
ਬਟਾਲਾ, 8 ਸਤੰਬਰ (ਨਰਿੰਦਰ ਸਿੰਘ ਬਰਨਾਲ) -ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਤੇ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦਾ ਪੜ੍ਹਦਾ ਜ਼ਾਹਰ ਹੋ ਗਿਆ ਹੈ ਅਤੇ ਬੀਤੇ ਕੱਲ ਇਨ੍ਹਾਂ ਦੋਵਾਂ ਆਗੂਆਂ ਨੂੰ ਹਾਊਸ ‘ਚੋਂ ਚੋਰ ਦਰਵਾਜੇ ਰਾਹੀਂ ਭੱਜਣ ਨੂੰ ਮਜਬੂਰ ਹੋਣਾ ਪਿਆ ਹੈ।ਅੱਜ ਪਾਰਟੀ ਦਫਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ‘ਚ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜਿਨ੍ਹਾਂ ਬੇਨਿਯਮੀਆਂ ਦਾ ਰੌਲਾ ਸ਼ੁਰੂ ਤੋਂ ਪਾਇਆ ਜਾ ਰਿਹਾ ਸੀ ਉਹ ਹੁਣ ਸ਼ਹਿਰ ਵਾਸੀਆਂ ਦੇ ਸਾਹਮਣੇ ਆ ਗਈਆਂ ਹਨ। ਸ. ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ ਨਰੇਸ਼ ਮਹਾਜਨ ਦੀਆਂ ਆਪ-ਹੁਦਰੀਆਂ ਦਾ ਵਿਰੋਧ ਕਰਨ ਵਾਲੇ ਭਾਜਪਾ ਕੌਂਸਲਰਾਂ ਦਾ ਸਤਿਕਾਰ ਕਰਦਾ ਹੈ ਅਤੇ ਭਵਿੱਖ ਵਿੱਚ ਵੀ ਸ਼ਹਿਰ ਦੀ ਤਰੱਕੀ ਤੇ ਸ਼ਾਂਤੀ ਚਾਹੁਣ ਵਾਲੇ ਹਰ ਸ਼ਖਸ ਤੇ ਲੋਕ ਹਿੱਤ ਦੇ ਮੁੱਦੇ ਦਾ ਅਕਾਲੀ ਦਲ ਸਮਰਥਨ ਕਰਦਾ ਰਹੇਗਾ।
ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਜਿਹੜੇ ਤਰੱਕੀ ਪਸੰਦ ਭਾਜਪਾ ਕੌਂਸਲਰ ਪ੍ਰਧਾਨ ਨਰੇਸ਼ ਮਹਾਜਨ ਦੀਆਂ ਤਾਨਾਸ਼ਾਹ ਤੇ ਲੋਕ ਵਿਰੋਧੀਆਂ ਨੀਤੀਆਂ ਖਿਲਾਫ ਇਕਜੁੱਟ ਹੋਏ ਹਨ ਉਹ ਬਿਲਕੁਲ ਸਹੀ ਹਨ। ਉਨ੍ਹਾਂ ਕਿਹਾ ਕਿ ਨਰੇਸ਼ ਮਹਾਜਨ ਵਿਧਾਇਕ ਸੇਖੜੀ ਨਾਲ ਮਿਲ ਕੇ ਨਿਯਮਾਂ ਦੇ ਉਲਟ ਜਾ ਕੇ ਨਗਰ ਕੌਂਸਲ ਨੂੰ ਚਲਾ ਰਿਹਾ ਸੀ ਜੋ ਕਿ ਜਾਗਦੀ ਜ਼ਮੀਰ ਵਾਲੇ ਕੌਂਸਲਰਾਂ ਨੂੰ ਗਵਾਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਨਰੇਸ਼ ਮਹਾਜਨ ਨੇ ਨਗਰ ਕੌਂਸਲ ਦੇ ਹਾਊਸ ਵਿੱਚ ਬਹੁਮਤ ਕੌਂਸਲਰਾਂ ਦਾ ਵਿਰੋਧ ਦੇਖਿਆ ਤਾਂ ਉਹ ਚੋਰ ਦਰਵਾਜੇ ਰਾਹੀਂ ਹਾਊਸ ‘ਚੋਂ ਭੱਜ ਗਿਆ। ਸ. ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ ਸਰਬੱਤ ਦਾ ਭਲਾ ਮੰਗਣ ਤੇ ਅਮਨ-ਸ਼ਾਂਤੀ ਪਸੰਦ ਪਾਰਟੀ ਹੈ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਸ਼ੁਰੂ ਤੋਂ ਹੀ ਪ੍ਰਧਾਨ ਨਰੇਸ਼ ਮਹਾਜਨ ਦੀਆਂ ਨੀਤੀਆਂ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਸੀ ਅਤੇ ਹੁਣ ਬਹੁਮਤ ਕੌਂਸਲਰਾਂ ਨੂੰ ਪ੍ਰਧਾਨ ਨਰੇਸ਼ ਮਹਾਜਨ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ‘ਚ ਅਕਾਲੀ ਦਲ ਤੇ ਭਾਜਪਾ ‘ਚ ਪਈ ਦਰਾੜ ਵੀ ਮਹਾਜਨ ਵਰਗਿਆਂ ਦੀਆਂ ਗਲਤ ਨੀਤੀਆਂ ਦਾ ਸਿੱਟਾ ਸੀ, ਕਿਉਂਕਿ ਨਰੇਸ਼ ਮਹਾਜਨ ਨੇ ਅਕਾਲੀ-ਭਾਜਪਾ ਗਠਜੋੜ ਧਰਮ ਦੇ ਉੱਲਟ ਜਾ ਕੇ ਸਿਰਫ ਆਪਣੀ ਪ੍ਰਧਾਨਗੀ ਲਈ ਕਾਂਗਰਸੀਆਂ ਨਾਲ ਜੱਫੀਆਂ ਪਾਈਆਂ ਸਨ।
ਸ. ਲੋਧੀਨੰਗਲ ਨੇ ਕਿਹਾ ਕਿ ਨਰੇਸ਼ ਮਹਾਜਨ ਵੱਲੋਂ ਹਾਊਸ ‘ਚ ਬਿਨ੍ਹਾਂ ਵਿਚਾਰ ਵਟਾਂਦਰਾ ਕੀਤਿਆਂ ਨਿਯਮਾਂ ਦੇ ਉਲਟ ਜਾ ਕੇ ਟੇਬਲ ਆਈਟਮਾਂ ਰਾਹੀਂ ਕਰੋੜਾਂ ਰੁਪਏ ਦੇ ਕੰਮਾਂ ਦੇ ਮਤੇ ਪਾਸ ਕਰਨੇ ਸਰਾਸਰ ਧੱਕਾ ਤੇ ਲੋਕਾਂ ਦੇ ਪੈਸੇ ਦੀ ਲੁੱਟ ਸੀ, ਜਿਸ ਨੂੰ ਅਕਾਲੀ ਦਲ ਨੇ ਕਦੀ ਵੀ ਸਮਰਥਨ ਨਹੀਂ ਸੀ ਕੀਤਾ।ਸ. ਲੋਧੀਨੰਗਲ ਨੇ ਕਿਹਾ ਕਿ ਪ੍ਰਧਾਨ ਨਰੇਸ਼ ਮਹਾਜਨ ਵੱਲੋਂ ਲਏ ਸਾਰੇ ਫੈਸਲੇ ਰੱਦ ਹੋਣੇ ਚਾਹੀਦੇ ਹਨ ਅਤੇ ਨਗਰ ਕੌਂਸਲ ਦੇ ਕੰਮਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।ਆਪਣੇ ਬਿਆਨ ਦੇ ਅਖੀਰ ਵਿੱਚ ਸ. ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ ਜਿਥੇ ਪ੍ਰਧਾਨ ਨਰੇਸ਼ ਮਹਾਜਨ ਦੀਆਂ ਤਾਨਸ਼ਾਹੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਕੌਂਸਲਰਾਂ ਦਾ ਸਮਰਥਨ ਕਰਦਾ ਹੈ, ਉਥੇ ਭਵਿੱਖ ‘ਚ ਵੀ ਸ਼ਹਿਰ ਦੀ ਤਰੱਕੀ ਤੇ ਸ਼ਾਂਤੀ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ।
Punjab Post Daily Online Newspaper & Print Media