ਡਾਕ ਵਿਭਾਗ ਵੱਲੋਂ ਜ਼ਿਲ੍ਹਾ ਡਾਇਟ ਕੇਂਦਰ ਵੇਰਕਾ ਵਿਖੇ ਸੈਮੀਨਾਰ
ਅੰਮ੍ਰਿਤਸਰ, 23 ਸਤੰਬਰ (ਪ.ਪ) – ਛੋਟੀਆਂ ਬੱਚਤ ਸਕੀਮਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਹ ਪ੍ਰਗਟਾਵਾ ਸੀਨੀਅਰ ਸੁਪਰਡੰਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇ. ਐਮ ਜਿੰਦਲ ਨੇ ਜ਼ਿਲ੍ਹਾ ਡਾਇਟ ਕੇਂਦਰ ਵੇਰਕਾ ਵਿਖੇ ਡਾਕ ਵਿਭਾਗ ਵੱਲੋਂ ਕਰਵਾਏ ਸੈਮੀਨਾਰ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਡਾਕ ਘਰ ਦੀਆਂ ਸਕੀਮਾਂ ਜਿਵੇਂ ਪੋਸਟਲ ਲਾਈਫ਼ ਇੰਸ਼ੋਰੈਂਸ, ਸੁਕੰਨਿਆ ਸਮ੍ਰਿਧੀ ਯੋਜਨਾ, ਆਰ. ਡੀ, ਕਿਸਾਨ ਵਿਕਾਸ ਪੱਤਰ, ਐਨ. ਐਸ. ਸੀ, ਟਾਈਮ ਡਿਪੋਜ਼ਿਟ ਸਕੀਮ ਆਦਿ ਅਧੀਨ ਜਿਥੇ ਜਮ੍ਹਾਂ ਕਰਤਾਵਾਂ ਨੂੰ ਵਧੇਰੇ ਵਿਆਜ ਮਿਲਦਾ ਹੈ ਉਥੇ ਇਹ ਪੈਸਾ ਸਰਕਾਰ ਵੱਲੋਂ ਰਾਜ ਦੇ ਵਿਕਾਸ ਕੰਮਾਂ ਲਈ ਖ਼ਰਚ ਕੀਤਾ ਜਾਂਦਾ ਹੈ। ਇਸ ਮੌਕੇ ਸੁਪਰਡੰਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇ. ਐਸ ਭੁੱਲਰ ਨੇ ਪੀ. ਐਲ. ਆਈ ਅਤੇ ਸੁਕੰਨਿਆ ਸਮ੍ਰਿਧੀ ਸਕੀਮ ਬਾਰੇ ਡਾਇਟ ਵਿਖੇ ਸਿਖਲਾਈ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੱਸਿਆ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਅਧੀਨ 0-10 ਸਾਲ ਦੀਆਂ ਬੱਚੀਆਂ ਦਾ ਇਕ ਹਜ਼ਾਰ ਰੁਪਏ ਦੀ ਜਮ੍ਹਾਂ ਰਾਸ਼ੀ ਦੇ ਨਾਲ ਕਿਸੇ ਵੀ ਡਾਕਘਰ ਵਿਚ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖਾਤੇ ਵਿਚ ਇਕ ਵਿੱਤੀ ਸਾਲ ਦੌਰਾਨ ਇਕ ਹਜ਼ਾਰ ਰੁਪਏ ਤੋਂ ਲੈ ਕੇ 1.50 ਲੱਖ ਰੁਪਏ ਸਾਲਾਨਾ ਜਮ੍ਹਾਂ ਹੋ ਸਕਦੇ ਹਨ ਅਤੇ ਇਸ ਖਾਤੇ ‘ਤੇ ਸਰਕਾਰ ਵੱਲੋਂ ਸਾਲ 2015-16 ਲਈ 9.20 ਫੀਸਦੀ ਵਿਆਜ ਦਿੱਤਾ ਜਾਵੇਗਾ।
ਇਸ ਮੌਕੇ ਸੀਨੀਅਰ ਬੱਚਤ ਅਫ਼ਸਰ ਅੰਮ੍ਰਿਤਸਰ ਸ੍ਰੀ ਗੁਲਸ਼ਨ ਕੁਮਾਰ ਨੇ ਪਬਲਿਕ ਪ੍ਰਾਵੀਡੈਂਟ ਫੰਡਜ਼ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ. ਪੀ. ਐਫ ਸਕੀਮ ਅਧੀਨ ਕੋਈ ਵੀ ਵਿਅਕਤੀ ਆਪਣਾ ਖਾਤਾ 500 ਰੁਪਏ ਨਾਲ ਖੋਲ੍ਹ ਸਕਦਾ ਹੈ। ਇਸ ਖਾਤੇ ਵਿਚ 500 ਰੁਪਏ ਤੋਂ ਲੈ ਕੇ 1.50 ਲੱਖ ਰੁਪਏ ਸਾਲਾਨਾ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੀ. ਪੀ. ਐਫ ਖਾਤਾ ਕਿਸੇ ਵੀ ਅਧਿਕਾਰਤ ਡਾਕਘਰ/ਬੈਂਕ ਵਿਚ ਖੋਲ੍ਹਿਆ ਜਾ ਸਕਦਾ ਹੈ। ਇਸ ਖਾਤੇ ‘ਤੇ 2015-16 ਲਈ ਭਾਰਤ ਸਰਕਾਰ ਵੱਲੋਂ 8.70 ਫੀਸਦੀ ਕਰ ਮੁਕਤ ਸਾਲਾਨਾ ਵਿਆਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਖਾਤੇ ਨੂੰ ਡਾਕਘਰ ਤੋਂ ਬੈਂਕ ਅਤੇ ਬੈਂਕ ਤੋਂ ਡਾਕਘਰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਇਸ ਮੌਕੇ ਪ੍ਰਿੰਸੀਪਲ ਡਾਇਟ ਵੇਰਕਾ ਸ੍ਰੀ ਡੀ. ਕੇ ਮਾਹੀਆ, ਸਹਾਇਕ ਸੁਪਰਡੈਂਟ ਪੋਸਟ ਆਫਿਸਜ਼ ਸ੍ਰੀ ਕਰਮ ਚੰਦ ਅਤੇ ਪੋਸਟ ਮਾਸਟਰ ਸਬ-ਪੋਸਟ ਆਫਿਸ ਵੇਰਕਾ ਨੇ ਵੀ ਆਪਣੇ ਵਿਚਾਰ ਰੱਖੇ।
Punjab Post Daily Online Newspaper & Print Media
