Wednesday, November 11, 2026

ਸਰਬੱਤ ਦਾ ਭਲਾ ਟਰੱਸਟ ਮਾਮੂਲੀ ਖ਼ਰਚੇ ‘ਤੇ ਕਰਵਾਏਗਾ ਲੋੜਵੰਦ ਮਰੀਜ਼ਾਂ ਦੇ ਡਾਇਲਸਿਸ- ਓਬਰਾਏ

ਜ਼ਿਲ੍ਹਾ ਅੰਮ੍ਰਿਤਸਰ ਦੇ 9 ਹੋਰ ਸਰਕਾਰੀ ਸਕੂਲਾਂ ਵਿੱਚ ਆਰ.ਓ ਮਸ਼ੀਨਾਂ ਦਾ ਉਦਘਾਟਨ

PPN1209201507

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ ਸੱਗੂ) – ਨਾਮਵਰ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਡਾ: ਐਸ.ਪੀ .ਸਿੰਘ ਓਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਟ੍ਰੱਸਟ ਵਲੋਂ ਗੁਰਦਾ ਰੋਗਾਂ ਤੋਂ ਪੀੜਤ ਗ਼ਰੀਬ ਅਤੇ ਲੋੜਵੰਦ ਮਰੀਜ਼ਾਂ ਦੇ ਮਾਮੂਲੀ ਖ਼ਰਚੇ ‘ਤੇ ਡਾਇਲਸਿਸ ਕਰਵਾਉਣ ਲਈ ਸ਼ੁਰੂ ਕੀਤੀ ਅਹਿਮ ਯੋਜਨਾ ਦਾ ਵਿਸਤਾਰ ਕਰਦਿਆਂ ਉੱਤਰੀ ਭਾਰਤ ‘ਚ ਕੁੱਲ 50 ਨਵੇਂ ਡਾਇਲਸਿਸ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ।
ਇਹ ਪ੍ਰਗਟਾਵਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ: ਐਸ. ਪੀ. ਸਿੰਘ ਓਬਰਾਏ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦਸੌਂਧਾ ਸਿੰਘ, ਕੰਨਿਆਂ ਸਕੂਲ ਮਜੀਠਾ, ਜਗਦੇਵ ਕਲਾਂ, ਸਹਿੰਸਰਾ, ਚਮਿਆਰੀ, ਥੋਬਾ, ਗੱਗੋਮਾਹਲ, ਓਠੀਆਂ ਅਤੇ ਲੋਪੋਕੇ ਆਦਿ ਸਕੂਲਾਂ ਵਿੱਚ ਟਰੱਸਟ ਵੱਲੋਂ ਬੱਚਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਲਗਾਏ ਗਏ ਵੱਡੀਆਂ ਆਰ. ਓ. ਮਸ਼ੀਨਾਂ ਦਾ ਉਦਘਾਟਨ ਕਰਨ ਲਈ ਆਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਓਬਰਾਏ ਨੇ ਕਿਹਾ ਕਿ ਗੁਰਦਾ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਿਨ-ਬਦਿਨ ਵੱਧ ਰਹੀ ਹੈ ਅਤੇ ਮਰੀਜ਼ ਨੂੰ ਮਹੀਨੇ ‘ਚ ਕਈ ਵਾਰ ਮਹਿੰਗੇ ਡਾਇਲਸਿਸ ਕਰਵਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਮਰੀਜ਼ ਨੂੰ ਤਿੰਨ-ਚਾਰ ਹਜ਼ਾਰ ਰੁਪਏ ਖ਼ਰਚਣੇ ਪੈਂਦੇ ਹਨ ਜੋ ਗ਼ਰੀਬ ਮਰੀਜ਼ਾਂ ਦੀ ਪਹੁੰਚ ਤੋਂ ਬਾਹਰ ਹੈ। ਡਾ: ਓਬਰਾਏ ਨੇ ਕਿਹਾ ਕਿ ਇਸ ਔਕੜ ਨੂੰ ਮੱਦੇਨਜ਼ਰ ਰੱਖਦਿਆਂ ਸਰਬੱਤ ਦਾ ਭਲਾ ਟਰੱਸਟ ਨੇ ਉੱਤਰੀ ਭਾਰਤ ਦੇ ਪੰਜਾਬ-ਚੰਡੀਗੜ੍ਹ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਰਾਜਾਂ ਵਿੱਚ ਕ੍ਰਮਵਾਰ 32, 2, 8, 4 ਅਤੇ 4 ਡਾਇਲਸਿਸ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਇਹਨਾਂ ਡਾਇਲਸਿਸ ਕੇਂਦਰਾਂ ‘ਚ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਦੇ ਨਾਮਾਤਰ ਖ਼ਰਚੇ ‘ਤੇ ਡਾਇਲਸਿਸ ਕੀਤੇ ਜਾਣਗੇ, ਜਿਸ ਦਾ ਹਜ਼ਾਰਾਂ ਗ਼ਰੀਬ ਪਰਿਵਾਰ ਲਾਭ ਉਠਾਅ ਸਕਣਗੇ। ਉਹਨਾਂ ਕਿਹਾ ਕਿ ਦੂਸ਼ਿਤ ਪਾਣੀ ਕਾਰਨ ਕੈਂਸਰ ਦੇ ਹੋਰ ਭਿਆਨਕ ਬੀਮਾਰੀਆਂ ਦਾ ਲੋਕ ਸ਼ਿਕਾਰ ਹੋ ਰਹੇ ਹਨ ਅਤੇ ਅੱਜ ਲੋੜ ਹੈ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਇਸ ਮਾਰ ਤੋਂ ਬਚਾਉਣ ਦੀ। ਉਹਨਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਮਿਲਕੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਪੰਜ ਦਰ੍ਹਿਆਂਵਾਂ ਦੀ ਧਰਤੀ ਦਾ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਯੋਗ ਨਹੀਂ ਰਿਹਾ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਉਣ ਲਈ ਅੱਗੇ ਆਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤੇ ਬੋਲਦਿਆਂ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸੰਧੂ ਚਮਿਆਰੀ ਨੇ ਸਾਂਝੇ ਤੌਰ ਤੇ ਕਿਹਾ ਕਿ ਡਾ: ਓਬਰਾਏ ਦੀ ਪਹਿਲਕਦਮੀ ਸਦਕਾ ਜਿੱਥੇ ਡਾਇਲਸਿਸ ਕੇਂਦਰਾਂ ਦੀ ਸਥਾਪਨਾ ਲੋਕ ਸੇਵਾ ਦੇ ਖੇਤਰ ‘ਚ ਨਵਾਂ ਮੀਲ੍ਹ-ਪੱਥਰ ਹੋਵੇਗੀ ਉੱਥੇ ਹੀ ਟਰੱਸਟ ਵੱਲੋਂ ਬੇਸਹਾਰਾ ਬਜ਼ੁਰਗ਼ਾਂ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਪੰਜਾਬ ਭਰ ‘ਚ ਬਣਾਏ ਜਾ ਰਹੇ ਬਿਰਧ ਆਸ਼ਰਮ ਅਤੇ ਰਿਹਾਇਸ਼ੀ ਸਕੂਲ ਵੀ ਮਨੁੱਖਤਾ ਦੀ ਵੱਡੀ ਸੇਵਾ ਸਾਬਿਤ ਹੋਵੇਗੀ।
ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸੰਧੂ ਚਮਿਆਰੀ, ਨਵਜੀਤ ਸਿੰਘ ਘਈ, ਜਗਦੇਵ ਸਿੰਘ ਐਸ.ਡੀ.ਓ., ਸਹਾਇਕ ਕਮਿਸ਼ਨਰ ਦਵਿੰਦਰ ਸਿੰਘ, ਡਾ: ਦਲਜੀਤ ਗਿੱਲ, ਦਵਿੰਦਰ ਸਿੰਘ ਘੁੰਮਣ, ਡਾ: ਸੁਖਦੇਵ ਵੜੈਚ, ਜਗਪੀ੍ਰਤ ਜੌਹਲ, ਭੁਪਿੰਦਰ ਸੇਠ, ਮੰਗਦੇਵ ਸਿੰਘ ਛੀਨਾ, ਤੇਜਿੰਦਰਪਾਲ ਮਾਨ, ਹਰਜਿੰਦਰ ਸਿੰਘ ਹੇਰ, ਰਾਕੇਸ਼ ਪਾ੍ਰਸ਼ਰ, ਪ੍ਰਿੰ: ਨਿਰਮਲ ਸਿੰਘ ਭੰਗੂ, ਤਰੁਣ ਅਬਰੋਲ, ਸ਼ਿਸ਼ਪਾਲ ਸਿੰਘ ਲਾਡੀ, ਹਰਜਿੰਦਰ ਸਿੰਘ ਮੁੱਧ, ਸਮਸ਼ੇਰ ਸਿੰਘ ਕੋਹਰੀ, ਹਰਵਿੰਦਰ ਕੁੱਕੂ ਪਟਿਆਲਾ, ਸ਼ਿਵਦੇਵ ਸਿੰਘ ਬੱਲ, ਬਲਵਿੰਦਰ ਕੌਰ, ਆਸ਼ਾ ਤਿਵਾੜੀ, ਪ੍ਰਮਿੰਦਰ ਸਿੰਘ ਕੜਿਆਲ, ਹਰਦੀਪ ਸਿੰਘ, ਪ੍ਰਿੰਸੀਪਲ ਗੁਰਿੰਦਰ ਕੌਰ, ਪ੍ਰਿੰ: ਅਨੀਤਾ ਅਗਰਵਾਲ, ਹਰਪਾਲ ਨਾਗਰਾ, ਦਿਲਬਰਜੀਤ ਵਿਛੋਆ, ਸੁਖਰਾਜ ਸਿੰਘ ਸਰਕਾਰੀਆ, ਪਲਵਿੰਦਰ ਸਿੰਘ ਸਰਹਾਲਾ ਆਦਿ ਵੀ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …

Leave a Reply