ਨਵੀਂ ਦਿੱਲੀ, 19 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਲਰ ਟੀ.ਵੀ. ਚੈਨਲ ਤੇ ਚਲਦੇ ਬਿਗ-ਬਾਸ ਪ੍ਰੋਗਰਾਮ ਵਿੱਚ ਗੁਰਬਾਣੀ ਦੀ ਦੁਰਵਰਤੋਂ ਤੇ 100 ਕਰੋੜ ਹਰਜਾਨੇ ਦਾ ਕਾਨੂੰਨੀ ਨੋਟਿਸ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਆਪਣੇ ਵਕੀਲ ਰਾਹੀਂ ਇਹ ਨੋਟਿਸ ਵਾਈਕਾਮ 18 ਮੀਡੀਆ ਅਤੇ ਇੰਡੇਮੋਲ ਇੰਡੀਆ ਪ੍ਰਾਈਵੇਟ ਲਿਮਿਟੇਡ ਕੰਪਨੀਆਂ ਦੇ ਮੈਨੇਜਿੰਗ ਡਾਈਰੈਕਟਰ ਨੂੰ ਭੇਜਿਆ ਗਿਆ ਹੈ। 11 ਅਕਤੂਬਰ ਨੂੰ ਪ੍ਰਸਾਰਿਤ ਹੋਏ ਐਪੀਸੋਡ ਵਿੱਚ ਪ੍ਰੋਗਰਾਮ ਵਿਚ ਭਾਗ ਲੈ ਰਹੇ ਪ੍ਰਿੰਸ ਨਰੂਲਾ ਨਾਂ ਦੇ ਭਾਗੀਦਾਰ ਵੱਲੋਂ ਗੁਰਬਾਣੀ ਦੀ ਤੁੱਕ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਦੀ ਗਲਤ ਵਿਆਖਿਆ ਅਗਰ ਕੋਈ ਪੰਜਾਬੀ ਸੇ ਪੰਗਾ ਲੇ ਤੋ ਉਸਕੀ ਫਾੜ ਦੇਤੇ ਹੈਂ ਦਾ ਹਵਾਲਾ ਦਿੰਦੇ ਹੋਏ ਕਮੇਟੀ ਵੱਲੋਂ ਪ੍ਰਿੰਸ ਦੀ ਇਸ ਸ਼ਬਦਾਵਲੀ ਨੂੰ ਗੈਰਜਿੰਮੇਵਾਰ, ਪੰਥ ਦੇ ਮਾਨ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਬਿਨਾ ਤੱਥਾਂ ਦੀ ਪੜਤਾਲ ਕੀਤੇ ਗੁਰਬਾਣੀ ਦੀ ਵਰਤੋਂ ਸਦਕਾ ਧਾਰਮਿਕ ਭਾਵਨਾਵਾਂ ਦੇ ਭੜਕਨ ਦਾ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ। ਦੋਨੋਂ ਕੰਪਨੀਆਂ ਵੱਲੋਂ ਸੰਸਾਰ ਭਰ ਵਿੱਚ ਵਸਦੇ ਲੋਕਾਂ ਤਕ ਪ੍ਰਸਾਰਿਤ ਕੀਤੇ ਗਏ ਉਕਤ ਪ੍ਰੋਗਰਾਮ ਵਿੱਚ ਗੁਰਬਾਣੀ ਦੀ ਗਲਤ ਵਿਆਖਿਆ ਕਰਨ ਦੇ ਕਾਰਨ ਪੈਦਾ ਹੋਏ ਹਲਾਤਾ ਸਦਕਾ ਦੰਗੇ ਭੜਕਨ ਦਾ ਵੀ ਖਦਸਾ ਕਮੇਟੀ ਵੱਲੋਂ ਜਤਾਇਆ ਗਿਆ ਹੈ। ਭਾਰਤੀ ਕਾਨੂੰਨ ਦੀ ਧਾਰਾ 153 ਏ, 295 ਏ ਤੇ 499 ਤਹਿਤ ਅਪਰਾਧ ਹੋਣ ਦਾ ਵੀ ਨੋਟਿਸ ਵਿੱਚ ਹਵਾਲਾ ਦਿੱਤਾ ਗਿਆ ਹੈ। ਨੋਟਿਸ ਪ੍ਰਾਪਤੀ ਦੇ ਤਿੰਨ ਦਿਨਾਂ ਦੇ ਅੰਦਰ ਸਿੱਖ ਕੌਮ ਦੀ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਵੱਜੋਂ 100 ਕਰੋੜ ਰੁਪਏ ਹਰਜਾਨਾ ਦੇਣ ਜਾਂ ਪ੍ਰੋਗਰਾਮ ਦੌਰਾਨ ਇਸ ਸੰਬੰਧ ਵਿੱਚ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਵੀ ਨਿਰਮਾਤਾ ਕੰਪਨੀ ਨੂੰ ਸਲਾਹ ਦਿੱਤੀ ਗਈ ਹੈ। ਮੰਗ ਨਾ ਮੰਨਣ ਦੀ ਦਿਸ਼ਾ ਵਿੱਚ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਜਾਰੀ ਰਖਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media