ਅੰਮ੍ਰਿਤਸਰ, 12 ਅਕਤੂਬਰ (ਗੁਰਚਰਨ ਸਿੰਘ) – ਛੋਟੀਆਂ ਬੱਚਤ ਸਕੀਮਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਹ ਪ੍ਰਗਟਾਵਾ ਡਾ. ਤਰੁਨਦੀਪ ਕੌਰ, ਆਈ. ਆਰ. ਐਸ, ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਸਥਾਨਕ ਮੁੱਖ ਡਾਕਘਰ ਵਿਖੇ ਡਾਕ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਕਰਵਾਏ ਵਿਸ਼ਾਲ ਮੇਲੇ ਮੌਕੇ ਡਾਕ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਡੀ. ਟੀ. ਓ ਸ੍ਰੀਮਤੀ ਲਵਜੀਤ ਕਲਸੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਡਾ. ਤਰੁਨਦੀਪ ਕੌਰ ਨੇ ਕਿਹਾ ਕਿ ਡਾਕ ਘਰ ਦੀਆਂ ਸਕੀਮਾਂ ਜਿਵੇਂ ਪੋਸਟਲ ਲਾਈਫ਼ ਇੰਸ਼ੋਰੈਂਸ, ਸੁਕੰਨਿਆ ਸਮ੍ਰਿਧੀ ਯੋਜਨਾ, ਆਰ. ਡੀ, ਕਿਸਾਨ ਵਿਕਾਸ ਪੱਤਰ, ਐਨ. ਐਸ. ਸੀ, ਟਾਈਮ ਡਿਪੋਜ਼ਿਟ ਸਕੀਮ ਆਦਿ ਅਧੀਨ ਜਿਥੇ ਜਮ੍ਹਾਂ ਕਰਤਾਵਾਂ ਨੂੰ ਵਧੇਰੇ ਵਿਆਜ ਮਿਲਦਾ ਹੈ ਉਥੇ ਇਹ ਪੈਸਾ ਸਰਕਾਰ ਵੱਲੋਂ ਰਾਜ ਦੇ ਵਿਕਾਸ ਕੰਮਾਂ ਲਈ ਖ਼ਰਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਵਿਚੋਂ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸੁਕੰਨਿਆ ਸਮ੍ਰਿਧੀ ਯੋਜਨਾ ਬੇਟੀਆਂ ਲਈ ਇਕ ਵਰਦਾਨ ਦੀ ਤਰ੍ਹਾਂ ਹੈ, ਜਿਸ ਨਾਲ ਬੇਟੀਆਂ ਦੀ ਪੜ੍ਹਾਈ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਖੁਸ਼ਹਾਲ ਜ਼ਿੰਦਗੀ ਲਈ ਪੈਸਾ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਆਪਣੀ ਬੇਟੀ ਦੇ ਸੁਨਹਿਰੀ ਭਵਿੱਖ ਲਈ ਇਸ ਸਕੀਮ ਦਾ ਲਾਹਾ ਲੈਣਾ ਚਾਹੀਦਾ ਹੈ। ਡਾ. ਤਰੁਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਇਸ ਸਕੀਮ ਅਧੀਨ ਖਾਤਾ ਖੁੱਲ੍ਹਵਾਇਆ ਹੈ। ਇਸ ਮੌਕੇ ਉਨ੍ਹਾਂ ਡਾਕ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ‘ਮਾਈ ਸਟੈਂਪ’ ਸਕੀਮ ਦੀ ਵੀ ਸ਼ਲਾਘਾ ਕੀਤੀ, ਜਿਸ ਤਹਿਤ ਕੋਈ ਵੀ ਵਿਅਕਤੀ ਆਪਣੀ ਜਾਂ ਆਪਣੇ ਪਿਆਰਿਆਂ ਦੀ ਤਸਵੀਰ ਵਾਲੀ ਡਾਕ ਟਿਕਟ ਬਣਵਾ ਕੇ ਆਪਣੇ ਨਜ਼ਦੀਕੀਆਂ ਨੂੰ ਵਿਸ਼ੇਸ਼ ਸਮਾਗਮਾਂ ‘ਤੇ ਤੋਹਫ਼ੇ ਵਜੋਂ ਦੇ ਸਕਦੇ ਹਨ। ਇਸ ਮੌਕੇ ਡਾਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਫੋਟੋ ਵਾਲੀਆਂ ਡਾਕ ਟਿਕਟਾਂ ਦਾ ਸੈਟ ਉਨ੍ਹਾਂ ਨੂੰ ਭੇਟ ਕੀਤਾ।
ਇਸ ਮੌਕੇ ਡੀ. ਟੀ. ਓ ਸ੍ਰੀਮਤੀ ਲਵਜੀਤ ਕਲਸੀ ਨੇ ਵੀ ਕਿਹਾ ਕਿ ਡਾਕਘਰ ਦੀਆਂ ਸਕੀਮਾਂ ਦਾ ਸਾਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਡਾਕ ਵਿਭਾਗ ਦੀ ਸਪੀਡ ਪੋਸਟ ਸੇਵਾ ਦਾ ਵੱਡਾ ਲਾਹਾ ਲੈ ਕੇ ਲਾਇਸੰਸ ਅਤੇ ਨੋਟਿਸ ਵਗੈਰਾ ਇਸੇ ਜ਼ਰੀਏ ਭੇਜੇ ਜਾ ਰਹੇ ਹਨ। ਉਨ੍ਹਾਂ ਅੰਮ੍ਰਿਤਸਰ ਪੋਸਟਲ ਡਵੀਜ਼ਨ ਵੱਲੋਂ ਵਧੀਆ ਢੰਗ ਨਾਲ ਦਿੱਤੀਆਂ ਜਾ ਰਹੀਆਂ ਡਾਕ ਸੇਵਾਵਾਂ ਦੀ ਸ਼ਲਾਘਾ ਕੀਤੀ।
ਸੀਨੀਅਰ ਸੁਪਰਡੈਂਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇਠਮੱਲ ਜਿਨਗਰ, ਸੁਪਰਡੈਂਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇ. ਐਸ ਭੁੱਲਰ ਅਤੇ ਸੀਨੀਅਰ ਬੱਚਤ ਅਫ਼ਸਰ ਅੰਮ੍ਰਿਤਸਰ ਸ੍ਰੀ ਗੁਲਸ਼ਨ ਕੁਮਾਰ ਨੇ ਡਾਕ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਇਸ ਮੌਕੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਡਾਕਘਰਾਂ ਅਤੇ ਡਾਕ ਕਰਮੀਆਂ ਦਾ ਸਨਮਾਨ ਵੀ ਕੀਤਾ ਗਿਆ। ਰਈਆ ਅਤੇ ਡੇਰਾ ਬਾਬਾ ਜੈਮਲ ਸਿੰਘ ਡਾਕਘਰਾਂ ਨੂੰੇ ਵਧੀਆ ਕਾਰਗੁਜ਼ਾਰੀ ਲਈ ਰਨਿੰਗ ਟਰਾਫੀ ਪ੍ਰਦਾਨ ਕੀਤੀ ਗਈ। ਇਸੇ ਤਰ੍ਹਾਂ ਛਿਹਰਟਾ ਡਾਕਘਰ ਦੇ ਪੋਸਟ ਮਾਸਟਰ ਸ. ਕਰਮ ਸਿੰਘ ਦਾ ਸੁਕੰਨਿਆ ਸਮ੍ਰਿਧੀ ਯੋਜਨਾ ਅਧੀਨ ਪੰਜਾਬ ਵਿਚ ਸਭ ਤੋਂ ਵੱਧ 1132 ਖਾਤੇ ਖੋਲ੍ਹਣ ਲਈ ਸਨਮਾਨ ਕੀਤਾ ਗਿਆ।ਇਸ ਤੋਂ ਇਲਾਵਾ ਸੁਕੰਨਿਆ ਸਮ੍ਰਿਧੀ ਯੋਜਨਾ ਅਧੀਨ ਖਾਤੇ ਖੁੱਲ੍ਹਵਾਉਣ ਵਾਲੀਆਂ ਬੱਚੀਆਂ ਨੂੰ ਪਾਸ ਬੁੱਕਾਂ ਅਤੇ ‘ਮਾਈ ਸਟੈਂਪ’ ਯੋਜਨਾ ਤਹਿਤ ਡਾਕ ਟਿਕਟਾਂ ਤਿਆਰ ਕਰਵਾਉਣ ਵਾਲਿਆਂ ਨੂੰ ਉਨ੍ਹਾਂ ਦੀਆਂ ਫੋਟੋਆਂ ਵਾਲੀਆਂ ਡਾਕ ਟਿਕਟਾਂ ਦੇ ਸੈੱਟ ਭੇਟ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਪਾਸਪੋਰਟ ਅਫ਼ਸਰ ਸ੍ਰੀ ਕ੍ਰਿਸ਼ਨ ਕੁਮਾਰ, ਸੀਨੀਅਰ ਪੋਸਟ ਮਾਸਟਰ ਮੁੱਖ ਡਾਕਘਰ ਅੰਮ੍ਰਿਤਸਰ ਸ੍ਰੀ ਸੂਰਜ ਪ੍ਰਕਾਸ਼ ਤੋਂ ਇਲਾਵਾ ਡਾਕ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …
Punjab Post Daily Online Newspaper & Print Media