ਨਵੀਂ ਦਿੱਲੀ, 12 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਲ ਸੱਦੀ ਗਈ ਪੰਥਕ ਕਨਵੈਨਸ਼ਨ ਨੂੰ ਸਿੱਖ ਕੌਮ ਵਿੱਚ ਆਪਸੀ ਮਤਭੇਦ ਗਹਿਰੇ ਕਰਨ ਦੀ ਦਿਸ਼ਾ ਵਿੱਚ ਸਰਨੇ ਦੀ ਦੋਹਰੀ ਨੀਤੀ ਐਲਾਨਿਆ ਹੈ।ਕਮੇਟੀ ਅਹੁਦੇਦਾਰਾਂ ਦੀ ਮੌਜ਼ੂਦਗੀ ਵਿੱਚ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਸਰਨਾ ਦੇ ਮੌਜ਼ੂਦਾ ਵਿਵਹਾਰ ਨੂੰ ਕਾਂਗਰਸ ਪਾਰਟੀ ਦੀ ਸ਼ਹਿ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਉਣ ਦੀ ਗਿਣੀ-ਮਿੱਥੀ ਸਾਜਿਸ਼ ਦਾ ਹਿੱਸਾ ਦਸਿਆ।
ਕਾਂਗਰਸ ਵੱਲੋਂ 1984 ਵਿੱਚ ਤਖ਼ਤ ਸਾਹਿਬ ਦੀ ਬਿਲਡਿੰਗ ਤੇ ਤੋਪਾਂ ਰਾਹੀਂ ਕੀਤੇ ਗਏ ਹਮਲੇ ਤੋਂ ਬਾਅਦ ਹੁਣ ਸਰਨਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਕ ਖ਼ਾਤਮੇ ਲਈ ਕੀਤੀ ਜਾ ਰਹੀ ਕੋਸ਼ਿਸ਼ਾਂ ਨੂੰ ਉਨ੍ਹਾਂ ਨੇ ਮੰਦਭਾਗਾ ਅਤੇ ਪੰਥ ਲਈ ਖਤਰਨਾਕ ਦਸਿਆ। ਉਨ੍ਹਾਂ ਸਵਾਲ ਕੀਤਾ ਕਿ ਸਰਨਾ ਅੱਜ ਕਿਸ ਮੂੰਹ ਤੋਂ ਸੌਦਾ ਸਾਧ ਦੇ ਖਿਲਾਫ਼ ਪੰਜ ਸਿੰਘ ਸਾਹਿਬਾਨਾਂ ਵੱਲੋਂ ਦਿੱਤੀ ਗਈ ਮੁਆਫ਼ੀ ਤੇ ਕਿੰਤੂ ਪਰੰਤੂ ਕਰਦੇ ਹਨ ਜਦਕਿ 2007 ਵਿੱਚ ਸੌਦਾ ਸਾਧ ਦੀ ਬਿਨਾਂ ਦਸਤਖਤਾ ਵਾਲੀ ਚਿੱਠੀ ਲੈ ਕੇ ਖੁਦ ਸਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਏ ਸੀ? ਅਗਰ ਸਰਨਾ ਵੱਲੋਂ ਦਿੱਤੀ ਗਈ ਚਿੱਠੀ ਤੇ ਸੌਦਾ ਸਾਧ ਨੂੰ ਉਸ ਵੇਲੇ ਮੁਆਫ਼ੀ ਮਿਲ ਜਾਂਦੀ ਤਾਂ ਕਿ ਉਹ ਠੀਕ ਸੀ ?
ਉਨ੍ਹਾਂ ਸਰਨਾ ਤੇ ਪੰਥ ਨੂੰ ਦੋਫ਼ਾੜ੍ਹ ਕਰਨ ਦੀ ਨੀਤੀ ਤੇ ਚਲਣ ਦਾ ਦੋਸ਼ ਲਗਾਉਂਦੇ ਹੋਏ ਸਰਨਾ ਤੇ ਆਪਣੀ ਮਰਜ਼ੀ ਦੇ ਚੋਣਵੇਂ ਪੰਥਕ ਮਸਲਿਆਂ ਨੂੰ ਆਪਣੀ ਕੋਝੀ ਸਿਆਸ਼ਤ ਵਾਸਤੇ ਵਰਤਣ ਦੀ ਵੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਰਨਾ ਜੱਦੋਂ ਕਾਂਗਰਸ ਦੀ ਗੋਦ ਵਿੱਚ ਬੈਠ ਕੇ ਦਿੱਲੀ ਕਮੇਟੀ ਵਿੱਚ ਸੇਵਾ ਕਰ ਰਹੇ ਸੀ ਤਾਂ ਸਰਨਾ ਨੇ 1984 ਸਿੱਖ ਕਤਲੇਆਮ ਦੇ ਦੋਸ਼ੀ ਸਜੱਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟਾਂ, ਸੀ.ਬੀ.ਆਈ. ਵੱਲੋਂ ਕਲੀਨ ਚਿੱਟ ਅਤੇ ਪੀੜਿਤਾਂ ਦੀ ਖੱਜ਼ਲ-ਖੁਆਰੀ ਤੇ ਆਪਣਾ ਮੂੰਹ ਕਿਉਂ ਬੰਦ ਰਖਿਆ? ਉਨ੍ਹਾਂ ਸਰਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਨਾਨਕਸ਼ਾਹੀ ਕੈਲੇਂਡਰ ਅਤੇ ਬਾਣੀਆਂ ਦੇ ਮਸਲੇ ਤੇ ਸਿੱਧਾਂਤਕ ਭਗੌੜਾ ਵੀ ਐਲਾਨਿਆ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਮੈਂਬਰ ਕੁਲਮੋਹਨ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਸਰਨਾ ਦੇ ਦੋਹਰੇ ਮਨਸੂਬਿਆਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ।ਚੱਢਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮਸਲੇ ਤੇ ਘੋਖ ਕਰਨ ਵਾਸਤੇ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਤਕ ਸੰਗਤਾਂ ਨੂੰ ਇੰਤਜ਼ਾਰ ਕਰਨ ਦੀ ਵੀ ਸਲਾਹ ਦਿੱਤੀ।ਪੱਪੂ ਨੇ ਕਨਵੈਂਸ਼ਨ ਵਿੱਚ ਮੌਜ਼ੂਦ ਸੰਗਤਾਂ ਦੇ ਕਈ ਸੂਬੀਆਂ ਤੋਂ ਆਉਣ ਦਾ ਵੀ ਦਾਅਵਾ ਕੀਤਾ। ਕੁਲਮੋਹਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਸਿਧਾਂਤ ਹੈ। ਅਸੀਂ ਕਿਸੇ ਮਨੁੱਖ ਤੇ ਆਚਾਰ ਅਤੇ ਵਿਵਹਾਰ ਤੋਂ ਬਾਗੀ ਹੋ ਸਕਦੇ ਹਾਂ ਪਰ ਸਿਧਾਂਤ ਤੋਂ ਬਾਗੀ ਨਹੀਂ ਹੋ ਸਕਦੇ।
ਰਾਣਾ ਨੇ ਸਰਨਾ ਵੱਲੋਂ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਮੁੱਖੀ ਦੀ ਫਿਲਮ ਐਮ.ਐਸ.ਜੀ. ਦੀ ਰੋਕ ਵਾਸਤੇ ਕੀਤੇ ਗਏ ਪ੍ਰਦਰਸ਼ਨਾਂ ਬਾਰੇ ਸਵਾਲ ਚੁੱਕਦੇ ਕੱਢੇ ਪੋਸ਼ਟਰ ਤੇ ਸਰਨਾ ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਸਰਨਾ ਤੋਂ ਸਵਾਲ ਕੀਤਾ ਕਿ ਕਿਸ ਤਾਕਤ ਨੇ ਸਰਨਾ ਨੂੰ ਡੇਰਾ ਮੁਖੀ ਦੀ ਫ਼ਿਲਮ ਦਾ ਵਿਰੋਧ ਕਰਨ ਤੋਂ ਰੋਕਿਆ ਸੀ ? ਰਾਣਾ ਨੇ ਸਰਨਾ ਨੂੰ ਸੰਗਤਾਂ ਨੂੰ ਗੁਮਰਾਹ ਕਰਨ ਦੀ ਬਜਾਏ ਕੌਮ ਵਿੱਚ ਏਕਤਾ ਕਾਇਮ ਕਰਨ ਵਾਸਤੇ ਕਾਰਜ ਕਰਨ ਦੀ ਵੀ ਸਲਾਹ ਦਿੱਤੀ।ਸਰਨਾ ਵੱਲੌਂ ਆਰ.ਐਸ.ਐਸ. ਦੇ ਦਬਾਅ ਹੇਠ ਡੇਰਾ ਮੁੱਖੀ ਨੂੰ ਮੁਆਫੀ ਮਿਲਣ ਦੇ ਕੀਤੇ ਗਏ ਦਾਅਵੇ ਦੇ ਜੁਆਬ ਵਿੱਚ ਕਮੇਟੀ ਪ੍ਰਬੰਧਕਾਂ ਵੱਲੋਂ ਸਰਨਾ ਦੀ ਆਰ.ਐਸ.ਐਸ ਆਗੂਆ ਨਾਲ ਇੱਕ ਤਸ਼ਵੀਰ ਵੀ ਜਨਤਕ ਕੀਤੀ ਗਈ।ਇਸ ਮੌਕੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਤਨਵੰਤ ਸਿੰਘ, ਪਰਮਜੀਤ ਸਿੰਘ ਚੰਢੋਕ, ਗੁਰਬਚਨ ਸਿੰਘ ਚੀਮਾ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਹਰਜਿੰਦਰ ਸਿੰਘ, ਜੀਤ ਸਿੰਘ, ਬੀਬੀ ਧੀਰਜ ਕੌਰ, ਗੁਰਮੀਤ ਸਿੰਘ ਮੀਤਾ ਅਤੇ ਅਕਾਲੀ ਆਗੂ ਵਿਕ੍ਰਮ ਸਿੰਘ ਵੀ ਮੌਜ਼ੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media