
ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇਣ ਦੇ ਵਿਰੋਧ ਵਿੱਚ ਸਿੱਖ ਸਦਭਾਵਨਾ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੋਜ਼ਾਨਾ ਜਥੇ ਭੇਜਣ ਦੀ ਲੜੀ ਦੇ ਅੱਜ ਚੌਥੇ ਦਿਨ ਬੀਬੀਆਂ ਅਤੇ ਬੱਚਿਆਂ ਦੇ ਜਥੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਮੰਗ ਪੱਤਰ ਦਿੱਤਾ। ਸਿੱਖ ਸਦਭਾਵਨਾ ਦਲ ਦੇ ਮੁਖੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਮਾਤਾ ਬੀਬੀ ਗੁਰਦੇਵ ਕੌਰ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਪੀ.ਏ ਗੁਰਸੇਵਕ ਸਿੰਘ ਨੂੰ ਸੌਂਪੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਮੇਸ਼ਾ ਗੁਰਮਤਿ ਸਿਧਾਂਤਾਂ ਅਤੇ ਸਿੱਖ ਭਾਵਨਾਵਾਂ ਅਨੁਸਾਰ ਹੀ ਫ਼ੈਸਲੇ ਹੁੰਦੇ ਰਹੇ ਹਨ। ਪਰ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਦੋਸ਼ ਵਿਚੋਂ ਸਿੰਘ ਸਾਹਿਬਾਨ ਵਲੋਂ ਰਾਜਨੀਤਕ ਦਬਾਅ ਹੇਠ ਸਿੱਖ ਸਿਧਾਂਤਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਤੇ ਸਿੱਖ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਨ ਵਾਲੇ ਤਰੀਕੇ ਨਾਲ ਮੁਆਫ਼ ਕਰਨ ਦੇ ਫ਼ੈਸਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਵੱਡੀ ਸੱਟ ਮਾਰੀ ਹੈ। ਸਿੱਖ ਸਦਭਾਵਨਾ ਦਲ ਨੇ ਮੰਗ ਕੀਤੀ ਕਿ ਸਿੰਘ ਸਾਹਿਬਾਨ ਸਿੱਖ ਤਵਾਰੀਖ ਤੇ ਸਿਧਾਂਤਾਂ ਨੂੰ ਅੱਗੇ ਰੱਖਦਿਆਂ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਨੂੰ ਰੱਦ ਕਰਨ ਅਤੇ ਜਦੋਂ ਤੱਕ ਡੇਰਾ ਮੁਖੀ ਖੁਦ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਆਉਾਂਦਾ ੁਸ ਨੂੰ ਮੁਆਫ਼ੀ ਨਾ ਦਿੱਤੀ ਜਾਵੇ। ਸਿੱਖ ਸਦਭਾਵਨਾ ਦਲ ਨੇ ਐਲਾਨ ਕੀਤਾ ਜਦੋਂ ਤੱਕ ਸਿੰਘ ਸਾਹਿਬਾਨ ਆਪਣੇ ਵਿਵਾਦਗ੍ਰਸਤ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੇ, ਰੋਜ਼ਾਨਾ ਜਥਿਆਂ ਦੇ ਰੂਪ ਵਿੱਚ ਮੰਗ ਪੱਤਰ ਦਿੱਤਾ ਜਾਵੇਗਾ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਅੱਜ ਮੰਗ ਪੱਤਰ ਦੇਣ ਵਾਲੇ ਜਥੇ ਵਿੱਚ ਬੀਬੀ ਗੁਰਦੇਵ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਪਲਵਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਰੁਪਿੰਦਰਜੀਤ ਕੌਰ, ਬੀਬੀ ਅਮਨਜੀਤ ਕੌਰ ਅਤੇ ਬੱਚਿਆਂ ਵਿਚ ਜਸਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਦੀਦਾਰ ਸਿੰਘ, ਗੁਰਨੀਤ ਸਿੰਘ, ਬਲਰਾਜ ਸਿੰਘ, ਬਲਵਿੰਦਰ ਸਿੰਘ ਪੁੜੈਣ, ਜਪਨੀਤ ਕੌਰ, ਦਿਲਪ੍ਰੀਤ ਕੌਰ, ਸ਼ਰਨਜੀਤ ਕੌਰ, ਕੀਰਤ ਕੌਰ, ਮਿੰਦੂ ਕੌਰ ਆਦਿ ਸ਼ਾਮਲ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media