Wednesday, November 4, 2026

ਸਰਬਤ ਖਾਲਸਾ ਯੋਜਨਾਬੱਧ ਢੰਗ ਨਾਲ ਕੰਮ ਕਰਕੇ ਜਲਦ ਸੱਦਿਆ ਜਾਣਾ ਚਾਹੀਦਾ ਹੈ – ਪੰਥਕ ਤਾਲਮੇਲ ਸੰਗਠਨ

Giani Kewal Singh

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੱਜ ਸਿੱਖ ਪੰਥ ਵੱਡੀ ਗਿਣਤੀ ਵਿਚ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ।ਯੂਰਪ, ਅਮਰੀਕਾ ਤੇ ਏਸ਼ੀਆ ਦੇ ਕਈ ਮੁਲਕਾਂ ਵਿਚ ਸਿੱਖ ਸੰਸਥਾਵਾਂ ਸਿੱਖਾਂ ਦੇ ਭਖਦੇ ਮਸਲਿਆਂ ਵਿਚ ਵਿਸ਼ੇਸ਼ ਦਿਲਚਸਪੀ ਰੱਖਦੀਆਂ ਹਨ ਅਤੇ ਅਕਾਲ ਤਖਤ ਸਾਹਿਬ ਤੋਂ ਦਿਸ਼ਾ ਨਿਰਦੇਸ਼ ਦੀ ਮੰਗ ਵੀ ਕਰਦੀਆਂ ਹਨ।ਇਹਨਾਂ ਮੁਲਕਾਂ ਵਿਚ ਵਸੇ 30 ਲੱਖ ਤੋਂ ਵੀ ਵੱਧ ਸਿੱਖਾਂ ਦਾ ਆਪਣੇ ਕੇਂਦਰੀ ਧੁਰੇ ਨਾਲ ਜੁੜੇ ਰਹਿਣਾ ਉਹਨਾਂ ਦਾ ਅਧਿਕਾਰ ਹੈ ਅਤੇ ਉਹਨਾਂ ਦੀ ਭਾਗੀਦਾਰੀ ਤੋਂ ਵਾਂਝਾ ਕੋਈ ਵੀ ਇਕਠ ਸਰਬਤ ਖਾਲਸਾ ਨਹੀਂ ਹੋ ਸਕਦਾ।ਇਸੇ ਤਰ੍ਹਾਂ ਭਾਰਤ ਦੇ ਕਈ ਰਾਜਾਂ ਵਿੱਚ ਸਿੰਘ ਸਭਾਵਾਂ ਅਤੇ ਜਥੇਬੰਦੀਆਂ ਉਦਮਸ਼ੀਲ ਹਨ।ਸੰਸਾਰ ਭਰ ਦੇ ਵੱਖ ਵੱਖ ਖੇਤਰਾਂ ਵਿਚ ਆ ਰਹੀਆਂ ਤਬਦੀਲੀਆਂ ਅਤੇ ਰੁਝਾਨਾਂ ਦੀ ਰੌਸ਼ਨੀ ਵਿਚ ਸਰਬਤ ਖਾਲਸਾ ਸੱਦਣ ਦੀ ਅੱਜ ਅਹਿਮ ਲੋੜ ਹੈ।ਸਰਬਤ ਖਾਲਸਾ ਕੌਣ, ਕਿਵੇਂ ਅਤੇ ਕਿਥੇ ਆਦਿਕ ਸਵਾਲਾਂ ਵਿਚ ਇਕ ਜਵਾਬ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਖਾਲਸਾ ਪੰਥ ਦੇ ਸਾਂਝੇ ਹਿੱਤਾਂ ਦਾ ਨੁਮਾਇੰਦਾ ਇਕੱਠ ਸਰਬਤ ਖਾਲਸਾ ਦਾ ਸਰੂਪ ਹੋ ਸਕਦਾ ਹੈ।ਤਮਾਮ ਸੰਸਥਾਵਾਂ ਜੋ ਸ਼ਬਦ-ਗੁਰੂ ਦੇ ਸਿਧਾਂਤ ਵਿਚ ਅਟੁੱਟ ਵਿਸ਼ਵਾਸ਼ ਰੱਖਦੀਆਂ ਹਨ ਤੇ ਖਾਲਸਾ ਪੰਥ ਦੀ ਤਰਜ਼-ਏ-ਜ਼ਿੰਦਗੀ ਵਿਚ ਕਿਸੇ ਵੀ ਵਿਅਕਤੀ ਜਾਂ ਦੇਹਧਾਰੀ ਗੁਰੂ ਦੇ ਸੰਕਲਪ ਨੂੰ ਦਿਲ ਦਿਮਾਗ ਵਿਚ ਨਹੀਂ ਰੱਖਦੀਆਂ ਹਨ ਉਹ ਸਰਬਤ ਖਾਲਸਾ ਦਾ ਹਿੱਸਾ ਹੋ ਸਕਦੀਆਂ ਹਨ।ਤਕਨਾਲੌਜੀ ਦੇ ਯੁੱਗ ਵਿੱਚ ਸੰਸਥਾਵਾਂ ਤੇ ਸ਼ਖਸੀਅਤਾਂ ਦੀ ਨਿਸ਼ਾਨਦੇਹੀ ਤੇ ਸੂਚੀ ਸਹਿਜੇ ਹੀ ਤਿਆਰ ਕੀਤੀ ਜਾ ਸਕਦੀ ਹੈ।ਵੀਡੀਓ ਕਾਨਫਰੰਸ ਤਕਨੀਕ ਨਾਲ ਵੀ ਵਿਸ਼ਵ ਭਰ ਵਿਚ ਵੱਸਦੀ ਕੌਮ ਨੂੰ ਭਾਗੀਦਾਰ ਬਣਾਇਆ ਜਾ ਸਕਦਾ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਪਹਿਲਾਂ ਯੋਜਨਾਬੱਧ ਢੰਗ ਨਾਲ ਕੰਮ ਕਰਕੇ ਸਰਬਤ ਖਾਲਸਾ ਬਹੁਤ ਜਲਦੀ ਸੱਦਿਆ ਜਾਣਾ ਚਾਹੀਦਾ ਹੈ। ਸਿਰਸਾ ਸਾਧ ਦੇ ਮਾਮਲੇ ਵਿਚ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ।ਚੋਰ ਅਤੇ ਚਤਰ ਦੇ ਅਖਾਣ ਵਾਂਗ ਸੱਚ ਪ੍ਰਗਟਾਉਣ ਵਾਲਿਆਂ ਨੂੰ ਮਿਲ ਰਹੀਆਂ ਧਮਕੀਆਂ ਦਾ ਵੀ ਪੰਥ ਨੂੰ ਨੋਟਿਸ ਲੈਣਾ ਹੋਵੇਗਾ।ਇਸ ਮਸਲੇ ‘ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ, ਰਾਗੀ, ਢਾਡੀ, ਗ੍ਰੰਥੀ ਅਤੇ ਜਥੇਬੰਦੀਆਂ ਵਲੋਂ ਨਿਰਭਉ ਹੋ ਕੇ ਕੀਤੀ ਜਾ ਰਹੀ ਪਹਿਰੇਦਾਰੀ ਕੌਮ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੀ ਜਾਵੇਗੀ।ਪੰਥਕ ਤਾਲਮੇਲ ਸੰਗਠਨ ਸਰਬਤ ਖਾਲਸੇ ਦੀ ਬਣਤਰ, ਸੂਚੀ ਅਤੇ ਲਾਮਬੰਦੀ ਲਈ ਤਿਆਰ-ਬਰ-ਤਿਆਰ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਵਲੋਂ ਪੰਥਕ ਧਿਰਾਂ ਨੂੰ ਕਾਂਗਰਸੀ ਏਜੰਟ ਐਲਾਨਣਾ, ਸਰਬਤ ਖਾਲਸਾ ਸੱਦਣ ਦਾ ਅਧਿਕਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੱਸਣਾ ਅਤੇ ਸ਼੍ਰੋਮਣੀ ਕਮੇਟੀ ਨੂੰ ਸਰਬਤ ਖਾਲਸਾ ਦਰਸਾਉਣਾ ਬੁਖਲਾਹਟ ਦੀ ਨਿਸ਼ਾਨੀ ਹੈ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply