Monday, April 6, 2026

ਗੁਰੂ-ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਸੁਚੇਤ ਹੋ ਕੇ ਪਹਿਰਾ ਦੇਣ- ਗਿ: ਗੁਰਬਚਨ ਸਿੰਘ

ਪਸ਼ਚਾਤਾਪ ਵਜੋਂ ਸੰਗਤ ਪੰਜ ਜਪੁਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰੇ

G. Gurbachan S11a

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਜੋ ਦਰਦਨਾਕ ਘਟਨਾਵਾਂ ਗੁਰੂ-ਘਰਾਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵਾਪਰ ਰਹੀਆਂ ਹਨ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰੰ ਭਾਰੀ ਸੱਟ ਵੱਜ ਰਹੀ ਹੈ, ਜੋ ਅਸਹਿ ਹੈ।ਇਨ੍ਹਾਂ ਘਟਨਾਵਾਂ ਕਾਰਨ ਹੀ ਦੋ ਸਿੰਘ ਸ਼ਹੀਦ ਹੋ ਗਏ ਹਨ, ਜੋ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਕਾਫੀ ਸਿੰਘ ਫੱਟੜ ਵੀ ਹੋਏ ਹਨ।ਜਿਸ ਕਾਰਨ ਸਿੱਖਾਂ ਦੇ ਹਿਰਦੇ ਵੰਲੂਧਰੇ ਗਏ ਹਨ।ਇਸ ਸਮੇਂ ਵਿਚ ਜੋ ਕਾਫੀ ਥਾਵਾਂ ਪੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਇਹ ਵੀ ਕਿਸੇ ਪੰਥ ਦੋਖੀ ਦੀ ਵੱਡੀ ਚਾਲ ਹੈ। ਜਸ ਨੂੰ ਇਸ ਨਾਜ਼ਕ ਸਮੇਂ ਵਿਚ ਸਮਝਣ ਦੀ ਲੋੜ ਹੈ। ਸਮੇਂ ਦੀ ਲੋੜ ਅਨੁਸਾਰ ਹਰ ਗੁਰੂ-ਘਰ ਦੇ ਗ੍ਰੰਥੀ ਅਤੇ ਗੁਰੂ-ਘਰਾਂ ਦੀਆਂ ਕਮੇਟੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਗੁਰੂ-ਘਰਾਂ ਵਿਚ ਸੁਚੇਤ ਹੋ ਕੇ ਪਹਿਰਾ ਦੇਣ। ਜਿਸ ਨਾਲ ਸ਼ਰਾਰਤੀ ਅਨਸਰਾਂ ਉਪਰ ਕਾਬੂ ਪਾਇਆ ਜਾ ਸਕੇ। ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਡੇਰੇ ਜਾਂ ਸੰਗਤਾਂ ਨੇ ਆਪਣੇ ਘਰਾਂ ਵਿਚ ਸਤਿਕਾਰ ਨਾਲ ਸੁਸ਼ੋਭਿਤ ਕੀਤੇ ਹਨ ਤਾਂ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਵੀ ਤਤਪਰ ਰਹਿਣ। ਜੇਕਰ ਕੋਈ ਅਣਗਹਿਲੀ ਕਰਦਾ ਹੈ ਤਾਂ ਉਸ ਉਪਰ ਸਖ਼ਤੀ ਨਾਲ ਐਕਸ਼ਨ ਲਿਆ ਜਾਵੇਗਾ।
ਸੂਬਾ ਸਰਕਾਰ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਜਿਥੇ ਕਿਤੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਅਸਥਾਨਾਂ ਦੇ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਿਬੜਣ ਦੇ ਆਦੇਸ਼ ਕੀਤੇ ਜਾਣ ਅਤੇ ਸੰਗਤਾਂ ਦੋਸ਼ੀਆਂ ਨੂੰ ਕਾਬੂ ਕਰਨ ਵਾਸਤੇ ਪ੍ਰਸ਼ਾਸ਼ਨ ਦਾ ਸਹਿਯੋਗ ਵੀ ਕਰਨ ਅਤੇ ਅਮਨ ਸ਼ਾਂਤੀ ਬਣਾਈ ਰੱਖਣ। ਬੇਸ਼ੱਕ ਸਿੱਖਾਂ ਦਰਮਿਆਨ ਰਾਜਨੀਤਕ ਜਾਂ ਵਿਚਾਰਕ ਵਖਰੇਵੇਂ ਹੋ ਸਕਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੂੰਹ ਸਿੱਖਾਂ ਦੇ ਇਸ਼ਟ ਹਨ। ਸੋ ਉਹਨਾਂ ਦੇ ਸਨਮਾਨ ਲਈ ਆਪਸੀ ਮੱਤਭੇਦ ਭੁਲਾ ਕੇ ਇਕਜੁਟਤਾ ਦਾ ਸੰਕਲਪ ਲੈਣਾ ਚਾਹੀਦਾ ਹੈ।ਇਨ੍ਹਾਂ ਵਾਪਰੀਆਂ ਦੁਖਦਾਈ ਘਟਨਾਵਾਂ ਉਪਰ ਸਿਆਸੀ ਲੋਕ ਆਪਣੀ ਸਿਆਸਤ ਨਾ ਕਰਨ ਸਗੋਂ ਸਿਆਸਤ ਤੋਂ ਉਪਰ ਉੱਠ ਕੇ ਦੋਸ਼ੀਆਂ ਨੂੰ ਫੜਾਉਣ ਵਿਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਹਰ ਪਿੰਡ, ਮਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ 24 ਘੰਟੇ ਦੇ ਪਹਿਰੇ ਨੂੰ ਯਕੀਨੀ ਬਣਾਇਆ ਜਾਵੇ। ਹਰ ਨਗਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਤੇ ਪ੍ਰਚਾਰ ਕਮੇਟੀ ਕਾਇਮ ਕਰਕੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇ, ਉਸ ਦੀ ਜਾਣਕਾਰੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।
ਇਸ ਨਾਜ਼ੁਕ ਸਮੇਂ ਵਿਚ ਹਰ ਗੁਰਸਿੱਖ ਜੋ ਬਾਣੀ ਪੜ੍ਹ ਸਕਦਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਪਸ਼ਚਾਤਾਪ ਵਜੋਂ ਅਤੇ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜ ਜਪੁਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰੇ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply