Thursday, March 26, 2026

ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

15 ਨੂੰ ਹੋਵੇਗੀ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ

ਅੰਮ੍ਰਿਤਸਰ, 10 ਸਤੰਬਰ (ਗੁਰਚਰਨ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ 1 ਜਨਵਰੀ 2016 ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਵੋਟਰ ਸੂਚੀ, 2016 ਦੀ ਮੁਢਲੀ ਪ੍ਰਕਾਸ਼ਨਾ ਮਿਤੀ 15 ਸਤੰਬਰ 2015 ਨੂੰ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਨਿਰਧਾਰਤ ਸਥਾਨਾਂ ‘ਤੇ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਤੋਂ ਬਾਅਦ ਇਸ ਸਬੰਧੀ ਦਾਅਵੇ ਅਤੇ ਇਤਰਾਜ 15 ਸਤੰਬਰ 2015 ਤੋਂ 14 ਅਕਤੂਬਰ 2015 ਤੱਕ ਦਿੱਤੇ ਜਾ ਸਕਣਗੇ। ਇਸੇ ਸਮੇਂ ਦੌਰਾਨ ਹੀ ਨਵੀਂਆਂ ਵੋਟਾਂ ਬਣਾਉਣ ਲਈ ਫਾਰਮ ਭਰ ਕੇ ਬੀ.ਐਲ.ਓ. ਕੋਲ ਜਮ੍ਹਾਂ ਕਰਵਾਇਆ ਜਾ ਸਕੇਗਾ। ਜਿਨ੍ਹਾਂ ਨੌਜਵਾਨ ਦੀ ਉਮਰ 1 ਜਨਵਰੀ 2016 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ ਉਹ ਵੀ ਆਪਣੀ ਵੋਟ ਬਣਾ ਸਕਣਗੇ। ਇਸ ਦੌਰਾਨ 16 ਅਤੇ 30 ਸਤੰਬਰ ਨੂੰ ਵੋਟਰ ਸੂਚੀਆਂ ਲੋਕਲ ਬਾਡੀਜ਼/ਗ੍ਰਾਮ ਸਭਾ ਵਿਚ ਪੜ੍ਹ ਕੇ ਸੁਣਾਈਆਂ ਜਾਣਗੀਆਂ। 20 ਸਤੰਬਰ ਅਤੇ 4 ਅਕਤੂਬਰ ਨੂੰ ਵਿਸੇਸ਼ ਕੈਂਪ ਲਗਾਏ ਜਾਣਗੇ। 16 ਅਕਤੂਬਰ 2015 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 11 ਜਨਵਰੀ 2016 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਜਿਸ ਕਿਸੇ ਨੇ ਵੀ ਨਵੀਂ ਵੋਟ ਬਣਾਉਣੀ ਹੈ, ਜਾਂ ਕੋਈ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਆਪਣੇ ਬੀ.ਐਲ.ਓ. ਨਾਲ ਰਾਬਤਾ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ ਆਦਿ ਦਾਖ਼ਲ ਕਰਨ ਲਈ ਵੱਖ-ਵੱਖ ਫਾਰਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਬੂਥ ਲੈਫਲ ਅਫ਼ਸਰਾਂ ਪਾਸੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿਚ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਫਾਰਮ 6, ਦਰਜ ਇੰਦਰਾਜਾਂ ਤੇ ਇਤਰਾਜ ਲਈ ਫਾਰਮ 7, ਵੇਰਵਿਆਂ ਦੀ ਦਰੁਸਤੀ ਲਈ ਫਾਰਮ 8 ਅਤੇ ਇਕ ਹੀ ਚੋਣ ਹਲਕੇ ਵਿਚ ਇਕ ਪੋਲਿੰਗ ਸਟੇਸ਼ਨ ਤੋਂ ਦੂਜੇ ਪੋਲਿੰਗ ਸਟੇਸ਼ਨਾਂ ਵਿਚ ਇੰਦਰਾਜ ਦੀ ਤਬਦੀਲੀ ਲਈ ਫਾਰਮ 8 ੳ ਭਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਕਤ ਫਾਰਮ ਪੁਰ ਕਰਕੇ ਆਪਣ ਖੇਤਰ ਵਿਚ ਨਿਯੁਕਤ ਬੀ ਐਲ ਓ ਨੂੰ ਮਿਤੀ 15 ਸਤੰਬਰ 2015 ਤੋਂ 14 ਅਕਤੂਬਰ 2015 ਤੱਕ ਰਸੀਦ ਪ੍ਰਾਪਤ ਕਰਕੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਫਾਰਮ ਸਿੱਧੇ ਤੌਰ ‘ਤੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਰਸੀਦ ਪ੍ਰਾਪਤ ਕਰਕੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਰਸਰੀ ਸੁਧਾਈ ਦੇ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰਾ ਸਹਿਯੋਗ ਦਿੱਤਾ ਜਾਵੇ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply