Friday, March 6, 2026

ਭੂਸ਼ਨ ਸੂਦ ਤੇ ਅਮਰ ਭੁੱਲਰ ਨੂੰ ਸ਼੍ਰੋਮਣੀ ਪੱਤਰਕਾਰ ਦੇ ਸਨਮਾਨ ‘ਤੇ ਪੱਤਰਕਾਰ ਜਥੇਬੰਦੀਆਂ ਨੂੰ ਇਤਰਾਜ਼

ਜਸਪਾਲ ਸਿੰਘ ਹੇਰਾਂ ਤੇ ਜਸਬੀਰ ਸਿੰਘ ਨੇ ਚੋਣ ਕਮੇਟੀ ਦੀ ਕਾਬਲੀਅਤ ‘ਤੇ ਉਠਾਏ ਸਵਾਲ

ਬਠਿੰਡਾ, 30 ਸਤੰਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਯੂਨੀਅਨ ਆਫ਼ ਜਰਨਲਿਸਟ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਇਨਾਮਾਂ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਇਸ ਸਬੰਧੀ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਜਥੇਬੰਦੀਆਂ ਨੇ ਰੋਸ ਪ੍ਰਗਟ ਕੀਤਾ ਹੈ ਕਿ ਭੂਸ਼ਨ ਸੂਦ ਨੂੰ ਦਿਤੇ ਸ਼੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰ ਨਾਲ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਸਿਰ ਨੀਵਾਂ ਹੋਇਆ ਹੈ । ਇਸੇ ਤਰ੍ਹਾਂ ਉਨ੍ਹਾਂ ਨੂੰ ਅਮਰ ਭੁੱਲਰ ਨੂੰ ਦਿੱਤੇ ਸ਼੍ਰੋਮਣੀ ਪੰਜਾਬੀ ਪੱਤਰਕਾਰ ਦੇ ਦਿਤੇ ਇਨਾਮ ਤੇ ਵੀ ਇਤਰਾਜ਼ ਹੈ। ਇਸ ਸਬੰਧੀ ਹੰਗਾਮੀ ਆਨਲਾਈਨ ਮੀਟਿੰਗ ਕਰਕੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਪ੍ਰਧਾਨ ਜਸਪਾਲ ਸਿੰਘ ਹੇਰਾਂ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਨੇ ਇਨ੍ਹਾਂ ਇਨਾਮਾਂ ਵਿਚ ਸਿਆਸੀ ਸਿਫ਼ਾਰਸ਼ਾਂ ਅਗੇ ਗੋਡੇ ਟੇਕਣ ਵਾਲੀ ਚੋਣ ਕਮੇਟੀ ਤੇ ਵੀ ਸਵਾਲੀਆ ਨਿਸ਼ਾਨ ਲਗਾਏ ਹਨ। ਜਿਨ੍ਹਾਂ ਨੇ ਇਹ ਵੀ ਨਹੀਂ ਸੋਚਿਆ ਕਿ ਭੂਸ਼ਨ ਸੂਦ ਨੂੰ ਇਹ ਸਨਮਾਨ ਦੇ ਕੇ ਉਹ ਕਿਹੜੀ ਸਿਆਣਪ ਦੀ ਗੱਲ ਕਰ ਰਹੇ ਹਨ, ਇਸ ਸਬੰਧੀ ਕਮੇਟੀ ਦੇ ਉਚੇਰੀ ਸਿਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਅੱਗੇ ਇਨ੍ਹਾਂ ਜਥੇਬੰਦੀਆਂ ਨੇ ਸਵਾਲ ਕੀਤੇ ਹਨ ਤੇ ਕਿਹਾ ਹੈ ਕਿ ਇਹ ਕਮੇਟੀ ਤੇ ਸਰਦਾਰ ਰੱਖੜਾ ਦੱਸਣ ਕਿ ਭੂਸ਼ਨ ਸੂਦ ਦੀ ਕਿਸੇ ਇਕ ਜ਼ਿਕਰਯੋਗ ਖੋਜ ਰਿਪੋਰਟ ਦਾ ਵੇਰਵਾ ਦੇਣ, ਜੋ ਪੱਤਰਕਾਰਤਾ ਦੇ ਆਦਰਸ਼ਾਂ ‘ਤੇ ਪੂਰਾ ਉੱਤਰਦੀ ਹੋਵੇ? ਜਿਸ ਪੱਤਰਕਾਰ ਨੇ ਸਾਰੀ ਉਮਰ ਪ੍ਰੈੱਸ ਨੋਟਾਂ ਤੋਂ ਇਲਾਵਾ ਕੋਈ ਸਮਾਜ ਤੇ ਦੇਸ਼ ਜਾਂ ਪੰਜਾਬੀ ਦੇ ਹਿੱਤ ਵਿਚ ਇਕ ਵੀ ਖ਼ਬਰ ਕੀਤੀ ਹੀ ਨਾ ਹੋਵੇ, ਉਸ ਨੂੰ ਪੱਤਰਕਾਰਤਾ ਦਾ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਦੇਣਾ ਕਮੇਟੀ ਦੀ ਲਿਆਕਤ ਦਾ ਜਲੂਸ ਕੱਢਦਾ ਹੈ। ਕੀ ਹੁਣ ਪੰਜਾਬੀ ਪੱਤਰਕਾਰਾਂ ਦੇ ਸ਼੍ਰੋਮਣੀ ਪੱਤਰਕਾਰ ਹੁਣ ਭਾਰਤ ਸੂਦ ਵਰਗੇ ਵਿਅਕਤੀ ਹੋਣਗੇ? ਅਸੀਂ ਕਿਸੇ ਵੱਡੇ ਤੇ ਇਨਾਮ ਦੇ ਕਾਬਲ ਪੱਤਰਕਾਰਾਂ ਦੇ ਨਾਮ ਨਹੀਂ ਲੈਣਾ ਚਾਹੁੰਦੇ ਪਰ ਪੰਜਾਬੀ ਪੱਤਰਕਾਰਤਾ ਨਾਲ ਜੁੜੀ ਹੋਈ ਦੁਨੀਆਂ ਜਾਣਦੀ ਹੈ ਕਿ ਕੌਣ ਪੱਤਰਕਾਰ ਸਮਾਜ ਦੇ ਹਿਤ ਵਿਚ, ਦੇਸ਼ ਦੇ ਹਿਤ ਵਿਚ ਤੇ ਪੰਜਾਬੀ ਦੇ ਹਿਤ ਵਿਚ ਕੰਮ ਕਰ ਰਹੇ ਹਨ। ਇਸ ਬਾਰੇ ਪੰਜਾਬ ਸਰਕਾਰ, ਭਾਸ਼ਾ ਵਿਭਾਗ ਪੰਜਾਬ ਤੇ ਉਚੇਰੀ ਸਿਖਿਆ ਮੰਤਰੀ ਇਹ ਸਪੱਸ਼ਟ ਕਰਨ ਕਿ ਇਹ ਸਨਮਾਨ ਦੇਣ ਦਾ ਨਿਯਮ ਵਿਧਾਨ ਕੀ ਹੈ? ਜੋ ਇਨ੍ਹਾਂ ਸਨਮਾਨਾਂ ਵਿਚ ਰੁਪਏ ਦਿਤੇ ਜਾ ਰਹੇ ਹਨ ਉਹ ਪੰਜਾਬ ਦੀ ਜਨਤਾ ਦੇ ਰੁਪਏ ਹਨ ਉਹ ਸਿਆਸੀ ਲੀਡਰਾਂ ਜਾਂ ਫਿਰ ਪੰਜ ਚਾਰ ਕਮੇਟੀ ਦੇ ਮੈਂਬਰਾਂ ਵੱਲੋਂ ਆਪਣੇ ਹਿਤ ਪੂਰਨ ਲਈ ਦਿਤੇ ਜਾਣੇ ਬਿਲਕੁਲ ਹੀ ਸਹੀ ਨਹੀਂ ਹਨ, ਇਸ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਇਨ੍ਹਾਂ ਸਨਮਾਨਾਂ ਬਾਰੇ ਦੁਬਾਰਾ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਸਾਰੇ ਪੱਤਰਕਾਰ ਭਾਈ ਚਾਰੇ ਨੂੰ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਜਿੱਥੇ ਵੀ ਉਚੇਰੀ ਸਿਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਮੀਡੀਆ ਦੇ ਸਾਹਮਣੇ ਆਉਂਦੇ ਹਨ ਉਨ੍ਹਾਂ ਨੂੰ ਇਹ ਸਵਾਲ ਜ਼ਰੂਰ ਕੀਤਾ ਜਾਵੇ ਕਿ ਭੂਸ਼ਨ ਸੂਦ ਦੀ ਪੱਤਰਕਾਰੀ ਨੂੰ ਕੀ ਦੇਣ ਹੈ ਜੋ ਉਸ ਨੂੰ ਸ਼੍ਰੋਮਣੀ ਪੱਤਰਕਾਰ ਦਾ ਪੁਰਸਕਾਰ ਦੇ ਕੇ ਉਨ੍ਹਾਂ ਦੇ ਸਿਰ ਤੇ ਬਿਠਾਇਆ ਹੈ। ਜਦੋਂ ਤੱਕ ਇਸ ਸਬੰਧੀ ਕੋਈ ਵਿਚਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਨਾਲ ਘੇਰਿਆ ਜਾਵੇ। ਇਸੇ ਤਰ੍ਹਾਂ ਅਮਰ ਭੁੱਲਰ ਨੂੰ ਜੋ ਸਨਮਾਨ ਦਿਤਾ ਗਿਆ ਹੈ, ਉਸ ਦੀ ਪੰਜਾਬੀ ਪੱਤਰਕਾਰੀ ਨੂੰ ਕੀ ਦੇਣ ਹੈ? ਵਿਦੇਸ਼ਾਂ ਵਿਚ ਰਹਿਣ ਵਾਲਾ ਵਿਅਕਤੀ ਪੰਜਾਬ ਦੇ ਪੱਤਰਕਾਰਾਂ ਵਿਚ ਸ਼ੁਮਾਰ ਕਿਵੇਂ ਹੋ ਗਿਆ? ਉਨ੍ਹਾਂ ਦਾ ਨਾਮ ਪ੍ਰਵਾਸੀ ਪੱਤਰਕਾਰਾਂ ਵਿਚ ਵਿਚਾਰਿਆ ਜਾ ਸਕਦਾ ਹੈ। ਪਰ ਉਸ ਦੀ ਪੰਜਾਬੀ ਪੱਤਰਕਾਰਤਾ ਨੂੰ ਕੀ ਦੇਣ ਹੈ ਜੋ ਉਸ ਨੂੰ ਪੰਜਾਬੀ ਪੱਤਰਕਾਰ ਭਾਈਚਾਰੇ ਦਾ ਸ਼੍ਰੋਮਣੀ ਬਣਾਇਆ ਗਿਆ ਹੈ। ਜਥੇਬੰਦੀਆਂ ਇਹ ਕਹਿੰਦੀਆਂ ਹਨ ਕਿ ਜੋ ਬਾਕੀ ਪੱਤਰਕਾਰਾਂ ਨੂੰ ਇਹ ਸਨਮਾਨ ਦਿੱਤੇ ਗਏ ਹਨ ਜੇਕਰ ਉਹ ਆਪਣੇ ਆਪ ਨੂੰ ਭੂਸ਼ਨ ਸੂਦ ਦੀ ਕਥਿਤ ਸ਼੍ਰੇਣੀ ਵਿਚ ਮੰਨਦੇ ਹਨ ਤਾਂ ਉਹ ਇਹ ਸਨਮਾਨ ਸਵੀਕਾਰ ਕਰਨ, ਨਹੀਂ ਤਾਂ ਉਨ੍ਹਾਂ ਨੂੰ ਇਹ ਸਨਮਾਨ ਲੈਣ ਤੋ ਇਨਕਾਰ ਕਰ ਦੇਣਾ ਚਾਹੀਦਾ ਹੈ। ਜੇਕਰ ਭੂਸ਼ਨ ਸੂਦ ਬਾਰੇ ਕਿਸੇ ਨੂੰ ਨਹੀਂ ਪਤਾ ਤਾਂ ਉਹ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪੱਤਰਕਾਰਾਂ ਨੂੰ ਪੁੱਛ ਸਕਦੇ ਹਨ ਕਿ ਇਹ ਪੱਤਰਕਾਰ ਕਿਹੋ ਜਿਹੀ ਸ਼੍ਰੇਣੀ ਵਿਚ ਆਉਂਦਾ ਹੈ।
ਇਸ ਸਮੇਂ ਆਨਲਾਈਨ ਮੀਟਿੰਗ ਵਿਚ ਗੁਰਨਾਮ ਸਿੰਘ ਅਕੀਦਾ ਸੀ. ਮੀਤ ਪ੍ਰਧਾਨ, ਜਗਸ਼ੀਰ ਸਿੰਘ ਜ਼ਿਲ੍ਹਾ ਪ੍ਰਧਾਨ ਬਰਨਾਲਾ, ਰਣਜੋਧ ਸਿੰਘ ਔਜਲਾ ਸ੍ਰੀ ਫ਼ਤਿਹਗੜ੍ਹ ਸਾਹਿਬ, ਗੁਰਦੀਪ ਸਿੰਘ ਲਾਲੀ ਸੰਗਰੂਰ, ਅਨਿਲ ਵਰਮਾ ਬਠਿੰਡਾ, ਐਮ ਐੱਸ ਸੋਢੀ ਜਲੰਧਰ, ਨਰਿੰਦਰ ਡਾਨਸੀਵਾਲਾ ਨਵਾਂ ਸ਼ਹਿਰ, ਮਨਜੀਤ ਭਾਮ ਹੁਸ਼ਿਆਰਪੁਰ, ਹਰਦਿਆਲ ਸਿੰਘ ਤਰਨਤਾਰਨ, ਸੰਤੋਖ ਸਿੰਘ ਲੁਧਿਆਣਾ ਆਦਿ ਹੋਰ ਕਈ ਪੱਤਰਕਾਰਾਂ ਨੇ ਇਸ ਸਬੰਧੀ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਇਨ੍ਹਾਂ ਸਨਮਾਨਾਂ ਦੀ ਦੁਬਾਰਾ ਵਿਚਾਰ ਹੋਵੇ। ਜੇਕਰ ਇਨ੍ਹਾਂ ਸਨਮਾਨਾਂ ਬਾਰੇ ਦੁਬਾਰਾ ਵਿਚਾਰ ਨਾ ਕੀਤਾ ਗਿਆ ਤਾਂ ਇਹ ਪੱਤਰਕਾਰ ਜਥੇਬੰਦੀਆਂ ਸਖ਼ਤ ਰੁਖ ਅਪਣਾਉਣ ਲਈ ਮਜਬੂਰ ਹੋਣਗੀਆਂ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply