
ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) – ਮੁਲ਼ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਸਮੂਹ ਸੰਗਤਾਂ ਅਤੇ ਸਮ੍ਹਹ ਜਥੇਬੰਦੀਆਂ ਦੀ ਸ਼ਮੂਲੀਅਤ ਦੇ ਨਾਲ ਸ਼ੁਰੂ ਕੀਤੇ ਉਪਰਾਲੇ ਤਹਿਤ ਜਾਗਦੀਆਂ ਜ਼ਮੀਰ ਵਾਲੀਆਂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਆਪਣੇ ਦਿਨ ਤਿਉਹਾਰ ਅਤੇ ਗੁਰਪੁਰਬ ਮੂਲ ਨਾਨਕਸ਼ਾਹੀ ਅਨੁਸਾਰ ਹੀ ਮਨਾਉਣ ਦਾ ਫੈਸਲਾ ਕੀਤਾ ਹੈ, ਇਸੇ ਲੜੀ ਵਿੱਚ ਹਰ ਸਾਲ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ਾਲ ਸੰਗਤਾਂ ਦੇ ਇਕੱਠ ਵਿੱਚ ਮਨਾਇਆ ਗਿਆ।ਨਿਉ ਅੰਮ੍ਰਿਤਸਰ ਦੇ ਬਲਾਕ-ਏ ਵਿੱਚ ਖੁਲੇ ਪੰਡਾਲ ਸਜਾਏ ਗਏ, ਜਿਸ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ ਹੋਇਆ।ਸਮਾਗਮ ਵਿੱਚ ਉਚੇਚੇ ਤੌਰ ਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਜੋਤ ਸਿੰਘ ਜਖ਼ਮੀ ਅਤੇ ਪੰਥਕ ਸੋਚ ਰੱਖਣ ਵਾਲੇ ਭਾਈ ਸਰਬਜੀਤ ਸਿੰਘ ਧੂੰਦਾ ਅਤੇ ਭਾਈ ਗੁਰਮੇਜ ਸਿੰਘ ਸਾਬਕਾ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ, ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਮਦਾ ਸਾਹਿਬ ਸ਼ਾਮਿਲ ਹੋਏ ਅਤੇ ਸੰਗਤਾਂ ਨੂੰ ਗੁਰੂ ਸ਼ਬਦ ਅਤੇ ਗੁਰੂ ਵੀਚਾਰ ਨਾਲ ਜੋੜਿਆ ਤੇ ਸੰਗਤ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਮਨਾਉਣ ਦੀ ਪ੍ਰੇਰਨਾ ਦਿੱਤੀ ਗਈ ।ਸੰਗਤਾਂ ਨੇ ਆਪਣੇ ਘਰਾਂ ਵਿੱਚ ਦੀਪਮਾਲਾ ਕੀਤੀ ਅਤੇ ਸਬੂਤ ਦਿੱਤਾ ਕਿ ਮੂਲ ਨਾਨਕਸ਼ਾਹੀ ਮੁਤਾਬਿਕ ਹੀ ਸਾਰੇ ਗੁਰਪੁਰਬ ਮਨਾਏ ਜਾਣਗੇ।ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਸਿੱਖ ਕੌਮ ਆਪਣੇ ਅਸੂਲਾਂ ਅਤੇ ਸਿਧਾਂਤਾਂ ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਵੇਗੀ ਅਤੇ ਕਿਸੇ ਵਿਰੋਧੀ ਨੂੰ ਇਹਨਾਂ ਨਾਲ ਖਿਲਵਾੜ ਨਹੀਂ ਕਰਨ ਦੇਵੇਗੀ।ਗਿ: ਕੇਵਲ ਸਿੰਘ ਜੀ ਨੇ ਕਿਹਾ ਕਿ ਸਿੱਖਾਂ ਨੂੰ ਪੰਥਕ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਵੱਖ-ਵੱਖ ਸਮੇਂ ਆਉਣ ਵਾਲ਼ੀਆਂ ਚੁਨੌਤੀਆਂ ਤੋਂ ਘਬਰਾਏ ਬਿਨ੍ਹਾਂ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ।ਉਨ੍ਹਾਂ ਸੰਗਤਾਂ ਨੂੰ ਵਧਾਈ ਦਿੱਤੀ ਕਿ ਉਹਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਉਣ ਦਾ ਉਪਰਾਲਾ ਕੀਤਾ ਹੈ।
ਜਸਵਿੰਦਰ ਸਿੰਘ ਐਡਵੋਕੇਟ ਨੇ ਨਾਨਕਸ਼ਾਹੀ ਦੇ ਮਸਲੇ ਉੱਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਜਦੋਂ ਸਾਰੀ ਕੌਮ ਨੇ ਰਲ ਕੇ ਇਹ ਫੈਸਲਾ ਕੀਤਾ ਕਿ ਸਿੱਖ ਕੌਮ ਨਾਨਕਸ਼ਾਹੀ ਅਨੁਸਾਰ ਹੀ ਆਪਣੇ ਗੁਰਪੁਰਬ ਮਨਾਏਗੀ ਅਤੇ ਇਹ ਕੈਲੰਡਰ ਸਾਰਿਆਂ ਦੀ ਸਹਿਮਤੀ ਦੀ ਨਾਲ ਲਾਗੂ ਕੀਤਾ ਗਿਆ ਸੀ।ਲੇਕਿਨ ਇਸ ਕੈਲੰਡਰ ਨੂੰ ਬਿਨ੍ਹਾਂ ਕਿਸੇ ਜਥੇਬੰਦੀ, ਕਿਸੇ ਸਿੱਖ ਸੰਗਤਾਂ ਦੇ ਨੁਮਾਇੰਦਿਆਂ ਅਤੇ ਕਿਸੇ ਕੌਮੀ ਵਿਦਵਾਨ ਦੀ ਸਾਲਾਹ ਅਤੇ ਸ਼ਮੂਲੀਅਤ ਦੇ ਬਗੈਰ ਹੀ ਕਿਸੇ ਬੰਦ ਕਮਰੇ ਵਿੱਚ ਬੈਠ ਕੇ ਰੱਦ ਕਰ ਦਿੱਤਾ ਗਿਆ ਸੀ।ਪਰ ਹੁਣ ਇਸ ਸਿਲਸਿਲੇ ਨੂੰ ਸਿੱਖ ਕੌੰਮ ਕਦੇ ਵੀ ਕਬੂਲ ਨਹੀਂ ਕਰੇਗੀ ਅਤੇ ਮੁੜ ਅਕਾਲ ਤਖ਼ਤ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਜੂਝਦੀ ਰਹੇਗੀ।
ਸੰਗਤਾਂ ਨੇ ਇਹਨਾਂ ਵੀਚਾਰਾਂ ਨਾਲ ਆਪਣੀ ਸਹਿਮਤੀ ਪ੍ਰਗਟਾਈ।ਗੁਰੂ ਕੇ ਲੰਗਰ ਅਤੁੱਟ ਵਰਤੇ।ਸਮਾਗਮ ਦੀ ਸਮਾਪਤੀ ਉਪਰੰਤ ਆਤਿਸ਼ਬਾਜੀ ਵੀ ਕੀਤੀ ਗਈ ।ਇਸ ਮੌਕੇ ਜਸਵਿੰਦਰ ਸਿੰਘ ਐਡਵੋਕੇਟ, ਗਿਆਨੀ ਕੇਵਲ ਸਿੰਘ ਜੀ, ਸ. ਕੁਲਜੀਤ ਸਿੰਘ, ਸ. ਬਰਿੰਦਰਪਾਲ ਸਿੰਘ, ਸ. ਅਮਰਜੀਤ ਸਿੰਘ ਭਾਟੀਆ, ਸ. ਹਰਜੀਤ ਸਿੰਘ, ਰਜਿੰਦਰ ਸਿੰਘ, ਸ. ਭੁਪਿੰਦਰਪਾਲ ਸਿੰਘ ਅਤੇ ਸਮੂਹ ਅਕਾਲ ਪੁਰਖ ਕੀ ਫ਼ੌਜ ਦੇ ਵੀਰ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਏ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media