
ਅੰਮ੍ਰਿਤਸਰ, 10 ਅਕਤੂਬਰ (ਗੁਰਚਰਨ ਸਿੰਘ)- ਸਥਾਨਕ ਗੁਰਬਖਸ਼ ਨਗਰ ਮੁਹੱਲੇ ਵਿਚ ਬੀਤੇ ਦਿਨੀ ਅਨੂਸੂਚਿਤ ਜਾਤੀ ਭਾਈਚਾਰੇ ਖਿਲਾਫ ਇਤਰਾਜਯੋਗ ਟਿੱਪਣੀ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਨੇ ਪੁਲਸ ਪ੍ਰਸ਼ਾਸਨ ਨੂੰ ਲੋੜੀਂਦੀ ਕਾਰਵਾਈ ਕਰਕੇ 15 ਦਿਨਾਂ ਵਿੱਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।ਇਥੇ ਸਰਕਟ ਹਾਊਸ ਵਿਚ ਸ਼ਿਕਾਇਤਕਰਤਾ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਸੰਬੰਧਿਤ ਧਿਰਾਂ ਦੇ ਬਿਆਨ ਲੈਣ, ਤੱਥਾਂ ਦੀ ਡੂੰਘਾਈ ਨਾਲ ਘੋਖ ਕਰਨ ਅਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆ ਕੇ ਆਉਂਦੇ ਦੋ ਹਫਤਿਆਂ ਤੱਕ ਵਿਸਥਾਰਤ ਰਿਪੋਰਟ ਪੇਸ਼ ਕਰਨ।
ਸਿੱਖਾਂ ਵਿਰਸਾ ਸੰਭਾਲ ਸੰਘਰਸ਼ ਦਲ ਦੇ ਪ੍ਰਧਾਨ ਸ਼੍ਰੀ ਸੰਤੋਖ ਸਿੰਘ ਗੁੰਮਟਾਲਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਸ਼੍ਰੀ ਬਾਘਾ ਨੇ ਮੌਕੇ ‘ਤੇ ਮੌਜੂਦ ਸਹਾਇਕ ਪੁਲਸ ਕਮਿਸ਼ਨਰ (ਸੈਂਟਰਲ) ਸ਼੍ਰੀ ਅਮਨਦੀਪ ਸਿੰਘ ਤੋਂ ਹੁਣ ਤੱਕ ਦੀ ਕਾਰਵਾਈ ਦੀ ਰਿਪੋਰਟ ਲਈ।ਸ਼੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਰਕਰਾਰ ਰੱਖੀ ਜਾਵੇਗੀ।ਸ਼੍ਰੀ ਬਾਘਾ ਨੇ ਪੁਲਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸੰਬੰਧਤ ਧਿਰਾਂ ਦੇ ਬਿਆਨ ਦਰਜ ਕਰਨ ਅਤੇ ਢੁੱਕਵੀਂ ਕਾਨੂੰਨੀ ਕਾਰਵਾਈ ਨੂੰ ਜਲਦ ਅਮਲ ਵਿਚ ਲਿਆਂਦਾ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਗੁੰਮਟਾਲਾ ਨਾਲ ਅਜੇ ਮਲਿਕ, ਰਾਜ ਕੁਮਾਰ ਜੂਡੋ,ਦਿਨੇਸ਼ ਕੁਮਾਰ ਆਦਿ ਮੌਜੂਦ ਸਨ।
Punjab Post Daily Online Newspaper & Print Media