Saturday, April 11, 2026

 ਵਿਵਾਦਤ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਕੀਤੀ ਬੱਜ਼ਰ ਭੁੱਲ ਲਈ ਅਕਾਲ ਤਖਤ ਤੋਂ ਮਿਲੀ ਮੁਆਫੀ

ਸਿੰਘ ਸਾਹਿਬਾਨ ਨੇ ਡੇਰਾ ਮੁੱਖੀ ਵਲੋਂ ਭੇਜੀ ਖਿਮਾਂ ਯਾਚਨਾ ਤੇ ਸਪੱਸ਼ਟੀਕਰਨ ਕੀਤਾ ਮੰਜ਼ੂਰ

AKal Takhat Meeting

ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜ ਸਿੰਘ ਸਾਹਿਬਾਨ ਦੀ ਅੱਜ ਸ੍ਰੀ ਅਕਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਈ ਇਕੱਤਰਤਾ ਦੌਰਾਨ ਦਸਮ ਪਾਤਸ਼ਾਹ ਦੀ ਪੌਸ਼ਾਕ ਦਾ ਸਵਾਂਗ ਰੱਚਣ ਵਾਲੇ ਡੇਰਾ ਸਿਰਸਾ ਦੇ ਵਿਵਾਦਤ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਕੀਤੀ ਬੱਜ਼ਰ ਭੁੱਲ ਲਈ ਮੁਆਫ ਕਰ ਦਿੱਤਾ ਹੈ।ਅਹਿਮ ਇਤਿਹਾਸ ਸਿਰਜਦਿਆਂ ਸਿੰਘ ਸਾਹਿਬਾਨ ਨੇ ਡੇਰਾ ਮੁੱਖੀ ਵਲੋਂ ਭੇਜੀ ਖਿਮਾਂ ਯਾਚਨਾ ਨੂੰ ਇਹ ਕਹਿ ਕੇ ਪ੍ਰਵਾਨ ਕਰ ਲਿਆ ਕਿ ਵਿਵਾਦ ਕਾਰਣ ਜੋ ਪ੍ਰੀਵਾਰਕ ਅਤੇ ਭਾਈਚਾਰਕ ਸਾਂਝਾਂ ਟੁੱਟੀਆਂ ਸਨ ਦਾ ਡੇਰਾ ਮੁਖੀ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ਸਪੱਸ਼ਟੀਕਰਨ ਦਿੱਤਾ ਹੈ।ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਅਚਨਚੇਤ ਬੁਲਾਈ ਗਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਮੀਤ ਗ੍ਰੰਥੀ ਗਿਆਨੀ ਰਾਮ ਸਿੰਘ ਸ਼ਾਮਿਲ ਹੋਏ ।
ਪੰਜ ਸਿੰਘ ਸਾਹਿਬਾਨ ਦੀ ਕੋਈ ਚਾਰ ਘੰਟੇ ਚੱਲੀ ਇਕੱਤਰਤਾ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਡੇਰਾ ਸਿਰਸਾ ਮੁਖੀ ਵੱਲੋਂ ਭੇਜੇ ਗਏ ਨੁਮਾਇੰਦਿਆਂ ਰਾਹੀਂ ਪੱਤਰ ਪ੍ਰਾਪਤ ਹੋਇਆ ਹੈ।ਜਿਸ ਵਿਚ ਪਿਛਲੇ ਸਮੇਂ ਦੌਰਾਨ 2007 ਵਿਚ ਉੱਠੇ ਵਿਵਾਦ ਕਾਰਣ ਜੋ ਪ੍ਰੀਵਾਰਿਕ ਅਤੇ ਭਾਈਚਾਰਕ ਸਾਂਝਾ ਟੁੱਟ ਚੁੱਕੀਆਂ ਸਨ ਦਾ ਬੜੀ ਨਿਮਰਤਾ ਤੇ ਬੜੇ ਹਲੀਮੀ ਭਰੇ ਸ਼ਬਦਾਂ ਵਿੱਚ ਸਪੱਸ਼ਟੀਕਰਨ ਦਿੱਤਾ ਅਤੇ ਖਿਮਾਂ ਯਾਚਨਾ ਮੰਗੀ ਕਿ ਉਹ ਸਾਡੇ ਗੁਰੂ ਸਾਹਿਬਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਨਾ ਤਾਂ ਦੂਰ ਦੀ ਗੱਲ ਕਦੇ ਅਜਿਹਾ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦਾ।ਨਕਲ ਕਿਵੇਂ ਕਰ ਸਕਦਾ ਹੈ।ਇਸ ਗੱਲ ਦਾ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਕਿ ਕਦੇ ਅਜਿਹਾ ਕਰਨ ਦਾ ਸੋਚਿਆ ਵੀ ਹੋਵੇ। ਉਹ ਆਪਣੇ ਆਪ ਨੂੰ ਕਿਸੇ ਸੰਤ, ਪੀਰ ਪੈਗੰਬਰ ਬਰਾਬਰ ਮੰਨਦੇ ਹੀ ਨਹੀਂ ਤਾਂ ਨਕਲ ਕਰਨ ਦੀ ਜ਼ੁਅੱਰਤ ਕਿਵੇਂ ਕਰ ਸਕਦਾ ਹੈ।ਜਿਸ ‘ਤੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਭੇਜੇ ਗਏ ਖਿਮਾਂ ਯਾਚਨਾ ਪੱਤਰ ਅਤੇ ਸਪੱਸ਼ਟੀਕਰਨ ਨੂੰ ਪ੍ਰਵਾਨ ਕਰਦਿਆਂ ਅੱਗੋਂ ਲਈ ਹਦਾਇਤ ਕੀਤੀ ਗਈ ਹੈ ਕਿ ਡੇਰਾ ਮੁਖੀ ਵੱਲੋਂ ਕੋਈ ਵੀ ਅਜਿਹਾ ਸਵਾਂਗ ਨਾ ਕੀਤਾ ਜਾਵੇ, ਜਿਸ ਨਾਲ ਸਿੱਖ ਪੰਥ ਅਤੇ ਹੋਰ ਧਰਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਜਿਕਰਯੋਗ ਹੈ ਕਿ ਡੇਰਾ ਮੁਖੀ ਵਲੋਂ ਜੋ ਪੱਤਰ ਭੇਜਿਆ ਗਿਆ ਹੈ, ਉਸ ਉਪਰ ਕੋਈ ਵੀ ਤਰੀਕ ਦਰਜ਼ ਨਹੀਂ ਕੀਤੀ ਗਈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply