Friday, March 13, 2026

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ‘ਕਾਨੂੰਨੀ ਨੁਕਤੇ ਅਤੇ ਔਰਤਾਂ ਦੇ ਹੱਕਾਂ ‘ਤੇ ਐਕਸਟੈਨਸ਼ਨ’ ਲੈਕਚਰ

ਸ਼ੈਸ਼ਨ ਜੱਜ ਸ: ਗੁਰਬੀਰ ਸਿੰਘ ਨੇ ਔਰਤਾਂ ‘ਤੇ ਹੋ ਰਹੇ ਜੁਲਮਾਂ ਅਤੇ ਕਾਨੂੰਨੀ ਸਹਾਇਤਾ ਬਾਰੇ ਦੱਸਿਆ

PPN1709201520

ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅੱਜ ਪੰਜਾਬ ਲੀਗਲ ਸਰਵਿਸਿਸ ਅਥਾਰਟੀ ਦੇ ਸਹਿਯੋਗ ਨਾਲ ਨਾਰੀ ਸ਼ਸ਼ਕਤੀਕਰਨ ਅਤੇ ਕਾਨੂੰਨੀ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ‘ਐਕਸਟੈਨਸ਼ਨ ਲੈਕਚਰ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਸੈਸ਼ਨ ਜੱਜ-ਕਮ-ਚੇਅਰਮੈਨ ਲੀਗਲ ਸਰਵਿਸਿਸ ਅਥਾਰਟੀ, ਅੰਮ੍ਰਿਤਸਰ ਸ: ਗੁਰਬੀਰ ਸਿੰਘ ਨੇ ਔਰਤਾਂ ‘ਤੇ ਹੁੰਦੇ ਤਸ਼ੱਦਦਾਂ ਅਤੇ ਖ਼ਾਸ ਕਾਨੂੰਨੀ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਆਪਣੇ ਸੰਬੋਧਨ ਰਾਹੀਂ ਵਿਦਿਆਰਥਣਾਂ ਨੂੰ ਚਾਨਣਾ ਪਾਇਆ।
ਸਮਾਗਮ ਦਾ ਅਗਾਜ਼ ਸ਼ਬਦ ਗਾਇਨ ਕਰਨ ਉਪਰੰਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸੈਕ੍ਰੇਟਰੀ ਸ੍ਰੀਮਤੀ ਗਿਰੀਸ਼ ਬਾਂਸਲ, ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਜ਼ਿਲ੍ਹਾਂ ਸੈਸ਼ਨ ਜੱਜ ਸ: ਗੁਰਬੀਰ ਸਿੰਘ ਜੀ ਨੇ ਮੁੱਖ ਵਿਸ਼ੇ ਉਤੇ ਚਰਚਾ ਕਰਦਿਆਂ ਹੋਇਆ ਔਰਤਾਂ ਨਾਲ ਸੰਬੰਧਿਤ ਕਾਨੂੰਨੀ ਧਾਰਾਵਾਂ ਉਤੇ ਚਾਨਣਾ ਪਾਇਆ ਅਤੇ ਸਮਾਜ ਵਿੱਚ ਔਰਤ ਦੇ ਪੱਧਰ ਨੂੰ ਉਪਰ ਚੁੱਕਣ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸਹੂਲਤਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਇਤਿਹਾਸ ਵਿੱਚ ਔਰਤਾਂ ਖਿਲਾਫ਼ ਹੋਏ ਅੱਤਿਆਚਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਕਾਨੂੰਨੀ ਹੱਕ ਔਰਤਾਂ ਨੂੰ ਉਸਦਾ ਸਮਾਜ ਵਿੱਚ ਲੋੜੀਂਦਾ ਮਾਣ-ਸਨਮਾਨ ਦੇਣ ਵਿੱਚ ਸਹਾਈ ਹੋ ਰਹੇ ਹਨ।
ਸ: ਛੀਨਾ ਨੇ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਨਾਰੀ ਸ਼ਕਤੀ ਦੀ ਚਰਚਾ ਕੀਤੀ ਅਤੇ ਹਰ ਖੇਤਰ ਵਿੱਚ ਉਸ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਔਰਤ ਦਾ ਸਮਾਜ ਨੂੰ ਸਿਰਜਨ ਅਤੇ ਦੇਸ਼ ਦੇ ਵਿਕਾਸ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਸਮਾਜ ਵਿੱਚ ਔਰਤਾਂ ਖਿਲਾਫ਼ ਵੱਧ ਰਹੇ ਜੁਰਮਾਂ ‘ਤੇ ਚਿੰਤਾ ਪ੍ਰਗਟਾਈ ਅਤੇ ਕਾਨੂੰਨੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਦੱਬੀਆਂ-ਕੁਚਲੀਆਂ ਔਰਤਾਂ ਜਲਦ ਇਨਸਾਫ਼ ਪ੍ਰਦਾਨ ਕਰਨ ਲਈ ਯੋਗ ਪ੍ਰਣਾਲੀ ਦਾ ਪ੍ਰਬੰਧ ਕਰਨ ਤਾਂ ਕਿ ਤੇਜ਼ਾਬੀ ਹਮਲਿਆਂ, ਜਬਰ-ਜਨਾਹ, ਛੇੜਖਾਨੀ ਅਤੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਰਾਹਤ ਮਿਲ ਸਕੇ। ਸ੍ਰੀਮਤੀ ਗਿਰੀਸ਼ ਬਾਂਸਲ ਨੇ ਕਾਲਜ ਵਿੱਚ ਸਥਾਪਿਤ ਲੀਗਲ-ਏਡ ਕਲੀਨਿਕ ਬਾਰੇ ਚਰਚਾ ਕੀਤੀ ਅਤੇ ਇਸ ਲੀਗਲ ਏਡ ਕਲੀਨਿਕ ਦੀ ਸਫ਼ਲਤਾਪੂਰਵਕ ਕਾਰਵਾਈ ਦੀ ਸਰਾਹਨਾ ਕੀਤੀ। ਪ੍ਰਿੰ: ਡਾ. ਢਿੱਲੋਂ ਨੇ ਵੀ ਮੁੱਖ ਵਿਸ਼ੇ ‘ਤੇ ਚਰਚਾ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ।
ਕਾਲਜ ਵੱਲੋਂ ਵਿਸ਼ਵ ਸ਼ਾਂਤੀ ਅਤੇ ਸਾਖਰਤਾ. ਵਿਸ਼ੇ ‘ਤੇ ਕਰਵਾਏ ਗਏ ਇੰਟਰ ਹਾਊਸ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਦੇ ਜੇਤੂਆਂ ਜੂਲੀ, ਪ੍ਰਿਅੰਕਾ ਅਤੇ ਕਿਰਨਦੀਪ (ਪੋਸਟਰ ਮੇਕਿੰਗ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ), ਮਨਵੀਰ, ਵਿਪਨਪ੍ਰੀਤ, ਨਵਜੋਤ ਕੌਰ (ਸਲੋਗਨ ਰਾਇਟਿੰਗ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ) ਨੂੰ ਇਨਾਮ ਵੰਡੇ ਗਏ। ਅੰਤ ਵਿੱਚ ਪ੍ਰਿੰ: ਡਾ. ਢਿੱਲੋ ਂਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply