ਪਿੰਡ ਚੱਕ ਬਖਤੂ ਨਹਿਰੂ ਯੁਵਾ ਕੇਂਦਰ ਨੇ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ
ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਨਸ਼ਾ ਤਸਕਰੀ ਕਰਨ ਵਾਲੇ ਸਮਾਜ ਦੇ ਦੁਸ਼ਮਣਾ ਦਾ ਸਾਥ ਦੇਣ ਵਾਲੇ ਸਿਆਸੀ ਆਗੂਆਂ ਦਾ ਆਮ ਲੋਕਾਂ ਨੂੰ ਨਾ ਸਿਰਫ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ ਸਗੋਂ ਅਜਿਹੇ ਆਗੂਆ ਦਾ ਪੂਰਨ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਹੈ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਚੱਕ ਬਖਤੂ ਦੇ ਗੁਰੂਦੁਆਰਾ ਸਾਹਿਬ ਦੇ ਹਾਲ ‘ਚ ਨਹਿਰੂ ਯੁਵਾ ਕੇਂਦਰ ਵਲੋਂ ਭਾਈਕਾ ਯੂਥ ਕਲੱਬ ਦੇ ਸਹਿਯੋਗ ਨਾਲ ਕਰਵਾਈ ਗਈ ਨਸ਼ਾ ਵਿਰੋਧੀ ਜਾਗਰੂਕਤਾ ਟ੍ਰੇਨਿੰਗ ਦਾ ਉਦਘਾਟਨ ਕਰਨ ਪੁੱਜੇ ਦਿਆਲ ਸੋਢੀ ਡਾਇਰੈਕਟਰ ਪਨਬਸ ਨੇ ਕੀਤਾ। ਉਨ੍ਹਾ ਕਿਹਾ ਕਿ ਕਿਸੇ ਨੂੰ ਨਸ਼ਾ ਛੱਡਣ ਤੇ ਉੱਚਾ-ਸੁੱਚਾ ਜਿਊਣ ਦੇ ਉਪਦੇਸ਼ ਦੇਣ ਤੋਂ ਪਹਿਲਾਂ ਖ਼ੁਦ ਨਸ਼ਾ ਮੁਕਤ ਹੋਣਾਹ ਲਾਜ਼ਮੀ ਹੈ। ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਪ੍ਰੋਜੈਕਟ ਅਫ਼ਸਰ ਸੁਖਵਿੰਦਰ ਸਿੰਘ ਚੱਠਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨ ਲਈ ਨਵੀਂ ਤੇ ਪੁਰਾਣੀ ਦੋਨੋ ਪੀੜ੍ਹੀਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾ ਪਿੰਡਾਂ ‘ਚ ਪਰਚੂਨ ਦੀਆਂ ਦੁਕਾਨਾ ਤੋਂ ਤੰਬਾਕੂ ਪਦਾਰਥਾਂ ਨੂੰ ਬੰਦ ਕਰਵਾਉਣ ਲਈ ਪੰਚਾਇਤਾਂ ਤੇ ਕਲੱਬਾਂ ਵਲੋਂ ਸਾਂਝੇ ਉਪਰਾਲੇ ਕਰਨ ਤੇ ਜੋਰ ਦਿੱਤਾ। ਸ਼੍ਰੀ ਚੱਠਾ ਟ੍ਰੇਨਿੰਗ ‘ਚ ਮੌਜੂਦ ਵੱਖ-ਵੱਖ ਕਲੱਬਾਂ ਦੇ ਪੀਅਰ ਐਜੂਕੇਟਰਾਂ ਤੇ ਵਲੰਟੀਅਰਾਂ ਨੂੰ ਨਸ਼ੇ ਸੰਬੰਧੀ ਕੀਤੇ ਜਾ ਰਹੇ ਸਰਵੇ ਦੀ ਜਾਣਕਾਰੀ ਵੀ ਦਿੱਤੀ। ਟ੍ਰੇਨਿੰਗ ਨੂੰ ਜਤਿੰਦਰ ਕੁਮਾਰ ਸ਼ਰਮਾਂ ਮੈਂਬਰ ਫੂਡ ਤੇ ਸਿਵਲ ਸਪਲਾਈ ਬਠਿੰਡਾ, ਬਲਾਕ ਸੰਮਤੀ ਮੈਂਬਰ ਸ਼ਮਿੰਦਰ ਕੌਰ, ਯੂਥ ਆਗੂ ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਟ੍ਰੇਨਿੰਗ ‘ਚ ਪਿੰਡ ਦੀ ਸਰਪੰਚ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ, ਸੁਰਜੀਤ ਸਿੰਘ ਪ੍ਰਧਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ, ਐਨ.ਵਾਈ.ਸੀ. ਮਨਦੀਪ ਸਿੰਘ, ਹਰਦੀਪ ਸਿੰਘ, ਕਲੱਬ ਪ੍ਰਧਾਨ ਹਰਪ੍ਰੀਤ ਸਿੰਘ, ਗੁਰਦਵਿੰਦਰ ਅਤੇ ਸਮੂਹ ਕਲੱਬ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।
Punjab Post Daily Online Newspaper & Print Media