮਾਨ ਡਾ: ਅਜਾਇਬ ਸਿੰਘ ਬਰਾੜ ਨੂੰ ਸਹੋਦਯਾ ਸਕੂਲਜ਼ ਕੰਪਲੈਕਸ ਅਤੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾ: ਅਜਾਇਬ ਸਿੰਘ ਬਰਾੜ ਨੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਪਣੀ ਭੂਮਿਕਾ ਦੇ ਮਹੱਤਵ ਨੂੰ ਸਮਝਣ ਅਤੇ ਇਸਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਸਾਹਿਬਾਨ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹਨ ਜੇਕਰ ਸਿਖਿਆ ਵਿਭਾਗ ਵੱਲੋਂ ਬੱਚਿਆਂ ਦੇ ਸਿਲੇਬਸ ਵਿੱਚ ਪ੍ਰੈਕਟੀਕਲ ਗਿਆਨ ਵੱਲ ਜਿਆਦਾ ਧਿਆਨ ਦੇਣ ਦਾ ਉਪਰਾਲਾ ਕੀਤਾ ਜਾਵੇ। ਜਿਲ੍ਹਾ ਸਿਖਿਆ ਅਫਸਰ ਸz. ਸਤਿੰਦਰਬੀਰ ਸਿੰਘ ਅਤੇ ਸ਼੍ਰੀਮਤੀ ਵਿਨੋਦਤਾ ਸਾਂਖਯਾ ਪ੍ਰਿੰਸੀਪਲ ਰਾਮ ਆਸ਼ਰਮ ਸਕੂਲ ਨੂੰ ਉਨ੍ਹਾਂ ਦੀਆਂ ਵਿਦਿਅਕ ਅਤੇ ਪ੍ਰਸ਼ਾਸਨਿਕ ਉਪਲਬਧੀਆਂ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਵਿਦਿਆਰਥੀਆਂ ਦੁਆਰਾ ਪੇਸ਼ ਪੰਜਾਬੀ ਲੋਕ ਨਾਚ ‘ਲੁੱਡੀ’ ਦੀਆਂ ਮਨਮੋਹਕ ਧੁਨਾਂ ਤੇ ਦਰਸ਼ਕ ਝੂਮ ਉੱਠੇ । ਸਹੋਦਯਾ ਸਕੂਲਜ਼ ਕੰਪਲੈਕਸ ਦੇ ਚੇਅਰਮੈਨ ਅਤੇ ਜੀ. ਟੀ. ਰੋਡ ਸਕੂਲ ਦੇ ਮੈਨੇਜਰ ਸ. ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਹਨਾਂ ਵਿੱਚ ਚੀਫ਼ ਖ਼ਾਲਾ ਦੀਵਾਨ ਚੈਰੀਟੇਬਲ ਸੁਸਾਇਟੀ ਤੋਂ ਮੀਤ ਪ੍ਰਧਾਨ ਸ. ਧਨਰਾਜ ਸਿੰਘ, ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ, ਸz. ਸੰਤੋਖ ਸਿੰਘ ਸੇਠੀ, ਸ. ਸਵਿੰਦਰ ਸਿੰਘ ਕੱਥੁਨੰਗਲ, ਸ. ਹਰਮਿੰਦਰ ਸ਼ਿੰਘ, ਸ. ਪ੍ਰਿਤਪਾਲ ਸਿੰਘ ਸੇਠੀ, ਡਾ: ਬਲਜਿੰਦਰ ਸਿੰਘ ਡਾ: ਐਚ. ਐਸ. ਸੰਧੂ, ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਸ਼ਾਮਲ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media