22 ਨਵੰਬਰ ਨੂੰ ਅਟਾਰੀ ਵਿਖੇ ਹੋਣਗੇ ਕਬੱਡੀ ਕੱਪ ਦੇ ਮੁਕਾਬਲੇ-ਕਰਤਾਰ ਸਿੰਘ
ਅੰਮ੍ਰਿਤਸਰ, 12 ਅਕਤੂਬਰ (ਗੁਰਚਰਨ ਸਿੰਘ) – 15 ਨਵੰਬਰ ਤੋਂ ਸ਼ੁਰੂ ਹੋਣ ਵਾਲੇ 6ਵੇਂ ਵਿਸ਼ਵ ਕਬੱਡੀ ਕੱਪ ਦੇ 22 ਨਵੰਬਰ ਨੂੰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਕਸਬਾ ਅਟਾਰੀ ਵਿਖੇ ਸ਼ਹੀਦ ਦਲਬੀਰ ਸਿੰਘ ਰਣੀਕੇ ਖੇਡ ਸਟੇਡੀਅਮ ਵਿੱਚ ਹੋਣ ਵਾਲੇ ਸਿਲਸਿਲੇਵਾਰ ਮੈਚਾਂ ਦੇ ਸਬੰਧ ਵਿਚ ਪੰਜਾਬ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਖੇਡਾਂ ਸ੍ਰੀ ਕਰਤਾਰ ਸਿੰਘ ਨੇ ਸਟੇਡੀਅਮ ਦਾ ਦੌਰਾ ਕਰਨ ਦੇ ਨਾਲ-ਨਾਲ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਹਰਪਾਲਜੀਤ ਕੌਰ ਸੰਧੂ ਤੇ ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਸ. ਗੁਰਲਾਲ ਸਿੰਘ ਰਿਆੜ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਇਸ ਵਾਰ ਪੁਰਸ਼ਾਂ ਦੀ ਟੀਮ ਵਿਚ ਭਾਰਤ, ਅਰਜਨਟੀਨਾ, ਯੂ ਐਸ ਏ, ਕੈਨੇਡਾ, ਪਾਕਿਸਤਾਨ, ਸਪੇਨ, ਇੰਗਲੈਂਡ, ਈਰਾਨ, ਸਿਆਰਾ ਲਿਓਨ, ਡੈਨਮਾਰਕ, ਆਸਟ੍ਰੇਲੀਆ ਤੇ ਕੀਨੀਆ ਦੀਆਂ ਟੀਮਾਂ ਭਿੜਨਗੀਆਂ ਜਦਕਿ ਮਹਿਲਾ ਵਰਗ ਵਿਚ ਭਾਰਤ, ਪਾਕਿਸਤਾਨ, ਯੂ ਐਸ ਏ, ਨਿਊਜ਼ੀਲੈਂਡ, ਡੈਨਮਾਰਕ, ਕੀਨੀਆ, ਇੰਗਲੈਂਡ ਤੇ ਮੈਕਸੀਕੋ ਵਿਚਾਲੇ ਭੇੜ ਹੋਣਗੇ।ਉਨ੍ਹਾਂ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਦਫ਼ਤਰ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਹਰਪਾਲਜੀਤ ਕੌਰ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਟੇਡੀਅਮ ਵਿਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਗੁਰਿੰਦਰ ਸਿੰਘ ਹੁੰਦਲ, ਨੇਹਾ ਚਾਵਲਾ ਸੋਨੀ, ਗੁਖਤਾਰ ਮਸੀਹ, ਸੁੱਚਾ ਸਿੰਘ, ਨੀਤੂ, ਸੁਮਨ, ਕੁਲਦੀਪ ਸਿੰਘ ਤੇ ਸੁਖਰਾਜ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media