
ਹੁਸ਼ਿਆਰਪੁਰ, 21 ਅਕਤੂਬਰ (ਸਤਵਿੰਦਰ ਸਿੰਘ) ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਜੁੱਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਸੰਪੰਨ ਹੋ ਗਿਆ।ਇਸ ਦੌਰਾਨ ਤਿੰਨ ਦਿਨ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਸਜਾਏ ਗਏ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਤਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਕਲਗੀਧਰ ਚਰਨ ਪਾਵਨ ਅਤੇ ਇਸਤਰੀ ਸਤਸੰਗ ਸਭਾ ਦੇ ਜਥਿਆਂ ਵੱਲੋਂ ਧੁਰ ਕੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।ਪੰਥ ਪ੍ਰਸਿੱਧ ਵਿਦਵਾਨ ਭਾਈ ਅਮਰੀਕ ਸਿੰਘ ਚੰਡੀਗੜ੍ਹ, ਭਾਈ ਜਸਵਿੰਦਰ ਸਿੰਘ ਦਰਦੀ, ਭਾਈ ਕਰਨੈਲ ਸਿੰਘ ‘ਗਰੀਬ’ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਨਾ ਕੇਵਲ ਸਿੱਖ ਕੌਮ ਸਗੋਂ ਸਮੁੱਚੀ ਮਾਨਵਤਾ ਨੂੰ ਏਕਤਾ ਦੇ ਸੂਤਰ ਵਿੱਚ ਪਰੋਇਆ ਪਰ ਅਜੋਕੇ ਸਮੇਂ ਅੰਦਰ ਪੰਥ ਵਿਰੋਧੀ ਤਾਕਤਾਂ ਪੰਥਕ ਏਕਤਾ ਨੂੰ ਖੇਰੂੰ-ਖੇਰੂੰ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੋਈਆਂ ਪਈਆਂ ਹਨ ਇਸੇ ਦੌਰਾਨ ਕੌਮ ਦੀ ਨੌਜਵਾਨੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਰਾਹੀਂ ਮਾਰ ਮੁਕਾਉਣ ਅਤੇ ਕੌਮੀ ਗੈਰਤ ਨੂੰ ਖਤਮ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹ ਲੋਕ ਭੁੱਲ ਗਏ ਸ਼ੇਰ ਮਰਿਆ ਨਹੀਂ ਕੇਵਲ ਸੁੱਤਾ ਹੋਇਆ ਹੈ, ਜੋ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਕੋਝੀਆਂ ਹਰਕਤਾਂ ਤੋਂ ਬਾਅਦ ਜਾਗ ਕੇ ਆਪਣੀ ਡਿਊਟੀ ਨਿਭਾਉਣ ਲਈ ਤਿਆਰ ਬਰ ਤਿਆਰ ਹੋ ਰਿਹਾ ਹੈ।ਉਨ੍ਹਾਂ ਨੌਜਵਾਨਾਂ ਨੂੰਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦ੍ਰਿੜ ਇੱਛਾ ਸ਼ਕਤੀ ਨਾਲ ਛੁਟਕਾਰਾ ਪਾ ਕੇ ਦੇਸ਼ ਕੌਮ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ।
ਭਾਈ ਬਲਦੇਵ ਸਿੰਘ ਵਡਾਲਾ ਮੁੱਖੀ ਸਿੱਖ ਸਦਭਾਵਨਾ ਦਲ ਨੇ ਜੁੱਗੋ-ਜੁੱਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੋਂ ਜਾਣੂ ਕਰਵਾਉਂਦਿਆਂ ਮਨੁੱੱਖਤਾ ਦੇ ਭਲੇ ਲਈ ਸ਼ਬਦ ਗੁਰੂ ਦੇ ਸਿਧਾਂਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਉਨ੍ਹਾਂ ਅਜੋਕੇ ਬਣੇ ਹਾਲਤਾਂ ਲਈ ਸਿੱਖ ਸੰਗਤਾਂ ਨੂੰ ਪੂਰਨ ਤੌਰ ‘ਤੇ ਸੁਚੇਤ ਰਹਿੰਦਿਆਂ ਗੁਰਦੁਆਰਾ ਸਾਹਿਬਾਨ ਦੀ ਪਹਿਰੇਦਾਰੀ ਕਰਨ ਅਤੇ ਪੰਥ ਦੀ ਵਾਗਡੋਰ ਸੂਝਵਾਨ ਗੁਰਸਿੱਖਾਂ ਅਤੇ ਪੰਥ ਦਰਦੀਆਂ ਨੂੰ ਸੌਂਪਣ ਲਈ ਆਤਮ ਮੰਥਨ ਕਰਨ ਦੀ ਅਪੀਲ ਕੀਤੀ।ਪੰਥ ਪ੍ਰਸਿੱਧ ਵਿਦਵਾਨ ਭਾਈ ਜਸਵਿੰਦਰ ਸਿੰਘ ‘ਦਰਦੀ’ ਨੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਸੰਪੂਰਨਤਾ ਕਰਵਾਉਣ ਉਪਰੰਤ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਉਣ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪ ਕੇ ‘ਗੁਰੂ ਮਾਨਿਓ ਗ੍ਰੰਥ’ ਦੇ ਕੀਤੇ ਗਏ ਇਲਾਹੀ ਹੁਕਮ ਅਨੁਸਾਰ ਦੇਹਧਾਰੀ ਗੁਰੂ ਡੰਮ ਨੂੰ ਨਕਾਰ ਕੇ ਕੇਵਲ ਤੇ ਕੇਵਲ ਸ਼ਬਦ ਗੁਰੂ ਦੇ ਲੜ ਲੱਗਣ ਦਾ ਹੁਕਮ ਕੀਤਾ।ਸਮਾਗਮ ਦੇ ਆਖਰੀ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ. ਵਰਿੰਦਰ ਸਿੰਘ ਬਾਜਵਾ ਸਾਬਕਾ ਮੈਂਬਰ ਰਾਜ ਸਭਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਕਮੇਟੀ ਮੈਂਬਰ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ।ਇਸ ਮੌਕੇ ਸ. ਸੁਰਜੀਤ ਸਿੰਘ ਕਾਲਕਟ, ਹਰਦਿਆਲ ਸਿੰਘ, ਗੁਰਬਚਨ ਸਿੰਘ, ਬੀਬੀ ਬਲਦੇਵ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।ਮੰਚ ਸੰਚਾਲਨ ਭਾਈ ਕੁਲਦੀਪ ਸਿੰਘ ਨੇ ਕੀਤਾ।ਸਮਾਗਮ ਦੌਰਾਨ ਗੁਰੂ ਕੇ ਲੰਗਰ ਅੱਤੁਟ ਵਰਤਾਏ ਗਏੇ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media