Thursday, March 5, 2026

ਨਿਰਮਲ ਸੰਧੂ ਨੂੰ ਸਰਕਲ ਪ੍ਰਧਾਨ ਬਨਾਉਣ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ

5 ਵਾਰਡਾਂ ਵਿੱਚੋਂ ਸਮੁੱਚੇ ਅਹੁਦੇਦਾਰਾਂ ਨੇ ਦਿੱਤੇ ਅਸਤੀਫੇ

PPN1509201507

ਬਠਿੰਡਾ 15 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) : ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸਰੂਪ ਚੰਦ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸੁਧੀਰ ਬਾਂਸਲ ਵੱਲੋਂ ਸ਼ਹਿਰੀ ਜਥੇਬੰਦੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਸਰਕਲ ਕੈਲਾਨ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਨੂੰ ਉਸ ਅਹੁੱਦੇ ਤੋਂ ਪਾਸੇ ਕਰਕੇ ਸ਼ਹਿਰੀ ਯੂਨਿਟ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਪਰ ਇਸ ਨਿਯੁਕਤੀ ਕਾਰਨ ਲਾਈਨੋਪਾਰ ਏਰੀਏ ਦੇ ਪੰਜ ਵਾਰਡਾਂ ਦੇ ਟਕਸਾਲੀ ਪਰਿਵਾਰਾਂ, ਸਮੁੱਚੇ ਅਹੁਦੇਦਾਰਾਂ ਅਤੇ ਬੂਥ ਇੰਚਾਰਜਾਂ ਨੇ ਇਸ ਫੇਰ ਬਦਲ ਦਾ ਡੱਟਵਾਂ ਵਿਰੋਧ ਕਰਦਿਆਂ ਨਿਯੁਕਤੀ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਅਤੇ ਰੋਸ ਵਜੋਂ ਅਸਤੀਫੇ ਤੱਕ ਦੇ ਦਿੱਤੇ। ਚਮਕੌਰ ਸਿੰਘ ਮਾਨ ਨੇ ਵੀ ਆਪਣੀ ਨਵੀਂ ਨਿਯੁਕਤੀ ਨੂੰ ਰੱਦ ਕਰਦਿਆਂ ਇਸ ਅਹੁਦੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਜਿਉਂ ਹੀ ਇਹ ਖਬਰ ਲਾਈਨੋਪਾਰ ਇਲਾਕੇ ਵਿੱਚ ਪਹੁੰਚੀ ਤਾਂ ਇਲਾਕੇ ਦੇ ਸੀਨੀਅਰ ਆਗੂਆਂ ਨੇ ਵੀ ਰੋਸ ਵਜੋਂ ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਮੀਟਿੰਗ ਕਰਕੇ ਸਾਰੇ ਹੀ ਆਗੂਆਂ ਨੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਮੁਕੰਮਲ ਬਾਈਕਾਟ ਕਰਦਿਆਂ ਅਸਤੀਫੇ ਦੇ ਦਿੱਤੇ। ਅਸਤੀਫੇ ਦੇਣ ਵਾਲਿਆਂ ਵਿੱਚ ਮੁੱਖ ਤੌਰ ਤੇ ਵਾਰਡ ਨੰ:38 ਦੇ ਅਨੂਪ ਸਿੰਘ ਲਾਡੀ ਸਰਕਲ ਵਾਈਸ ਪ੍ਰਧਾਨ ਯੂਥ ਵਿੰਗ ਸਪੁੱਤਰ ਸ. ਸੋਭਾ ਸਿੰਘ ਸਾਬਕਾ ਕੌਂਸਲਰ, ਵਾਰਡ ਨੰ:38 ਦੇ ਯੂਥ ਦੇ ਪ੍ਰਧਾਨ ਮਨਜੀਤ ਸਿੰਘ, ਮੀਤ ਪ੍ਰਧਾਨ ਅਮਨਦੀਪ ਸਿੰਘ ਅਮਨਾ, ਸੈਕਟਰੀ ਹੁਸ਼ਿਆਰ ਸਿੰਘ ਔਲਖ, ਵਾਰਡ ਨੰ:39 ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਲਾ, ਗੁਰਜੰਟ ਸਿੰਘ ਮਾਕੜ, ਗੁਰਜੰਟ ਸਿੰਘ ਧੀਮਾਨ ਦੋਵੇਂ ਸਰਕਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਰਘੂਵੀਰ ਸਿੰਘ ਸਿੱਧੂ ਪ੍ਰਚਾਰ ਸਕੱਤਰ ਸਰਕਲ, ਸੁਖਦੇਵ ਸਿੰਘ ਮਿੱਠੀ ਸਰਕਲ ਮੀਤ ਪ੍ਰਧਾਨ, ਰਿੰਪੀ ਸਿੱਧੂ ਜਨਰਲ ਸਕੱਤਰ ਯੂਥ ਸਰਕਲ, ਭਪਕਿੰਦਰਦੀਪ ਸਿੰਘ ਭਿੰਦਾ ਜੁਆਇੰਟ ਸਕੱਤਰ ਯੂਥ ਵਿੰਗ ਸਰਕਲ, ਸ. ਬੰਤ ਸਿੰਘ ਸਿੱਧੂ ਸਾਬਕਾ ਕੌਂਸਲਰ, ਵਾਰਡ ਨੰ:40 ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੁਰਚਰਨ ਸਿੰਘ ਔਲਖ, ਵਾਰਡ ਨੰ:40 ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਔਲਖ, ਸਰਕਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਕਮਲਜੀਤ ਸਿੰਘ ਔਲਖ, ਸਰਕਲ ਜਨਰਲ ਸਕੱਤਰ ਹਰਦੀਪ ਸਿੰਘ ਔਲਖ, ਦਰਸ਼ਨ ਸਿੰਘ ਬਰਾੜ ਜਨਰਲ ਸਕੱਤਰ ਸਰਕਲ, ਧਰਮਿੰਦਰ ਸਿੰਘ ਸਿੱਧੂ ਜੁਆਇੰਟ ਸਕੱਤਰ ਯੂਥ ਅਕਾਲੀ ਦਲ, ਜਸਕਰਨ ਸਿੰਘ ਸਿੱਧੂ ਸਕੱਤਰ, ਬਲਦੇਵ ਸਿੰਘ ਫੌਜੀ ਕੈਸ਼ੀਅਰ ਗੁਰਦੁਆਰਾ ਕਮੇਟੀ, ਜਸਵੀਰ ਸਿੰਘ ਬਰਾੜ ਮੀਤ ਪ੍ਰਧਾਨ, ਮਹਿੰਦਰ ਸਿੰਘ ਨਾਥਪੁਰਾ ਪ੍ਰਚਾਰ ਸਕੱਤਰ, ਬਲਵੰਤ ਸਿੰਘ ਭਾਰੀ ਪ੍ਰਚਾਰ ਸਕੱਤਰ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਸੁਰਖਪੀਰ ਰੋਡ, ਬੂਥ ਇੰਚਾਰਜ ਭੋਲਾ ਸਿੰਘ ਡੇਅਰੀਵਾਲਾ ,ਵਾਰਡ ਨੰ:41 ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਜਗਦੀਸ਼ ਸ਼ਰਮਾ, ਯੂਥ ਅਕਾਲੀ ਦਲ ਦੇ ਵਾਰਡ ਪ੍ਰਧਾਨ ਅਨਿਲ ਯਾਦਵ, ਇਸਤਰੀ ਵਿੰਗ ਦੀ ਪ੍ਰਧਾਨ ਬਲਜੀਤ ਕੌਰ ਭੁੱਲਰ, ਵਾਰਡ ਨੰ:43 ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਸਵੀਰ ਸਿੰਘ ਹੰਸ ਨਗਰ, ਮਨਦੀਪ ਸਿੰਘ ਲਾਡੀ ਸੀਨੀਅਰ ਵਾਈਸ ਪ੍ਰਧਾਨ ਯੂਥ ਵਿੰਗ ਸਰਕਲ ਕੈਨਾਲ ਕਲੋਨੀ, ਰਣਜੀਤ ਸਿੰਘ ਬੀਟਾ ਵਾਰਡ ਮੀਤ ਪ੍ਰਧਾਨ, ਅਸ਼ੋਕ ਕੁਮਾਰ ਬੱਬੂ ਬੂਥ ਇੰਚਾਰਜ ਆਦਿ ਆਗੂਆਂ ਨੇ ਰੋਸ ਵਜੋਂ ਆਪਣੇ ਅਹੁਦੇ ਪਾਰਟੀ ਨੂੰ ਵਾਪਸ ਕਰਦਿਆਂ ਅਸਤੀਫੇ ਦੇ ਦਿੱਤੇ ਹਨ। ਸਾਰੇ ਹੀ ਆਗੂਆਂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਕਿਸੇ ਵੀ ਟਕਸਾਲੀ ਆਗੂ ਜਾਂ ਵਰਕਰ ਦੀ ਕੋਈ ਪੁੱਛ ਪੜਤਾਲ ਨਹੀਂ, ਵੱਡੇ -ਵੱਡੇ ਅਹੁਦੇ ਵਪਾਰੀਆਂ, ਪੈਸੇ ਵਾਲਿਆਂ, ਕਾਂਗਰਸੀਆਂ ਤੇ ਚਾਪਲੂਸਾਂ ਅਤੇ ਗੈਰ ਅਕਾਲੀ ਆਗੂਆਂ ਨੂੰ ਦਿੱਤੇ ਜਾ ਰਹੇ ਹਨ। ਇਸ ਸਾਰੇ ਘਟਨਾਕ੍ਰਮ ਲਈ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਸਿੱਧੇ ਤੌਰ ਤੇ ਜਿੰਮੇਵਾਰ ਹੈ। ਉਹਨਾਂ ਪਾਰਟੀ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਹਾਲੇ ਵੀ ਮੌਕਾ ਹੈ ਕਿ ਸਥਿਤੀ ਨੂੰ ਸਾਂਭਿਆ ਜਾ ਸਕਦਾ ਹੈ ਪਰ ਜੇਕਰ ਸਮਾਂ ਰਹਿੰਦੇ ਇਹਨਾ ਆਗੂਆਂ ਦੀਆਂ ਆਪ ਹੁਦਰੀਆਂ ਕਾਰਵਾਈਆਂ ਨੂੰ ਨੱਥ ਨਾ ਪਾਈ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਬਠਿੰਡਾ ਸ਼ਹਿਰੀ ਹਲਕੇ ਵਿੱਚੋਂ ਬਹੁਤ ਵੱਡਾ ਨੁਕਸਾਨ ਹੋਵੇਗਾ ਤੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਬੀਬੀ ਹਰਸਿਮਰਤ ਕੌਰ ਬਾਦਲ ਦੀ 30 ਹਜਾਰ ਦੇ ਕਰੀਬ ਬਠਿੰਡਾ ਸ਼ਹਿਰ ਵਿੱਚੋਂ ਘਟੀ ਵੋਟ ਲਈ ਸਰੂਪ ਚੰਦ ਸਿੰਗਲਾ ਤੇ ਇਸਦੀ ਜੁੰਡਲੀ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਾਰੀਆਂ ਤਾਕਤਾਂ ਸਿੰਗਲਾ ਸਾਹਿਬ ਤੇ ਉਹਨਾਂ ਦੀ ਟੋਲੀ ਕੋਲੇ ਹਨ ਜੇ ਫੇਰ ਵੀ ਸ਼ਹਿਰ ਵਿੱਚੋਂ 30 ਹਜਾਰ ਵੋਟ ਘਟੀ ਹੈ ਤਾਂ ਇਸਦੀ ਜਿੰਮੇਵਾਰੀ ਵੀ ਉਹਨਾ ਦੀ ਬਣਦੀ ਹੈ। ਚਾਹੀਦਾ ਤਾਂ ਇਹ ਸੀ ਕਿ ਐਨੀ ਵੋਟ ਘਟਣ ਦੀ ਘੋਖ ਕੀਤੀ ਜਾਂਦੀ ਕਿ ਇਸਦੇ ਪਿੱਛੇ ਕੀ ਕਾਰਨ ਹਨ ਪਰ ਉਲਟਾ ਇਸਦੇ ਕਾਰਨ ਜਾਨਣ ਦੀ ਬਜਾਏ ਟਕਸਾਲੀ ਆਗੂਆਂ ਨੂੰ ਇੱਕ ਇੱਕ ਕਰਕੇ ਪਾਰਟੀ ਵਿੱਚੋਂ ਖੁੱਡੇਲਾਈਨ ਲਾਇਆ ਜਾ ਰਿਹਾ ਹੈ ਤੇ ਵੱਡੇ ਵੱਡੇ ਅਹੁਦਿਆਂ ਤੇ ਕਾਂਗਰਸੀ ਆਗੂਆਂ ਨੂੰ ਨਿਯੁਕਤ ਕਰਕੇ ਅਕਾਲੀ ਦਲ ਨੂੰ ਵਪਾਰੀਦਲ ਬਣਾ ਦਿੱਤਾ ਹੈ। ਉਹਨਾ ਕਿਹਾ ਕਿ ਅੱਜ ਸ਼ਹਿਰ ਦੇ ਸਭ ਤੋਂ ਵੱਡੇ ਅਹੁਦੇ ਮੇਅਰ ਦੀ ਕੁਰਸੀ ਤੇ ਵੀ ਟਕਸਾਲੀ ਕਾਂਗਰਸੀ ਆਗੂ ਬਲਵੰਤ ਰਾਏ ਨਾਥ ਵਿਰਾਜਮਾਨ ਹੈ ਤੇ ਪਿੱਛੇ ਜਿਹੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਦੇ ਅਹੁਦੇ ਤੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਫਰਜੰਦ ਸੁਧੀਰ ਬਾਂਸਲ ਨੂੰ ਨਿਯੁਕਤ ਕਰਕੇ ਸ਼੍ਰੀ ਸਿੰਗਲਾ ਨੇ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਮੂੰਹ ‘ਤੇ ਚਪੇੜ ਮਾਰੀ ਹੈ। ਉਹਨਾਂ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਦਾ ਇੱਕ ਵਫਦ ਜਲਦੀ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੂੰ ਮਿਲਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਏਗਾ ਜੇਕਰ ਫੇਰ ਵੀ ਹਾਈਕਮਾਂਡ ਨੇ ਕੋਈ ਠੋਸ ਹੱਲ ਨਾ ਕੀਤਾ ਤਾਂ ਸਾਨੂੰ ਕੋਈ ਸਖਤ ਕਦਮ ਪੁੱਟਣ ਲਈ ਮਜਬੂਰ ਹੋਣਾ ਪਵੇਗਾ। ਸਾਰੇ ਹੀ ਆਗੂਆਂ ਨੇ ਨਵਨਿਯੁਕਤ ਸਰਕਲ ਕੈਨਾਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਬਾਰੇ ਕਿਹਾ ਕਿ ਇਸ ਪਰਿਵਾਰ ਕੋਲ ਪਹਿਲਾਂ ਹੀ ਪੰਜ ਅਹੁਦੇ ਹਨ। ਨਿਰਮਲ ਸੰਧੂ ਕੌਂਸਲਰ, ਨਗਰ ਨਿਗਮ ਵਿੱਚ ਐਫ ਐਂਡ ਸੀਸੀ ਦਾ ਮੈਂਬਰ, ਨਗਰ ਸੁਧਾਰ ਟਰਸੱਟ ਦਾ ਮੈਂਬਰ, ਇਸ ਦਾ ਬੇਟਾ ਇਕਬਾਲ ਸੰਧੂ ਯੂਥ ਵਿੰਗ ਦਾ ਸਰਕਲ ਪ੍ਰਧਾਨ ਤੇ ਟਰੱਕ ਯੂਨੀਅਨ ਬਠਿੰਡਾ ਦਾ ਵੀ ਇੰਚਾਰਜ ਹੈ। ਇਸ ਆਗੂ ਕੋਲ ਪੰਜ ਅਹੁਦੇ ਹਨ ਤੇ ਛੇਵਾਂ ਸਰਕਲ ਪ੍ਰਧਾਨ ਦਾ ਅਹਿਮ ਅਹੁਦਾ ਦੇਕੇ ਸਿੰਗਲਾ ਸਾਹਿਬ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਹਨ? ਸਾਰੇ ਹੀ ਆਗੂਆਂ ਨੇ ਅੱਜ ਤੋਂ ਬਾਅਦ ਫੈਸਲਾ ਕੀਤਾ ਕਿ ਜੇਕਰ ਨਿਰਮਲ ਸੰਧੂ ਦੇ ਅਹੁਦੇ ਨੂੰ ਜਦੋਂ ਤੱਕ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਸਰੂਪ ਚੰਦ ਸਿੰਗਲਾ ਦੇ ਹਰ ਪ੍ਰੋਗਰਾਮ ਦਾ ਬਾਈਕਾਟ ਕੀਤਾ ਜਾਵੇਗਾ। ਹੁਣ ਇਹ ਫੈਸਲਾ ਸਿੰਗਲਾ ਸਾਹਿਬ ਨੇ ਕਰਨਾ ਹੈ ਕਿ ਵੋਟਾਂ ਲੈਣੀਆਂ ਹਨ ਕਿ ਸੰਧੂ ਸਾਹਿਬ ਨੂੰ ਅਹੁਦਾ ਦੇਣਾ ਹੈ? ਜਦੋਂ ਇਸ ਸਬੰਧੀ ਅਕਾਲੀ ਆਗੂ ਚਮਕੌਰ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਬਠਿੰਡਾ ਸ਼ਹਿਰ ਦੇ ਸਾਰੇ ਪੁਰਾਣੇ ਤੇ ਟਕਸਾਲੀ ਅਕਾਲੀ ਆਗੂਆਂ ਦੀ ਇੱਕ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਮੌਜੂਦਾ ਰਾਜਸੀ ਸਥਿਤੀ ਦੇ ਵਿਚਾਰ ਕਰਨ ਉਪਰੰਤ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply