
ਨਵੀਂ ਦਿੱਲੀ, 29 ਸਤਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਉਲੀਕੀ ਗਈ ਹੋਈ ਲੜੀ ਦੇ ਅਧੀਨ, ਸ਼ਨੀਵਾਰ, 3 ਅਕਤੂਬਰ ਸ਼ਾਮ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੁੰਦਰ ਵਿਹਾਰ (ਆਊਟਰ ਰਿੰਗ ਰੋਡ) ਪੱਛਮ ਵਿਹਾਰ, ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੇ ਪੀ ਬਲਾਕ ਵਿਸ਼ਨੂੰ ਗਾਰਡਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਪੱਛਮ ਵਿਹਾਰ ਵਿਖੇ ਹੋ ਰਹੇ ਸਮਾਗਮ ਵਿੱਚ ਸਿੰਘ ਸਭਾ ਸੁੰਦਰ ਨਗਰ ਦੇ ਹਜ਼ੂਰੀ ਕੀਰਤਨੀਏ ਭਾਈ ਕਰਤਾਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਭਾਈ ਉਂਕਾਰ ਸਿੰਘ ਅਤੇ ਭਾਈ ਗੁਰਦੇਵ ਸਿੰਘ ਦੇ ਰਾਗੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸ. ਰਾਣਾ ਨੇ ਹੋਰ ਦਸਿਆ ਕਿ ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿਰਸਾ ਅਤੇ ਹੋਰ ਪੰਥਕ ਮੁਖੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਦੇ ਦਰਸ਼ਨ ਕਰਨਗੇ।
ਸ. ਰਾਣਾ ਨੇ ਦਸਿਆ ਕਿ ਇਸੇ ਤਰ੍ਹਾਂ ਵਿਸ਼ਨੂੰ ਗਾਰਡਨ ਵਿਖੇ ਹੋ ਰਹੇ ਸਮਗਾਮ ਵਿੱਚ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਸਿੰਘ ਸਭਾ ਦੇ ਹਜ਼ੂਰੀ ਕੀਰਤਨੀਏ ਭਾਈ ਕਿਰਨਪਾਲ ਸਿੰਘ, ਭਾਈ ਲਖਵਿੰਦਰ ਸਿੰਘ ਪਾਰਸ ਅਤੇ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸਿੰਘ ਸਭਾ ਦੇ ਹੈੱਡ ਗ੍ਰੰਤੀ ਭਾਈ ਹਰਨਾਮ ਸਿੰਘ ਖਾਲਸਾ ਸ਼ਬਦ ਵਿਚਾਰਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸ਼ਹਾਦਤ ਦੇ ਸੰਬੰਧ ਵਿੱਚ ਸੰਗਤਾਂ ਨੂੰ ਜਾਣੂ ਕਰਵਾਣਗੇ। ਉਨ੍ਹਾਂ ਦਸਿਆ ਕਿ ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਸਹਿਤ ਇਲਾਕੇ ਤੋਂ ਗੁਰਦੁਆਰਾ ਕਮੇਟੀ ਦੇ ਮੈਂਬਰ ਸ. ਜੀਤ ਸਿੰਘ ਖੋਖਰ ਵੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਦੇ ਦਰਸ਼ਨ ਕਰਨਗੇ।
Punjab Post Daily Online Newspaper & Print Media