ਨਿਰਧਾਰਤ ਸਮੇਂ ‘ਚ ਸੇਵਾਵਾਂ ਦੇਣ ਲਈ ਬਟਾਲਾ ਪੁਲਿਸ ਵੱਚਨਬੱਧ – ਐੱਸ.ਪੀ ਜਤਿੰਦਰ ਮੰਡ

ਬਟਾਲਾ, 22 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪੁਲਿਸ ਤੇ ਲੋਕਾਂ ਵਿੱਚ ਸਾਂਝ ਨੂੰ ਹੋਰ ਮਜਬੂਤ ਕਰਨ ਲਈ ਸਾਂਝ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਸੇਵਾ ਅਧਿਕਾਰ ਕਾਨੂੰਨ ਤਹਿਤ ਸਾਂਝ ਕੇਂਦਰਾਂ ਵਿੱਚ ਪੁਲਿਸ ਵਿਭਾਗ ਨਾਲ ਸਬੰਧਤ 41 ਸੇਵਾਵਾਂ ਨਿਰਧਾਰਤ ਸਮੇਂ ‘ਚ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਇਹ ਗੱਲ ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਪੀ. (ਹੈੱਡਕੁਆਟਰ) ਸ੍ਰੀ ਜਤਿੰਦਰ ਸਿੰਘ ਮੰਡ ਨੇ ਅੱਜ ਬਟਾਲਾ ਦੇ ਸਾਂਝ ਕੇਂਦਰ ਵਿਖੇ ਸਬ-ਡਵੀਜ਼ਨ ਸਾਂਝ ਕੇਂਦਰ ਸ੍ਰੀ ਹਰਗੋਬਿੰਦਪੁਰ ਦੇ ਮੈਂਬਰਾਂ ਨਾਲ ਮੀਟਿੰਗ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਮਿਊਨਿਟੀ ਅਫਸਰ ਡੀ.ਐੱਸ.ਪੀ. ਹਰੀਸ਼ਰਨ ਸ਼ਰਮਾ ਵੀ ਹਾਜ਼ਰ ਸਨ। ਐੱਸ.ਪੀ. ਮੰਡ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਅਸਾਨੀ ਨਾਲ ਮਿਲਣ, ਇਸ ਲਈ ਪੰਜਾਬ ਭਰ ‘ਚ ਸਾਂਝ ਪ੍ਰੋਜੈਕਟ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਬਟਾਲਾ ਸ. ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਪੁਲਿਸ ਜ਼ਿਲ੍ਹਾ ਬਟਾਲਾ ‘ਚ ਵੀ ਸਾਂਝ ਪ੍ਰੋਜੈਕਟ ਨੂੰ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ ਅਤੇ ਸਾਂਝ ਕੇਂਦਰਾਂ ਵੱਲੋਂ ਜਿਥੇ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਸਾਂਝ ਕਮੇਟੀ ਮੈਂਬਰਾਂ ਨਾਲ ਮਿਲ ਕੇ ਵੱਖ-ਵੱਖ ਸਮਾਜਿਕ ਸਮੱਸਿਆਵਾਂ ਦਾ ਵੀ ਹੱਲ ਕੱਢਿਆ ਜਾ ਰਿਹਾ ਹੈ।
ਸਾਂਝ ਕੇਂਦਰਾਂ ਦੇ ਕਾਰਗੁਜਾਰੀ ਬਾਰੇ ਗੱਲ ਕਰਦਿਆਂ ਐੱਸ.ਪੀ. ਮੰਡ ਨੇ ਕਿਹਾ ਕਿ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਤੋਂ ਲੋਕਾਂ ਨੂੰ ਵੱਡਾ ਫਾਇਦਾ ਹੋਇਆ ਹੈ ਅਤੇ ਪਾਸਪੋਰਟ ਇਨਕੁਆਰੀ ਵਰਗੀ ਸੇਵਾ ਹੁਣ ਲੋਕਾਂ ਨੂੰ ਬੇਹੱਦ ਸੌਖਿਆਂ ਤੇ ਪਾਰਦਰਸ਼ੀ ਢੰਗ ਨਾਲ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ‘ਚ ਕੰਮ ਕਰਾਉਣ ਆਏ ਹਰ ਵਿਅਕਤੀ ਦਾ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਂਦਾ ਹੈ ਅਤੇ ਲੋਕਾਂ ਦੇ ਬੈਠਣ ਲਈ ਪ੍ਰਬੰਧ ਕਰਨ ਤੋਂ ਇਲਾਵਾ ਉਨ੍ਹਾਂ ਦੀ ਆਓ-ਭਗਤ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਂਝ ਪ੍ਰੋਜੈਕਟ ਦੇ ਆਉਣ ਨਾਲ ਲੋਕਾਂ ਦੀ ਪੁਲਿਸ ਪ੍ਰਤੀ ਬਣੀ ਧਾਰਨਾ ਬਦਲੀ ਹੈ ਅਤੇ ਪੁਲਿਸ ਤੇ ਲੋਕਾਂ ਦਰਮਿਆਨ ਸਾਂਝ ਮਜਬੂਤ ਹੋਈ ਹੈ। ਮੀਟਿੰਗ ਦੌਰਾਨ ਸਾਂਝ ਕਮੇਟੀ ਮੈਂਬਰਾਂ ਨੇ ਜਿਥੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਬਾਰੇ ਚਰਚਾ ਕੀਤੀ ਉਥੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਸੁਝਾਅ ਵੀ ਦਿੱਤੇ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ‘ਤੇ ਵੀ ਵਿਚਾਰ ਚਰਚਾ ਕੀਤੀ ਅਤੇ ਸਾਰਿਆਂ ਨੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਰਲ ਕੇ ਚੱਲਣ ਤੇ ਸਮਾਜ ਵਿੱਚ ਜਾਗਰੂਕਤਾ ਲਿਆਉਣ ਦਾ ਅਹਿਦ ਕੀਤਾ। ਸਾਂਝ ਕਮੇਟੀ ਮੈਂਬਰਾਂ ਵੱਲੋਂ ਕੁਝ ਮਸਲੇ ਦੂਸਰੇ ਵਿਭਾਗਾਂ ਨਾਲ ਸਬੰਧਤ ਉਠਾਏ ਗਏ ਜਿਸ ਨੂੰ ਪੁਲਿਸ ਅਧਿਕਾਰੀਆਂ ਨੇ ਦੂਸਰੇ ਵਿਭਾਗਾਂ ਕੋਲੋਂ ਹੱਲ ਕਰਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਸਾਂਝ ਕਮੇਟੀ ਮੈਂਬਰ ਲਾਜਵੰਤ ਸਿੰਘ ਲਾਟੀ ਮਚਰਾਵਾਂ, ਸਰਪੰਚ ਬਲਵਿੰਦਰ ਸਿੰਘ ਬਿੰਦਾ ਡਡਿਆਲਾ, ਪਲਵਿੰਦਰ ਸਿੰਘ ਚੀਮਾਂ, ਬਖਸ਼ੀਸ਼ ੰਿਘ ਭੋਮਾਂ, ਬਲਬੀਰ ਕੌਰ ਸ੍ਰੀ ਹਰਗੋਬਿੰਦਰਪੁਰ, ਸੁਖਵਿੰਦਰ ਕੌਰ, ਸਰਪੰਚ ਜੋਗਿੰਦਰ ਸਿੰਘ ਨਾਥਪੁਰ, ਮਹਿੰਦਰ ਸਿੰਘ ਕੀੜੀ ਅਫਗਾਨਾ, ਸਰਯੋਗ ਸਿੰਘ ਠੱਕਰਸੰਧੂ, ਹਰਦੀਪ ਸਿੰਘ ਬੁੱਟਰ, ਕਸ਼ਮੀਰ ਸਿੰਘ, ਲਖਵਿੰਦਰ ਸਿੰਘ, ਵਰਿੰਦਰ ਸਿੰਘ, ਗੁਰਲਾਲ ਸਿੰਘ ਜੈਤੋਸਰਜਾ ਤੋਂ ਇਲਾਵਾ ਏ.ਐਸ.ਆਈ ਅਜੀਤ ਸਿੰਘ, ਏ.ਐਸ.ਆਈ. ਪ੍ਰਤਾਪ ਸਿੰਘ ਇੰਚਾਰਜ ਸਾਂਝ ਕੇਂਦਰ ਕਾਦੀਆਂ, ਏ.ਐਸ.ਆਈ. ਗੁਰਨਾਮ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ, ਹਵਾਲਦਾਰ ਰਾਜਨ ਸਿੰਘ ਤੇ ਹਵਾਲਦਾਰ ਤ੍ਰਿਪਤ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media