ਸਾਹਿਤ ਸਭਾ ਸਮਰਾਲਾ ਵੱਲੋਂ ਪੁਸਤਕ ਤੇ ਵਿਸ਼ੇਸ਼ ਵਿਚਾਰ ਗੋਸ਼ਟੀ 18 ਅਕਤੂਬਰ ਨੂੰ

ਸਮਰਾਲਾ, 10 ਅਕਤੂਬਰ (ਪ. ਪ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਇੱਕ ਵਿਸ਼ੇਸ਼ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਬੱਬੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਭਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਦਾ ਪਲੇਠਾ ਕਾਵਿ ਸੰਗ੍ਰਹਿ ‘ਮੇਰੀ ਸੁਪਨ ਦੁਨੀਆਂ’ ਪੰਜਾਬੀ ਸਾਹਿਤ ਸਭਾ ਸਮਰਾਲਾ ਅਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਅਹੁਦੇਦਾਰਾਂ ਵੱਲੋਂ ਸਾਂਝੇ ਰੂਪ ਵਿੱਚ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਮੋਢੀ ਮੈਂਬਰਾਂ ਵਿੱਚੋਂ ਅਤੇ ਸਭਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਕਾਵਿ ਪੁਸਤਕ ‘ਮੇਰੀ ਸੁਪਨ ਦੁਨੀਆਂ’ ਲੋਕ ਅਰਪਣ ਕੀਤੀ ਗਈ। ਜਿਸ ਵਿੱਚ ਜੋਗਿੰਦਰ ਸਿੰਘ ਜੋਸ਼ ਦੀਆਂ ਸਾਰੀਆਂ ਕਵਿਤਾਵਾਂ ‘ਜੋਸ਼’ ਭਰਪੂਰ ਹਨ ਅਤੇ ਅਜੋਕੇ ਸਮੇਂ ਵਿੱਚ ਸਾਡੇ ਸਮਾਜ ਅੰਦਰ ਘਟ ਰਹੀ ਨੈਤਿਕਾ ਅਤੇ ਵੱਧ ਰਹੀ ਅਰਾਜਕਤਾ ਦਾ ਪਰਦਾ ਪਾਸ਼ ਕਰਦੀਆਂ ਹਨ। ਸਰਪ੍ਰਸਤ ਪ੍ਰੋ. ਬਲਦੀਪ ਨੇ ਕਿਤਾਬ ਦੀਆਂ ਕਵਿਤਾਵਾਂ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਵਿਤਾਵਾਂ ਦੇ ਵਿਸ਼ੇ ਅਜੋਕੇ ਦੌਰ ਵਿੱਚ ਫੈਲੇ ਭ੍ਰਿਸ਼ਟਾਚਾਰ, ਸਮਾਜਿਕ ਕਦਰਾਂ ਕੀਮਤਾਂ ਅਤੇ ਆਮ ਆਦਮੀ ਦੀਆਂ ਸਮੱਸਿਆਵਾਂ ਨਾਲ ਜੁੜੇ ਹੋਏ ਹਨ। ਕਵੀ ਸਮਾਜ ਵਿੱਚੋਂ ਭ੍ਰਿਸ਼ਟਾਚਾਰ, ਅਨਪੜ੍ਹਤਾ, ਮਹਿੰਗਾਈ ਅਤੇ ਬੇਰੁਜ਼ਗਾਰੀ ਖਤਮ ਕਰਨੀ ਚਾਹੁੰਦਾ ਹੈ ਅਤੇ ਸੋਹਣੇ ਸਮਾਜ ਦਾ ਸੁਪਨਾ ਆਪਣੇ ਮਨ ਵਿੱਚ ਸਮੋ ਕੇ ‘ਮੇਰੀ ਸੁਪਨ ਦੁਨੀਆਂ’ ਦਾ ਸਿਰਜਕ ਬਣ ਤੁਰਿਆ ਜਾਂਦਾ ਹੈ। ਇਸ ਮੌਕੇ ਇਸ ਕਿਤਾਬ ਸਬੰਧੀ ਪ੍ਰੇਮ ਸਾਗਰ ਸ਼ਰਮਾ, ਜਗਦੀਸ਼ ਨੀਲੋਂ, ਦੀਪ ਦਿਲਬਰ, ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ, ਬਲਬੀਰ ਬੱਬੀ, ਕਰਮ ਚੰਦ, ਪ੍ਰੇਮ ਨਾਥ, ਮੇਘ ਦਾਸ ਜਵੰਦਾ, ਸੰਦੀਪ ਤਿਵਾੜੀ, ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਮਨਦੀਪ ਮਾਣਕੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜੋਗਿੰਦਰ ਸਿੰਘ ਜੋਸ਼ ਨੂੰ ਇਸ ਉਮਰ ਵਿੱਚ ਅਜਿਹੇ ਉਦਮ ਦੀ ਵਧਾਈ ਦਿੱਤੀ ਗਈ।
ਇਸ ਮੌਕੇ ਜੋਗਿੰਦਰ ਸਿੰਘ ਜੋਸ਼ ਨੇ ਕਿਹਾ ਕਿ ਮੇਰੇ ਇਸ ਕਾਵਿ ਸੰਗ੍ਰਹਿ ਨੇ ਮੇਰੇ ਅੰਦਰ ਇੱਕ ਨਵਾਂ ਉਤਸ਼ਾਹ ਪੈਦਾ ਕਰ ਦਿੱਤਾ ਹੈ ਅਤੇ ਮੇਰਾ ਜਿਹੜਾ ਖਰੜਾ ਅਣਛਪਿਆ ਪਿਆ ਹੈ, ਉਸਨੂੰ ਜਲਦੀ ਛਪਵਾ ਕੇ ਸਰੋਤਿਆਂ ਦੇ ਸਨਮੁੱਖ ਕਰਾਂਗਾ ਅਤੇ ਇੱਕ ਦੋ ਮਹੀਨੇ ਵਿੱਚ ਦੂਜਾ ਕਾਵਿ ਸ੍ਰੰਗਹਿ ਵੀ ਪੰਜਾਬੀ ਸਾਹਿਤ ਨੂੰ ਭੇਂਟ ਕਰਾਂਗਾ। ਸਭਾ ਦੇ ਜਨਰਲ ਸਕੱਤਰ ਜਗਦੀਸ਼ ਨੀਲੋਂ ਨੇ ਕਿਹਾ ਕਿ ਇਸ ਕਾਵਿ ਸ੍ਰੰਗਹਿ ਤੇ ਵਿਸ਼ੇਸ਼ ਵਿਚਾਰ ਗੋਸ਼ਟੀ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ 18 ਅਕਤੂਬਰ ਦਿਨ ਐਤਵਾਰ ਨੂੰ ਸਭਾ ਦੀ ਮਾਸਿਕ ਮੀਟਿੰਗ ਦੌਰਾਨ ਕੀਤੀ ਜਾਵੇਗੀ। ਜਿਸ ਵਿੱਚ ਉੱਘੇ ਸਾਹਿਤਕਾਰ ਰਘਵੀਰ ਸਿੰਘ ਭਰਤ ਅਤੇ ਹੋਰ ਸਾਹਿਤਕਾਰ ਪਰਚਾ ਪੜ੍ਹਨਗੇ। ਅਖੀਰ ਵਿੱਚ ਉਨ੍ਹਾਂ ਸਾਰੇ ਆਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media