
ਬਟਾਲਾ, 24 ਸਤੰਬਰ ( ਨਰਿੰਦਰ ਸਿੰਘ ਬਰਨਾਲ ) – ਪੰਜਾਬ ਸਰਕਾਰ ਵੱਲੋਂ ਸੇਵਾ ਅਧਿਕਾਰ ਕਾਨੂੰਨ ਤਹਿਤ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਪੁਲਿਸ ਸਾਂਝ ਕੇਂਦਰ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋ ਰਹੇ ਹਨ। ਪੁਲਿਸ ਵਿਭਾਗ ਨਾਲ ਸਬੰਧਤ 41 ਵੱਖ-ਵੱਖ ਸੇਵਾਵਾਂ ਇਨ੍ਹਾਂ ਸਾਂਝ ਕੇਂਦਰਾਂ ‘ਚ ਲੋਕਾਂ ਨੂੰ ਬਿਨ੍ਹਾਂ ਕਿਸੇ ਖੱਜਲ-ਖੁਆਰੀ ਦੇ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕ ਸਾਂਝ ਕੇਂਦਰਾਂ ਦੇ ਕੰਮ-ਕਾਜ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਕਾਦੀਆਂ ਨੇੜਲੇ ਪਿੰਡ ਨਾਥਪੁਰ ਦੇ ਵਸਨੀਕ ਜੋਗਿੰਦਰ ਸਿੰਘ ਸੰਧੂ ਨੇ ਪੁਲਿਸ ਸਾਂਝ ਕੇਂਦਰ ‘ਚ ਆਪਣੇ ਕੰਮ ਸਬੰਧੀ ਤਜ਼ਰਬੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪੁੱਤਰ ਅਤੇ ਨੂੰਹ ਦੀ ਕਨੇਡਾ ਜਾਣ ਦੇ ਵੀਜ਼ ਲਈ ਪੁਲਿਸ ਵੈਰੀਫਿਕੇਸ਼ਨ ਦੀ ਲੋੜ ਸੀ ਅਤੇ ਅਸੀਂ ਕਾਦੀਆਂ ਦੇ ਸਾਂਝ ਕੇਂਦਰ ਵਿੱਚ 50 ਰੁਪਏ ਫੀਸ ਜਮ੍ਹਾਂ ਕਰਾ ਕੇ ਵੈਰੀਫਿਕੇਸ਼ਨ ਲਈ ਅਪਾਲਈ ਕਰ ਦਿੱਤਾ ਅਤੇ ਚਾਰ ਦਿਨਾਂ ਵਿੱਚ ਹੀ ਬਿਨਾਂ ਕੋਈ ਫੇਰਾ ਮਾਰਿਆਂ ਪੁਲਿਸ ਵੈਰੀਫਿਕੇਸ਼ਨ ਹੋ ਕੇ ਕਾਗਜ਼ਾਤ ਸਾਡੇ ਘਰ ਪਹੁੰਚ ਗਏ। ਸ. ਜੋਗਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸਤੋਂ ਬਾਅਦ ਉਸਦੇ ਪੁੱਤਰ ਤੇ ਨੂੰਹ ਦਾ ਕਨੇਡਾ ਵੀਜਾ ਲੱਗ ਗਿਆ ਹੈ। ਸ. ਸੰਧੂ ਨੇ ਕਿਹਾ ਕਿ ਸਾਂਝ ਕੇਂਦਰਾਂ ‘ਚ ਪੁਲਿਸ ਵਿਭਾਗ ਵੱਲੋਂ ਜਿਸ ਪਾਰਦਰਸ਼ਤਾ ਤੇ ਤੇਜੀ ਨਾਲ ਕੰਮ ਕੀਤਾ ਜਾਂਦਾ ਹੈ ਉਹ ਆਪਣੇ ਆਪ ਵਿੱਚ ਮਿਸਾਲ ਹੈ ਅਤੇ ਸਾਂਝ ਕੇਂਦਰ ਦੇ ਇਸ ਤਜ਼ਰਬੇ ਨੇ ਮੇਰੀ ਪੁਲਿਸ ਵਿਭਾਗ ਸਬੰਧੀ ਸੋਚ ਨੂੰ ਪੂਰੀ ਤਰਾਂ ਬਦਲ ਕੇ ਰੱਖ ਦਿੱਤਾ ਹੈ।
ਇਸੇ ਤਰਾਂ ਬਟਾਲਾ ਨੇੜਲੇ ਪਿੰਡ ਡਡਿਆਲਾ ਨਜ਼ਾਰਾ ਦੇ ਵਸਨੀਕ ਬਲਵਿੰਦਰ ਸਿੰਘ ਬਿੰਦਾ ਨੇ ਪੁਲਿਸ ਸਾਂਝ ਕੇਂਦਰ ‘ਚ ਕੰਮ-ਕਾਜ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਸਦਾ ਸਾਂਝ ਕੇਂਦਰ ਨਾਲ ਵਾਹ-ਵਾਸਤਾ ਆਪਣੇ ਪੁੱਤਰ ਸੁਰਵਿੰਦਰ ਸਿੰਘ ਦੀ ਪਾਸਪੋਰਟ ਇਨਕੁਆਰੀ ਕਰਕੇ ਪਿਆ ਸੀ। ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸਦੇ ਪੁੱਤਰ ਨੇ ਆਪਣਾ ਪਾਸਪੋਰਟ ਬਣਾਉਣ ਲਈ ਪਾਸਪੋਰਟ ਦਫਤਰ ‘ਚ ਅਪਲਾਈ ਕੀਤਾ ਤਾਂ ਉਸਤੋਂ ਤੀਸਰੇ ਦਿਨ ਹੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮ ਵੈਰੀਫਿਕੇਸ਼ਨ ਲਈ ਸਾਡੇ ਘਰ ਪਹੁੰਚ ਗਏ। ਪੁਲਿਸ ਮੁਲਾਜ਼ਮਾਂ ਨੇ ਪੁਲਿਸ ਵੈਰੀਫਿਕੇਸ਼ਨ ਦੀ 100 ਰੁਪਏ ਫੀਸ ਲੈ ਕੇ ਸਾਨੂੰ ਰਸੀਦ ਦੇ ਦਿੱਤੀ ਅਤੇ ਲੋੜੀਂਦੀ ਪੜਤਾਲ ਕਰਕੇ ਚਲੇ ਗਏ। ਬਲਵਿੰਦਰ ਸਿੰਘ ਨੇ ਦੱਸਿਆ ਇੱਕ ਹਫਤੇ ਬਾਅਦ ਜਦੋਂ ਡਾਕ ਰਾਹੀਂ ਉਨਾਂ ਦੇ ਘਰ ਪਾਸਪੋਰਟ ਬਣ ਕੇ ਪਹੁੰਚ ਗਿਆ ਤਾਂ ਉਨ੍ਹਾਂ ਨੂੰ ਸਰਕਾਰ ਦੇ ਅਜਿਹੇ ਉੱਦਮਾਂ ਬਾਰੇ ਬੇਹੱਦ ਮਾਣ ਤੇ ਤਸੱਲੀ ਹੋਈ। ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਪਾਸਪੋਰਟ ਇਨਕੁਆਰੀ ਦੇ ਨਾਮ ‘ਤੇ ਲੋਕਾਂ ਦੀ ਬਹੁਤ ਖੱਜਲ-ਖੁਆਰੀ ਹੁੰਦੀ ਸੀ ਅਤੇ ਪਾਸਪੋਰਟ ਇਨਕੁਆਰੀ ਦਾ ਅਮਲ ਗੁੰਝਲਦਾਰ ਤੇ ਲੁਕਵਾਂ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਸਭ ਕੁਝ ਪਾਰਦਰਸ਼ੀ ਹੈ ਅਤੇ ਬਿਨ੍ਹਾਂ ਕਿਸੇ ਖੱਜਲ-ਖੁਆਰੀ ਦੇ ਲੋਕਾਂ ਨੂੰ ਬਹੁਤ ਛੇਤੀ ਸੇਵਾਵਾਂ ਮਿਲ ਰਹੀਆਂ ਹਨ ਜੋ ਕਿ ਪੰਜਾਬ ਸਰਕਾਰ ਦਾ ਚੰਗਾ ਉੱਦਮ ਹੈ।
ਸ੍ਰੀ ਹਰਗੋਬਿੰਦਪੁਰ ਲਾਗਲੇ ਪਿੰਡ ਮਚਰਾਵਾਂ ਦੇ ਨੌਜਵਾਨ ਲਾਜਵੰਤ ਸਿੰਘ ਲਾਟੀ ਨੇ ਪੁਲਿਸ ਸਾਂਝ ਕੇਂਦਰਾਂ ਨੂੰ ਲੋਕਾਂ ਤੇ ਪੁਲਿਸ ਵਿਭਾਗ ਵਿੱਚ ਗੂੜ੍ਹੀ ਸਾਂਝ ਦਾ ਪ੍ਰਤੀਕ ਦੱਸਿਆ ਹੈ। ਲਾਜਵੰਤ ਸਿੰਘ ਦਾ ਕਹਿਣਾ ਹੈ ਕਿ ਸਾਂਝ ਕੇਂਦਰ ਵਿੱਚ ਜਿਸ ਤਰਾਂ ਦਾ ਦੋਸਤਾਨਾ ਮਹੌਲ ਹੈ, ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਇਹ ਪੁਲਿਸ ਵਿਭਾਗ ਨਾਲ ਸਬੰਧਤ ਅਦਾਰਾ ਹੈ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ‘ਚ ਵੱਖੋ-ਵੱਖਰੇ ਕੰਮਾਂ ਲਈ ਕਾਊਂਟਰ, ਬੈਠਣ ਲਈ ਵਾਤਾਅਨਕੂਲ ਵੈਟਿੰਗ ਰੂਮ ਕੰਮ ਕਰਾਉਣ ਆਏ ਲੋਕਾਂ ਨੂੰ ਸਹੂਲਤ ਪੇਸ਼ ਕਰਦੇ ਹਨ। ਪੰਜਾਬ ਸਰਕਾਰ ਦੇ ਸਾਂਝ ਪ੍ਰੋਜੈਕਟ ਤੋਂ ਲੋਕ ਖੁਸ਼ ਹਨ ਅਤੇ ਲੋਕਾਂ ਨੇ ਸੂਬਾ ਸਰਕਾਰ ਦੀ ਇਸ ਕੋਸ਼ਿਸ਼ ਨੂੰ ਸਰਾਹਿਆ ਹੈ।
Punjab Post Daily Online Newspaper & Print Media