
ਨਵੀਂ ਦਿੱਲੀ, 16 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਦੇ ਮੁਖੀ ਨੂੰ ਦੋਸ਼-ਮੁਕਤ ਕੀਤੇ ਜਾਣ ਦੇ ਕੀਤੇ ਗਏ ਗੁਰਮੱਤੇ ਨੂੰ ਅੱਜ ਸਿੰਘ ਸਾਹਿਬਾਨ ਵਲੋਂ ਰੱਦ ਕਰ ਦਿੱਤੇ ਜਾਣ ਦਾ ਜੋ ਫੈਸਲਾ ਕੀਤਾ ਗਿਆ ਹੈ, ਉਸਦਾ ਸੁਆਗਤ ਕਰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਕਿਹਾ ਕਿ ਸਿੰਘ ਸਾਹਿਬਾਨ ਨੇ ਗੁਰੂੁ ਪੰਥ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਜੋ ਇਹ ਫੈਸਲਾ ਕੀਤਾ ਹੈ, ਉਸਨੇ ਸਾਬਤ ਕਰ ਦਿੱਤਾ ਹੈ ਕਿ ਸਿੱਖੀ ਵਿੱਚ ਗੁਰੂ ਪੰਥ ਨੂੰ ਉੱਚ ਸਥਾਨ ਅਤੇ ਮਾਣ ਪ੍ਰਾਪਤ ਹੈ।ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੇ ਆਪਣੇ ਅੱਜ ਦੇ ਗੁਰਮੱਤੇ ਵਿੱਚ ਸਪਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਦੇ ਖਿਮਾਂ ਜਾਚਨਾ ਦੇ ਆਏ ਪਤੱਰ ਪੁਰ ਸਿੰਘ ਸਾਹਿਬਾਨ ਵਲੋਂ ਜੋ ਫੈਸਲਾ ਕੀਤਾ ਗਿਆ, ਉਸਦੇ ਸਬੰਧ ਵਿੱਚ ਆਈਆਂ ਬੇਨਤੀਆਂ, ਉਨ੍ਹਾਂ ਵਿੱਚ ਪੰਥ ਦੀਆਂ ਜਿਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੋਇਆ ਸੀ, ਉਨ੍ਹਾਂ ਦਾ ਸਨਮਾਨ ਕਰਦਿਆਂ ਸਿੰਘ ਸਾਹਿਬਾਨ ਵਲੋਂ ਉਹ (24 ਸਤੰਬਰ ਨੂੰ ਕੀਤਾ ਗਿਆ) ਗੁਰਮੱਤਾ ਰੱਦ ਕਰ ਦਿੱਤਾ ਗਿਆ। ਸ. ਰਾਣਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਿੰਘ ਸਾਹਿਬਾਨ ਨੇ ਸਿੱਖਾਂ ਦੀਆਂ ਭਾਵਨਾਵਾਂ ਅਤੇ ਬੇਨਤੀਆਂ ਨੂੰ ਪ੍ਰਵਾਨ ਕਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸੇ ਨੂੰ ਬਖਸ਼ੇ ਮਾਣ ਨੂੰ ਪ੍ਰਵਾਨ ਕਰ ਲਿਆ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਦੋਸ਼ ਮੁਕਤ ਕੀਤੇ ਜਾਣ ਦੇ ਕੀਤੇ ਗਏ ਫੈਸਲੇ ਕਾਰਣ ਸਿੱਖ ਜਗਤ ਵਿੱਚ ਰੋਸ ਪੈਦਾ ਹੋ ਗਿਆ ਸੀ, ਉਹ ਹੁਣ ਸ਼ਾਂਤ ਹੋ ਜਾਏਗਾ।
Punjab Post Daily Online Newspaper & Print Media