Wednesday, July 22, 2026

ਨਾਮਜ਼ੱਦ ਮੈਂਬਰ ਦੋਬਲੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵੱਜੋਂ ਅਸਤੀਫਾ

PPN2010201511

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰ ਸਵਿੰਦਰ ਸਿੰਘ ਦੋਬਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵੱਜੋਂ ਅਸਤੀਫਾ ਦੇ ਦਿੱਤਾ ਹੈ।ਇੱਕ ਜਾਰੀ ਪ੍ਰੈਸ ਨੋਟ ਵਿੱਚ ਉਨਾਂ ਕਿਹਾ ਹੈ ਕਿ ਪਿਛਲੇ ਕੁੱਝ ਦਿਨਾਂ ਵਿੱਚ ਵਾਪਰੇ ਘਟਨਾਕ੍ਰਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਰਧਾ ਰੱਖਣ ਵਾਲੇ ਹਰੇਕ ਸਿੱਖ ਨੂੰ ਆਤਮਿਕ ਤੌਰ ‘ਤੇ ਝੰਜੋੜ੍ਹ ਕੇ ਰੱਖ ਦਿੱਤਾ ਹੈ।ਗੁਰੂ ਗ੍ਰੰਥ ਅਤੇ ਪੰਥ ਦੀ ਸਰਵਉੱਚਤਾ ਵਿਚ ਵਿਸ਼ਵਾਸ ਰੱਖਦਾ ਹੋਣ ਕਾਰਨ ਮੇਰੀ ਅੰਤਰ-ਆਤਮਾ ਅਥਾਹ ਪੀੜ੍ਹਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ।
ਉਨਾਂ ਕਿਹਾ ਕਿ ਪੰਥ ਦੀ ਸਰਵਉੱਚ ਸੰਸਥਾ ਤਖਤ ਸਾਹਿਬਾਨ ਦੀ ਅਗਵਾਈ ਕਰ ਰਹੇ ਜਥੇਦਾਰਾਂ ਦੀ ਬਾਂਹ ਮਰੋੜ੍ਹ ਕੇ ਜਿਸ ਤਰ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੀ ਗਈ ਤੇ ਮੁੜ੍ਹ ਕੇ ਰੱਦ ਕੀਤੀ ਗਈ, ਇਸ ਸਾਰੇ ਵਰਤਾਰੇ ਨੇ ਜਾਂਬਾਜ਼ ਸਿੱਖ ਕੌਮ ਦੀ ਸਥਿਤੀ ਪੂਰੇ ਵਿਸ਼ਵ ਅੱਗੇ ਹਾਸੋਹੀਣੀ ਕਰ ਦਿੱਤੀ ਹੈ।ਇਸ ਤੋਂ ਵੀ ਵੱਡਾ ਕਹਿਰ ਸਾਡੀ ਕੌਮ ‘ਤੇ ਉਸ ਵੇਲੇ ਵਾਪਰਿਆ ਜਦ ਸਾਡੇ ਇਸ਼ਟ, ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ।ਜ਼ੁਲਮ ਦੀ ਇੰਤਹਾ ਹੋ ਗਈ ਜਦੋਂ ਇਸ ਬੇਅਦਬੀ ਦਾ ਸ਼ੋਕ ਮਨਾ ਰਹੀਆਂ ਗੁਰੂ-ਨਾਮ ਜਪਦੀਆ ਸੰਗਤਾਂ ਉੱਪਰ ਪੰਜਾਬ ਦੇ ਹੁਕਮਰਾਨਾਂ ਨੇ ਪੁਲਿਸ ਰਾਹੀਂ ਗੋਲੀਆਂ ਚਲਾ ਕੇ, ਲਾਠੀਆਂ ਵਰ੍ਹਾਂ ਕੇ ਅਤੇ ਅੱਥਰੂ ਗੈਸ ਦੇ ਗੋਲੇ ਚਲਾ ਕੇ ਆਪਣਾ ਔਰੰਗਜ਼ੇਬੀ ਰੂਪ ਵਿਖਾਇਆ।ਉਹਨਾਂ ਦੇ ਇਸ ਜ਼ਾਲਮ ਕਾਰੇ ਨੇ ਕੌਮ ਦੇ ਦੋ ਕੀਮਤੀ ਹੀਰੇ ਨੌਜਵਾਨ ਸਦਾ ਲਈ ਖੋਹ ਲਏ ਅਤੇ ਸੈਂਕੜ੍ਹੇ ਸਿੱਖ ਜ਼ਖਮੀ ਹਾਲਾਤਾਂ ਵਿਚ ਜ਼ੇਰੇ-ਇਲਾਜ ਹਨ।ਲਗਾਤਾਰ ਹੋਈਆ ਅਤੇ ਹੋ ਰਹੀਆਂ ਇਹਨਾਂ ਸ਼ਰਮਨਾਕ ਘਟਨਾਵਾਂ ਨੇ ਸਮੁੱਚੇ ਵਿਸ਼ਵ ਵਿਚ ਵੱਸਦੇ ਸਿੱਖਾਂ ਦੇ ਦਿਲਾਂ ‘ਤੇ ਗਹਿਰੀ ਸੱਟ ਮਾਰੀ ਹੈ।ਉਨਾਂ ਕਿਹਾ ਕਿ ਅਜਿਹੇ ਔਖੇ ਸਮੇਂ ਵਿਚ, ਜਦ ਸਾਰੀ ਕੌਮ ਬੜ੍ਹੇ ਹੀ ਨਾਜ਼ੁਕ ਅਤੇ ਸਿਤਮ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਕੌਮੀ ਹਿੱਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਮੈਂਬਰੀ ਦੇ ਅਹੁਦੇ ‘ਤੋਂ ਰੋਸ ਵੱਜੋਂ ਅਸਤੀਫਾ ਦਿੱਤਾ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply