Wednesday, March 11, 2026

ਸਿੰਘ ਸਭਾ ਵਲੋਂ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ

ਜੈਕਾਰਿਆਂ ਦੀ ਗੂਜ਼ ‘ਚ ਪਾਸ ਕੀਤੇ ਤਿੰਨ ਮਤੇ- ਸਿਰਸਾ ਸਾਧ ਨੂੰ ਦਿੱਤੀ ਮੁਆਫੀ ਕੀਤੀ ਰੱਦ

PPN0210201516PPN0210201517

ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸੰਤ ਸਿੰਘ ਸੁੱਖਾ ਸਿੰਘ ਸੰਸਥਾ ਵਿਖੇ ਸਿੰਘ ਸਭਾ ਵਲੋਂ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ।ਇਸ ਸਮੇਂ ਅਯੌਜਿਤ ਕੀਤੇ ਗਏ ਸੰਮੇਲਨ ਵਿੱਚ ਦੇਸ਼ ਦੇ ਵੱਖ ਵੱਖ ਹਿਸਿਆ ਤੋਂ ਵੱਡੀ ਗਿਣਤੀ ‘ਚ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਤੇ ਪੰਥ ਦਰਦੀਆਂ ਨੇ ਸ਼ਮੂਲੀਅਤ ਕੀਤੀ।ਇਸ ਸੰਮੇਲਨ ਦੋਰਾਨ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਗਿ: ਮਨਜੀਤ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਕਾਲ ਪੁਰਖ ਕੀ ਫੌਜ ਦੇ ਜਸਵਿੰਦਰ ਸਿੰਘ ਅੇਡਵੋਕੇਟ, ਪ੍ਰਿ: ਗੁਰਬਚਨ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼, ਗਿ: ਹਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ਼ ਲੁਧਿਆਣਾ, ਸz. ਅਜਮੇਰ ਸਿੰਘ, ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਇੰਦਰਜੀਤ ਕੌਰ ਮੁਖੀ ਪਿੰਗਲਵਾੜਾ, ਪ੍ਰਣਾਮ ਸਿੰਘ ਅਖੰਡ ਕੀਰਤਨੀ ਜਥਾ, ਪ੍ਰਿ: ਜਗਦੀਸ਼ ਸਿੰਘ ਡਾਇਰੈਕਟਰ ਫੋਰ ਐਸ ਸੰਸਥਾਵਾਂ, ਗੁਰਪ੍ਰੀਤ ਸਿੰਘ ਕੇਸ ਸੰਭਾਲ ਪ੍ਰਚਾਰ ਸੰਸਥਾ, ਜਨਰਲ ਕਰਤਾਰ ਸਿੰਘ, ਅਨੂਪ ਸਿੰਘ ਵਿਰਦੀ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ, ਸੁਰਿੰਦਰ ਸਿੰਘ ਸਕੱਤਰ, ਕਰਨਲ ਜਗਤਾਰ ਸਿੰਘ ਮੁਲਤਾਨੀ, ਕੁਲਵੰਤ ਸਿੰਘ ਦਿਲੀ, ਜਗਤਾਰ ਸਿੰਘ ਦਿੱਲੀ, ਪ੍ਰਿ: ਮਨਜਿੰਦਰ ਕੌਰ, ਅਮਰਜੀਤ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ਼, ਡਾ. ਸਰਬਜੀਤ ਸਿੰਘ, ਡਾ. ਰਾਜਪਾਲ ਸਿੰਘ ਸਹਿਜ ਪਾਠ ਮੁਹਿੰਮ, ਪ੍ਰੋ. ਬਲਜਿੰਦਰ ਸਿੰਘ, ਰਛਪਾਲ ਸਿੰਘ ਹੁਸ਼ਿਆਰਪੁਰ, ਗੁਰਬਚਨ ਸਿੰਘ ਬਨਵੈਂਤ ਯੂ.ਐਸ.ਏ, ਗਿ: ਹਰਬੰਸ ਸਿੰਘ ਤੇਗ, ਸੁਰਜੀਤ ਸਿੰਘ ਜੰਮੂ ਆਦਿ ਨੇ ਆਪਣਾ ਵਿਚਾਰ ਰੱਖਦਿਆਂ ਮੌਜੂਦਾ ਸਮੇਂ ਦੇ ਹਾਲਾਤਾਂ ਦੇ ਮੱਦੇਨਜ਼ਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਗੱਲ ਕੀਤੀ ।ਕੁੱਲ ਮਿਲਾ ਕੇ ਇਹ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੀਤੇ ਜਾ ਰਹੇ ਫੈਸਲਿਆਂ ਨਾਲ ਕੌਮ ਵਿਚ ਪੈਦਾ ਹੋਈ ਦੁਬਿੱਧਾ ਨੂੰ ਖਤਮ ਕਰਨ ਲਈ ਪੰਥ ਤੇ ਸਿੱਖ ਕੌਮ ਨੂੰ ਇੱਕ ਸਟੇਜ਼ ‘ਤੇ ਇਕੱਤਰ ਕੀਤਾ ਜਾਵੇ।ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਸਿਧਾਂਤਾਂ ਦੀ ਰੱਖੀ ਕੀਤੀ ਜਾ ਸਕੇ।ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਥਕ ਤਾਲਮੇਲ ਦਲ ਜੋ ਤਕਰੀਬਨ 3 ਸਾਲਾਂ ਤੋਂ ਹੋਂਦ ਵਿੱਚ ਆ ਕੇ ਪੰਥ ਦੀ ਚੜਦੀ ਕਲਾ ਲਈ ਕੰਮ ਕਰ ਰਿਹਾ ਹੈ, ਦੀ ਸਰਪ੍ਰਸਤੀ ਅਤੇ ਸ੍ਰੀ ਗੁਰੂ ਸਿੰਘ ਸਭਾ ਦੀ ਅਗਵਾਈ ‘ਚ ਇੱਕ ਲਹਿਰ ਅਰੰਭ ਕੀਤੀ ਜਾਵੇ ਅਤੇ ਧਰਮ ਤੇ ਹਾਵੀ ਹੋ ਰਹੀ ਰਾਜਨੀਤੀ ਦਾ ਟਾਕਰਾ ਕੀਤਾ ਜਾ ਸਕੇ।ਇਸ ਮੌਕੇ ਤਿੰਨ ਮਤੇ ਵੀ ਪੇਸ਼ ਕਰੇ ਹਾਜਰ ਇੱਕਠ ਪਾਸੋਂ ਜੈਕਾਰਿਆਂ ਦੀ ਗੂੰਜ਼ ਵਿੱਚ ਮਨਜੂਰੀ ਲਈ ਗਈ ।
ਕੈਰੀਅਰ ਤੇ ਧਾਰਮਿਕ ਅਕਾਦਮਿਕਤਾ ਲਈ ਵਿਸ਼ਵ ਵਿਦਿਅਕ ਕੌਂਸਲ ਗਠਿਤ ਕਰਨ ਦਾ ਫੈਸਲਾ
ਸੁਖਵਿੰਦਰ ਸਿੰਘ ਵਲੋਂ ਪੇਸ਼ ਕੀਤੇ ਪਹਿਲੇ ਮਤੇ ‘ਚ ਕਿਹਾ ਗਿਆ ਕਿ ਅੱਜ ਸਿੱਖਾਂ ਕੋਲ ਅਕਾਦਮਿਕ ਤੇ ਸਹਿ-ਅਕਾਦਮਿਕ ਵਿੱਦਿਅਕ ਅਦਾਰਿਆਂ ਦੀ ਵੱਡੀ ਗਿਣਤੀ ਮੌਜੂਦ ਹੈ, ਪਰ ਕੌਮ ਦੇ ਪਹਿਲਾਂ ਤੋਂ ਹੀ ਲੱਗੇ ਅਤੇ ਲਗਾਤਾਰ ਲੱਗ ਰਹੇ ਸਰਮਾਏ ਸਾਹਮਣੇ ਸਾਡੀ ਪ੍ਰਾਪਤੀ ਬੜੀ ਤੁੱਛ ਹੈ।ਸਮੁੱਚੀ ਬੌਧਿਕ ਗੁਣਵਤਾ ਵਿਚ ਵਡੀ ਕਮਜ਼ੋਰੀ ਪਾਈ ਜਾ ਰਹੀ ਹੈ। ਸਥਾਨਕ ਤੋਂ ਵਿਸ਼ਵ ਪੱਧਰ ਤੱਕ, ਪ੍ਰਾਇਮਰੀ ਤੋਂ ਉੱਚ ਕਿੱਤਾਮੁਖੀ ਵਿਦਿਆ ਤੱਕ ਸਿੱਖ ਸਿਧਾਂਤਾਂ, ਸਿੱਖੀ ਰਹਿਣੀ-ਬਹਿਣੀ, ਸਿੱਖ ਇਤਿਹਾਸ ਅਤੇ ਹੋਰ ਨੈਤਿਕਤਾ ਕੇਂਦਰਿਤ ਚਰਿੱਤਰ ਸਿਰਜਣਾ ਲਈ ਵਿਦਿਆਰਥੀਆਂ ਦੀ ਉਸਾਰੂ ਤੇ ਬੌਧਿਕ ਮਿਆਰ ਅਨੁਸਾਰ ਇਕਸਾਰ ਧਾਰਮਿਕ-ਨੈਤਿਕ ਸਿਲੇਬਸ ਦੀ ਲੋੜ ਹੈ, ਤਾਂ ਜੁ ਵਿਦਿਆਰਥੀ ਇਕ ਮਸ਼ੀਨ ਦੀ ਥਾਂ ਮਾਨਵੀ ਅਤੇ ਧਾਰਮਿਕ ਰੂਹਾਨੀ ਕਦਰਾਂ-ਕੀਮਤਾਂ ਰਾਹੀਂ ਸ਼ਿੰਗਾਰਿਆ ਚਿਹਰਾ ਤੇ ਸ਼ਖਸ਼ੀਅਤ ਹੋਵੇ। ਜਿਸ ਲਈ ਸਰਬ-ਸੰਮਤੀ ਨਾਲ ਪਾਸ ਕਰਦੇ ਹਾਂ ਕਿ:
ੳ) ਪੰਥਕ ਅਤੇ ਵਿਸ਼ਵ ਪੱਧਰ ਦੀ ਇਕ ਅਜਿਹੀ ਵਿੱਦਿਅਕ ਕੌਂਸਲ ਬਣਾਉਣ ਦਾ ਯਤਨ ਕਰਾਂਗੇ ਜਿਸ ਨਾਲ ਆਪਸੀ ਸਾਂਝ ਅਤੇ ਉਦੇਸ਼ਾਂ ਦੀ ਇਕਸੁਰਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਅ) ਵਿੱਦਿਅਕ ਕੌਂਸਲ ਇਕੋ ਸਮੇਂ ਕੈਰੀਅਰ ਅਕਾਦਮਿਕਤਾ ਅਤੇ ਧਰਮ ਵਿਦਿਅਕ ਅਕਾਦਮਿਕਤਾ ਦੇ ਦੋਨੋਂ ਪੱਖਾਂ ਤੇ ਕੰਮ ਕਰਦਿਆਂ ਸਿੱਖ ਅਦਾਰਿਆਂ ਦੇ ਸਥਾਪਨਾ ਦੇ ਮਕਸਦ ਦੀ ਪ੍ਰਾਪਤੀ ਲਈ ਅੱਗੇ ਵਧੇਗੀ। ਐਸੀ ਗੁਣਵੱਤਾ ਬਣਾਏਗੀ ਕਿ ਗੈਰ-ਸਿੱਖ ਬੱਚੇ ਵੀ ਦਾਖਲੇ ਲਈ ਪਹਿਲ ਕਰਨ।
ੲ) ਵੱੱਡੇ ਸੁਧਾਰਾਂ ਲਈ ਲੋੜੀਂਦੇ ਵੱਡੇ ਸਾਧਨਾਂ ਲਈ ਵਿਸ਼ਵ ਵਿੱਦਿਅਕ ਵੈਲਫੇਅਰ ਫੰਡ ਕਾਇਮ ਕਰਦੇ ਹਾਂ।
ਮਰਯਾਦਾ ਅਤੇ ਪੰਥਕ ਰਹੁ-ਰੀਤਾਂ ਵਿਚ ਇਕਸਾਰਤਾ ਲਿਆਉਣਾ
ਖੁਸ਼ਕੰਵਲ ਸਿੰਘ ਨਾਗਪੁਰ ਵਲੋਂ ਪੇਸ਼ ਕੀਤੇ ਦੂਜੇ ਮਤੇ ‘ਚ ਕਿਹਾ ਗਿਆ ਕਿ ਸਮੁੱਚੇ ਸਿੱਖ ਜਗਤ ਨੂੰ ਇਕ ਲੜੀ ਵਿਚ ਪਰੋਈ ਰੱਖਣ ਲਈ ਵੱਖ-ਵੱਖ ਗੁਰਮਤਿ ਸਿਧਾਂਤ ਅਤੇ ਰਹੁ-ਰੀਤਾਂ ਬਾਰੇ ਪੰਥਕ ਫੈਸਲੇ ਕਰ ਕੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਬਣਾਈ ਹੋਈ ਹੈ।ਜਿਸ ਦਾ ਮੁੱਖ ਉਦੇਸ਼ ਦੁਨੀਆਂ ਵਿਚ ਵੱਸਦੇ ਹਰ ਗੁਰਸਿੱਖ ਦੇ ਨਿੱਜੀ ਅਤੇ ਪੰਥਕ ਜੀਵਨ, ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ, ਮਰਯਾਦਾ ਅਤੇ ਪੰਥਕ ਰਹੁ-ਰੀਤਾਂ ਵਿਚ ਇਕਸਾਰਤਾ ਲਿਆਉਣਾ ਹੈ।ਅੱਜ ਅਸੀਂ ਸਾਰੇ ਪ੍ਰਣ ਕਰਦੇ ਹਾਂ ਕਿ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਨੂੰ ਪੜ੍ਹਾਂਗੇ-ਪੜ੍ਹਾਂਵਾਂਗੇ ਅਤੇ ਗੁਰਦੁਆਰਿਆਂ ਵਿਚ ਲਾਗੂ ਕਰਾਂਗੇ।ਆਪੋ ਆਪਣੀ ਮਰਯਾਦਾ ਚਲਾਉਣ ਵਾਲਿਆਂ ਪ੍ਰਤੀ ਸੰਗਤਾਂ ਨੂੰ ਜਾਗ੍ਰਿਤ ਕਰਾਂਗੇ ਕਿ ਪੰਥ ਵਿਰੋਧੀ ਮਰਯਾਦਾ ਚਲਾ ਕੇ ਪੰਥ ਨੂੰ ਖੇਰੂੰ ਖੇਰੂੰ ਕਰਨ ਵਾਲਿਆਂ ਤੋਂ ਦੂਰ ਰਹਿਣ।
ਸੰਗਤ ਵਲੋਂ ਚੋਣ ਕਰ ਕੇ ਪੰਚ-ਪ੍ਰਧਾਨੀ ਪ੍ਰਣਾਲੀ ਨੂੰ ਲਾਗੂ ਕਰਨਾ
ਤੀਜੇ ਮਤੇ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਤੇ ਤਾਬਿਆ ਵਿੱਚ ਸੰਗਤ ਵਿੱਚੋਂ ਹੀ ਪੰਜ ਸਿੰਘਾਂ ਵਲੋਂ ਸੰਗਤ ਦੀ ਪ੍ਰਵਾਨਗੀ ਨਾਲ ਲਏ ਗਏ ਪੰਥਕ ਫ਼ੈਸਲਿਆਂ ਨੂੰ ਪੰਥਕ ਫ਼ੈਸਲਿਆਂ ਵਜੋਂ ਸਤਿਕਾਰ ਦੇਣਾ ਹਮੇਸ਼ਾਂ ਸਾਡੀ ਪੰਥਕ ਸਾਂਝ ਦਾ ਆਧਾਰ ਹੈ।ਪਰ ਪੰਥ ਅੰਦਰ ਸਥਾਪਤ ਤਖਤਾਂ ਦੀ ਜਥੇਦਾਰ ਪ੍ਰਣਾਲੀ ਵਲੋਂ ਕੀਤੇ ਜਾ ਰਹੇ ਫ਼ੈਸਲੇ ਅਤੇ ਫ਼ੈਸਲੇ ਕਰਨ ਦੀ ਪ੍ਰਕ੍ਰਿਆ ਕੌਮ ਨੂੰ ਜ਼ਲੀਲ ਕਰਦੀ ਆ ਰਹੀ ਹੈ।ਜਿਸ ਲਈ ਇਹ ਪ੍ਰਣਾਲੀ ਕੌਮ ਦੀ ਨਿਰਾਲੀ ਪੰਚ-ਪ੍ਰਧਾਨੀ ਪ੍ਰਣਾਲੀ ਦੇ ਵਿਰੋਧ ਵਿਚ ਭੁਗਤ ਰਹੀ ਹੈ।ਇਸ ਲਈ ਮੌਕੇ ‘ਤੇ ਹੀ ਸੰਗਤ ਵਲੋਂ ਚੋਣ ਕਰ ਕੇ ਪੰਚ-ਪ੍ਰਧਾਨੀ ਪ੍ਰਣਾਲੀ ਨੂੰ ਲਾਗੂ ਕਰਨਾ ਅੱਜ ਦੀ ਲੋੜ ਹੈ।ਪਿਛਲੇ ਲੰਮੇਂ ਸਮੇਂ ਤੋਂ ਜਥੇਦਾਰਾਂ ਵਲੋਂ ਕਾਰਜ-ਸੀਮਾ ਉਲੰਘ ਕੇ ਆਪ ਹੀ ਕੌਮੀ ਫੈਸਲੇ ਲਏ ਜਾ ਰਹੇ ਹਨ ਅਤੇ ਸੁਣਾਏ ਜਾ ਰਹੇ ਹਨ।ਕੌਮ ਦੇ ਨਿਆਰੇਪਨ ਨੂੰ ਪ੍ਰਗਟਾਉਂਦੇ ਨਾਨਕਸ਼ਾਹੀ ਕੈਲੰਡਰ ਨੂੰ ਇਹਨਾਂ ਜਥੇਦਾਰਾਂ ਵਲੋਂ ਖਤਮ ਕਰਨ ਦੀਆਂ ਕਾਰਵਾਈਆਂ ਜੱਗ-ਜ਼ਾਹਰ ਹਨ। ਮੌਜੂਦਾ ਸਮੇਂ ਵਿਚ ਕੀਤੇ ਨਾਦਰਸ਼ਾਹੀ ਫੁਰਮਾਨਾਂ ਨੂੰ ਕੌਮ ਸਵੀਕਾਰ ਨਹੀਂ ਕਰ ਪਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਕੌਮੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਸੱਟ ਵੱਜ ਰਹੀ ਹੈ। ਵੱੱੱੱੱਖ-ਵੱਖ ਘਿਨਾਉਣੇ ਤੇ ਆਚਰਣਹੀਣ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਤੇ ਸਿੱਖ ਪੰਥ ਨੂੰ ਵੰਗਾਰਨ ਵਾਲੇ ਝੂਠੇ ਸੌਦਾ ਸਾਧ ਨੂੰ ਪੰਥਕ ਜੁਗਤ ਵਿਸਾਰ ਕੇ ਸ੍ਰੀ ਅਕਾਲ ਤਖਤ ਨੂੰ ਵਿਸਾਰ ਕੇ ਮੁਆਫ ਕਰਨ ਦੀ ਕਾਰਵਾਈ ਨੂੰ ਰੱਦ ਕੀਤਾ ਜਾਂਦਾ ਹੈ।
ਅਖੀਰ ਵਿੱਚ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਅੱਜ ਦਾ ਸੰਮੇਲਨ ਆਗਾਹ ਕਰਦਾ ਹੈ ਕਿ ਕਿਸੇ ਇਕੱਠ ਨੂੰ ਸਰਬੱਤ ਖਾਲਸਾ ਨਾ ਸਮਝਿਆ ਜਾਵੇ।ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਬਤ ਖਾਲਸਾ ਮੰਨਿਆ ਜਾਵੇ।ਵਿਸ਼ਵ ਭਰ ਵਿਚ ਬੈਠੀਆਂ ਪੰਥਕ ਸੰਸਥਾਵਾਂ ਤੇ ਸ਼ਖਸੀਅਤਾਂ ਜੋ ਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਚੱਲ ਰਹੀਆਂ ਹਨ, ਉਹਨਾਂ ਪ੍ਰਤੀਨਿਧਾਂ ਦੇ ਇਕੱਠ ਤੋਂ ਵਾਂਝਾ ਕੋਈ ਵੀ ਇਕੱਠ ਸਾਰੇ ਪੰਥ ਦਾ ਇਕੱਠ ਨਹੀਂ ਹੋ ਸਕਦਾ।ਇਸ ਲਈ ਵਿਸ਼ਵ ਭਰ ਦੀਆਂ ਸੰਸਥਾਵਾਂ ਦੇ ਵਿਚਾਰਧਾਰਕ ਦਸਤਾਵੇਜ਼ ਨੂੰ ਜਾਂ ਸਰੀਰਕ ਹਾਜ਼ਰੀ ਨੂੰ ਸਰਬਤ ਖਾਲਸਾ ਮੰਨਿਆ ਜਾਵੇਗਾ।ਜਿਸ ਲਈ ਸਰਬਤ ਖਾਲਸੇ ਦੇ ਰਵਾਇਤੀ ਇਕਠ ਦੀ ਥਾਂ ਬਣਦੇ ਸਰਬੱਤ ਖਾਲਸੇ ਦੇ ਅਸਲ ਸਰੂਪ ਨੂੰ ਕਾਇਮ ਕਰਨ ਲਈ ਇਕ ਕੌਂਸਲ ਦਾ ਗਠਨ ਕਰ ਕੇ ਕੰਮ ਸ਼ੁਰੂ ਕੀਤਾ ਜਾਵੇਗਾ।ਸਿੰਘ ਸਭਾ ਵਲੋਂ ਅੱਜ ਜੋ ਮੱਦਾ ਚੁੱਕਿਆ ਜਾ ਰਿਹਾ ਹੈ ਉਹ 24 ਸਤੰਬਰ ਨੂੰ ਜਥੇਦਾਰਾਂ ਵਲੋਂ ਸੌਦਾ ਸਾਧ ਨੂੰ ਦਿਤੀ ਗਈ ਮਾਫੀ ਉਪਰੰਤ ਪੈਦਾ ਹੋਏ ਹਾਲਾਤਾਂ ਦੇ ਕਾਰਣ ਹੈ, ਅਗਰ ਜਥੇਦਾਰਾਂ ਵਲੌਂ ਅਜਿਹਾ ਨਾ ਕੀਤਾ ਜਾਂਦਾ ਤਾਂ ਹਾਲਾਤ ਹੋਰ ਹੁੰਦੇ। ਉਨਾਂ ਨੇ ਕਿਹਾ ਕਿ ਜਥੇਦਾਰਾਂ ਨੇ ਸਿੱਖਾਂ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਨੁੱਕਰੇ ਲਾ ਦਿੱਤਾ ਹੈ ਅਤੇ ਹੁਣ ਸੌਦਾ ਸਾਧ ਦੇ ਮੁੱਦੇ ‘ਤੇ ਜੋ ਕਮੇਟੀ ਬਨਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਨਾਲ ਵੀ ਇਹ ਮਾਮਲਾ ਲਮਕਾੳਣ ਦੇ ਯਤਨ ਹਨ।ਉਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਦੀਆਂ ਤਰੀਕਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਾ ਵੀ ਵਿਰੋਧ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਰਾਮ ਦਾਸ ਜੀ ਦਾ ਅਵਤਾਰ ਪੁਰਬ ੯ ਅਕਤੂਬਰ ਨੂੰ ਹੀ ਮਨਾਇਆ ਜਾਵੇ ਅਤੇ ਸੰਗਤਾਂ ਪੰਥਕ ਤਾਲਮੇਲ ਦੀ ਅਗਵਾਈ ‘ਚ ੯ ਅਕਤੂਬਰ ਨੂੰ ਭਗਤਾਂਵਾਲਾ ਤੋਂ ਵਿਸ਼ਾਲ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਤੇ ਘਰਾਂ ਵਿੱਚ ਦੀਪਮਾਲਾ ਕਰਨ।ਉਨਾਂ ਨੇ ਕਿਹਾ ਕਿ ਜਿਵੇਂ ਵੋਟਾਂ ਖਾਤਰ ਸਿਰਸਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਿਵਾਈ ਗਈ ਹੈ, ਠੀਕ ਉਸੇ ਤਰਾਂ ਸਿੱਖਾਂ ਨੂੰ ਵੀ ਆਪਣੀ ਹੈਸੀਅਤ ਦਿਖਾਉਣ ਲਈ ਇੱਕਮੁਠ ਹੋਣਾ ਪਵੇਗਾ ਅਤੇ ਇਹ ਕਾਰਜ਼ ਪੰਥਕ ਤਾਲਮੇਲ ਦਲ ਵਲੋਂ ਅਰੰਭਿਆ ਜਾ ਚੁੱਕਾ ਹੈ।ਉਨਾਂ ਕਿਹਾ ਕਿ ਛੇਤੀ ਹੀ ਸਰਬਤ ਖਾਲਸਾ ਨੂੰ ਸਹੀ ਅਰਥਾਂ ਵਿੱਚ ਅਯੋਜਿਤ ਕਰਨ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਪਹੁੰਚ ਕੀਤੀ ਜਾਵੇਗੀ ਅਤੇ ਸਾਰਿਆਂ ਦੀ ਸਰੀਰਕ ਤੇ ਸਹਿਮਤੀ ਦਸਤਾਵੇਜ਼ਾਂ ਵਾਲੀ ਨੁਮਾਇੰਦਗੀ ਯਕੀਨੀ ਬਨਾਉਣ ਲਈ ਉਪਰਲੇ ਕੀਤੇ ਜਾਣਗੇ ।
ਇਸ ਸਮੇਂ ਗਿ: ਕੇਵਲ ਸਿੰਘ ਵਲੋਂ ਪੰਥਕ ਤਾਲਮਲ ਦਲ ਦਾ ਘੇਰਾ ਵਿਸ਼ਾਲ ਕਰਨ ਲਈ ਬਣਾਈ ਜਾ ਰਹੀ ਕਮੇਟੀ ਦੇ ਕੁੱਝ ਮੈਂਂਬਰਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ।ਪ੍ਰਿ: ਜਗਦੀਸ਼ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸਭ ਨੂੰ ਕੀਤੀਆਂ ਗੱਲਾਂ ਯਾਦ ਰੱਖ ਕੇ ਇੰਨਾਂ ਤੇ ਅਮਲ ਯਕੀਨੀ ਬਨਾਉਣ ਦੀ ਵੀ ਅਪੀਲ ਕੀਤੀ ਤਾਂ ਕਿ ਜੋ ਵੱਡਾ ਕਾਰਜ਼ ਅਰੰਭਿਆ ਜਾਣਾ ਹੈ ਉਹ ਸਹੀ ਸਲਾਮਤ ਤੇ ਚੜ੍ਹਦੀ ਕਲਾ ਨਾਲ ਨੇਪਰੇ ਚਾੜਿਆ ਜਾ ਸਕੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply