Friday, March 20, 2026

ਅਕਾਲੀ ਦਲ ਤੋਂ ਮੋਂਟੀ ਦਾ ਅਸਤੀਫਾ ਹੋਇਆ ਮਨਜ਼ੂਰ

Gurbachan Singh Cheemaਨਵੀਂ ਦਿੱਲੀ, 17 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮੋਂਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਦਿੱਤੇ ਗਏ ਅਸਤੀਫੇ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮਨਜ਼ੂਰ ਕਰ ਲਿਆ ਹੈ।ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸ਼ਤ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਚੀਮਾ ਨੇ ਮੋਂਟੀ ਨੂੰ ਦਿੱਲੀ ਕਮੇਟੀ ਦੀ ਮੈਂਬਰੀ ਤੋਂ ਵੀ ਅਸਤੀਫਾ ਦੇਣ ਦੀ ਸਲਾਹ ਦਿੱਤੀ ਹੈ। ਚੀਮਾ ਨੇ ਕਿਹਾ ਕਿ ਮੋਂਟੀ ਬੀਤੀ ਦਿੱਲੀ ਕਮੇਟੀ ਚੋਣਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਪਹਿਰਾ ਦੇਣ ਅਤੇ ਤਖ਼ਤ ਸਾਹਿਬ ਦੀ ਮਰਿਯਾਦਾ ਦੀ ਪਾਲਣਾ ਦਾ ਵਿਕਾਸ ਪੁਰੀ ਹਲਕੇ ਦੀ ਸੰਗਤਾਂ ਨੂੰ ਭਰੋਸਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਜਿੱਤ ਕੇ ਆਏ ਸਨ।ਸੰਗਤਾਂ ਨੇ ਉਸ ਵੇਲੇ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਲਾਗੂ ਕਰਨ ਦੀ ਸੇਵਾ ਸੌਂਪੀ ਸੀ।ਪਰ ਅੱਜ ਮੋਂਟੀ ਜਿਸ ਤਰੀਕੇ ਨਾਲ ਪਾਰਟੀ ਦੇ ਅਨੁਸਾਸ਼ਨ ਅਤੇ ਪਾਰਟੀ ਵਿਚਾਰਧਾਰਾ ਨੂੰ ਠੋਕਰ ਮਾਰ ਕੇ ਚੀਚੀ ਉਂਗਲ ਤੇ ਲਹੂ ਲਾ ਕੇ ਸ਼ਹੀਦ ਹੋਣ ਦਾ ਸਵਾਂਗ ਕਰ ਰਹੇ ਹਨ ਉਹ ਸੰਗਤਾਂ ਵੱਲੋਂ ਦਿੱਤੇ ਗਏ ਜਨਾਦੇਸ਼ ਦੀ ਉਲੰਘਣਾ ਹੈ।
ਚੀਮਾ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 24 ਸਤੰਬਰ 2015 ਨੂੰ ਡੇਰਾ ਸਾਧ ਦੇ ਖਿਲਾਫ਼ ਲਏ ਗਏ ਫੈਸਲੇ ਤੇ ਮੋਂਟੀ ਜੇਕਰ ਆਪਣੀ ਕੋਈ ਰਾਇ ਰਖਣਾ ਚਾਹੁੰਦੇ ਸਨ ਤਾਂ ਇਸ ਬਾਰੇ ਉਹ ਪਾਰਟੀ ਫੋਰਮ ਤੇ ਬਾਕੀ ਪਾਰਟੀ ਕਾਰਕੁਨਾਂ ਦੀ ਤਰ੍ਹਾਂ ਵਿਚਾਰ ਰੱਖ ਸਕਦੇ ਸਨ।ਪਰ ਅਨੁਸ਼ਾਸਨ ਤੋਂ ਵਿਹੂਣੇ ਮੋਂਟੀ ਨੇ ਪਾਰਟੀ ਵਿਚਾਰਧਾਰਾ ਦੇ ਪ੍ਰਤੀ ਬਾਲਹੱਠ ਵਿਖਾਉਂਦੇ ਹੋਏ ਜਿਸ ਤਰੀਕੇ ਨਾਲ ਪਾਰਟੀ ਪ੍ਰਧਾਨ ਦੀ ਪ੍ਰੈਸ ਕਾਨਫਰੰਸ ਨੂੰ ਗਿਣੀ-ਮਿੱਥੀ ਸਾਜਿਸ਼ ਤਹਿਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਕੋਈ ਵੀ ਸ਼ਿਆਸੀ ਦਲ ਬਰਦਾਸ਼ਤ ਨਹੀਂ ਕਰ ਸਕਦਾੈ।ਮੋਂਟੀ ਵੱਲੋਂ ਆਪਣੇ ਆਪ ਨੂੰ ਪੰਥ ਦਰਦੀ ਦੱਸੇ ਜਾਣ ਬਾਰੇ ਚੀਮਾਂ ਨੇ ਕਿਹਾ ਕਿ ਅਕਾਲੀ ਦਲ ਦਾ ਹਰ ਕਾਰਕੁਨ ਪੰਥਦਰਦੀ ਹੈ ਤੇ ਉਸ ਨੂੰ ਇਸ ਗਲ ਦੀ ਪ੍ਰਮਾਣਿਕਤਾ ਵਾਸਤੇ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ।ਚੀਮਾ ਨੇ ਪਾਰਟੀ ਕਾਰਕੁਨਾਂ ਅਤੇ ਸੰਗਤ ਦੀ ਰਾਇ ਸਦਕਾ ਹੀ ਡੇਰਾ ਮੁਖੀ ਬਾਰੇ ਫੈਸਲਾ ਵਾਪਸ ਲੈਣ ਬਾਰੇ ਸਿੰਘ ਸਾਹਿਬਾਨਾਂ ਉਪਰ ਦਬਾਅ ਪੈਦਾ ਹੋਣ ਵੱਲ ਵੀ ਇਸ਼ਾਰਾ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply